ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 25 ਸਤੰਬਰ
ਸ਼੍ਰੋਮਣੀ ਸਾਹਿਤਕਾਰ ਕਹਾਣੀਕਾਰ ਅਤਰਜੀਤ ਸਰਕਾਰੀ ਹਾਈ ਸਕੂਲ ਭਾਗੂ ਵਿਖੇ ਵਿਦਿਆਰਥੀਆਂ ਦੇ ਰੂਬਰੂ ਹੋਏ। ਉਨ੍ਹਾਂ ਸੱਭਿਆਚਾਰ ਦੀਆਂ ਵੱਖ-ਵੱਖ ਪਰਤਾਂ ਬਾਰੇ ਆਪਣੇ ਸੰਬੋਧਨ ਰਾਹੀਂ ਵਿਸਥਾਰਤ ਚਰਚਾ ਕੀਤੀ।
ਉਨ੍ਹਾਂ ਨੇ ਕਿਰਤ ਨਾਲ ਜੋੜ ਕੇ ਸੱਭਿਆਚਾਰ ਦੀ ਵਿਆਖਿਆ ਕਰਦਿਆਂ ਤਿੰਨ ਤਰ੍ਹਾਂ ਦੇ ਸੱਭਿਆਚਾਰ ਦੀ ਗੱਲ ਕੀਤੀ। ਉਨ੍ਹਾਂ ਦੱਸਿਆ ਕਿ ਪਹਿਲਾ ਸੱਭਿਆਚਾਰ ਹੱਥੀ ਬਣਾਈਆਂ, ਸਿਰਜੀਆਂ ਜਾਂ ਪੈਦਾ ਕੀਤੀਆਂ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਵਰਤੀਆਂ ਜਾਣ ਵਾਲੀਆ ਵਸਤਾਂ ਦੇ ਸ਼ਿਲਪ (ਭਾਵ ਕਲਾ) ਦਾ ਸੱਭਿਆਚਾਰ ਹੈ। ਉਨ੍ਹਾਂ ਕਿਹਾ ਕਿ ਦੂਜਾ ਸਾਡਾ ਸਮਾਜਿਕ ਸੱਭਿਆਚਾਰ ਹੈ ਤੇ ਤੀਜਾ ਬੌਧਿਕ ਭਾਵ ਗਿਆਨ ਦਾ ਸੱਭਿਆਚਾਰ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਲੁੱਟ ਪ੍ਰਧਾਨ ਸਮਾਜ ਵਿੱਚ ਜਿੱਥੇ ਭਗਤ ਸਿੰਘ, ਸਰਾਭਿਆਂ ਵਾਲੀ ਆਜ਼ਾਦੀ ਨੂੰ ਅਸੀਂ ਅੱਜ ਵੀ ਤਰਸੇ ਹੋਏ ਹਾਂ। ਉਨ੍ਹਾਂ ਆਖਿਆ ਕਿ ਤਿੰਨ ਤਰ੍ਹਾਂ ਦੇ ਸੱਭਿਆਚਾਰ ਨੂੰ ਖ਼ਤਮ ਕੀਤਾ ਜਾ ਰਿਹਾ ਹੈ। ਉਨ੍ਹਾਂ ਆਪਣੇ ਗੌਰਵਮਈ ਵਿਰਸੇ, ਸੱਭਿਆਚਾਰ ਅਤੇ ਇਤਿਹਾਸ ਤੋਂ ਪ੍ਰੇਰਨਾ ਲੈਣ ’ਤੇ ਜ਼ੋਰ ਦਿੱਤਾ। ਉਨ੍ਹਾਂ ਪ੍ਰੇਰਣਾ ਦਿੱਤੀ ਕਿ ਚੰਗੇ ਇਨਸਾਨ ਬਣਨ ਲਈ ਪੁਸਤਕਾਂ ਨਾਲ ਜੁੜੋ।