ਮਨੋਜ ਸ਼ਰਮਾ
ਬਠਿੰਡਾ, 12 ਦਸੰਬਰ
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪੀਐੱਚਡੀ ਕਰ ਰਹੀ ਰਿਸਰਚ ਸਕਾਲਰ ਮਿਸ ਦੀਪਾਲੀ ਗੋਇਲ ਨੇ ਸਖ਼ਤ ਮਿਹਨਤ ਕਰ ਕੇ ਗੂੰਗੇ ਤੇ ਬਹਿਰੇ ਵਿਅਕਤੀਆਂ(ਦਿਵਿਆਂਗ ਜਨ) ਦੀ ਜ਼ਿੰਦਗੀ ਨੂੰ ਸੁਖਾਲਾ ਬਣਾਉਣ ਲਈ ਇੱਕ ਵਿਸ਼ੇਸ਼ ਸਾਫ਼ਟਵੇਅਰ ਤਿਆਰ ਕੀਤਾ ਹੈ, ਜਿਸ ਕਾਰਨ ਹੁਣ ਅੰਗਰੇਜ਼ੀ ਦੀ ਸੈਨਤਾਂ ਬਹਿਰੇ ਗੂੰਗੇ ਵੀ ਸਮਝਣਗੇ। ਇਹ ਸਾਫ਼ਟਵੇਅਰ ਕੰਪਿਊਟਰ ਵਿਭਾਗ ਦੇ ਰਿਸਰਚ ਸੈਂਟਰ ਵੱਲੋਂ ਵਿਸ਼ਵ ਅਪੰਗਤਾ ਦਿਵਸ ਮੌਕੇ 3 ਦਸੰਬਰ 2020 ਨੂੰ ਰਿਲੀਜ਼ ਕੀਤਾ ਜਾ ਚੁੱਕਾ ਹੈ। ਬਠਿੰਡਾ ਕਾਰਪੋਰੇਸ਼ਨ ਦਫ਼ਤਰ ਵਿਚੋਂ ਸੇਵਾ ਮੁਕਤ ਹੋਏ ਐਕਸੀਅਨ ਆਰ.ਕੇ ਸਿੰਗਲਾ ਦੀ ਧੀ ਮਿਸ ਦੀਪਾਲੀ ਨੇ ਦੱਸਿਆ ਕਿ ਗਾਈਡ ਡਾ. ਵਿਸ਼ਾਲ ਗੋਇਲ ਅਤੇ ਕੋ-ਗਾਈਡ ਡਾ. ਲਲਿਤ ਗੋਇਲ ਨੇ ਇਸ ਸਾਫ਼ਟਵੇਅਰ ਨੂੰ ਬਣਾਉਣ ਲਈ ਉਸ ਸਮੇਤ ਐੱਮਫ਼ਿਲ/ਐਮਟੈੱਕ ਸਕਾਲਰ ਅਮਨਦੀਪ ਕੌਰ, ਗੁਰਦੀਪ ਕੌਰ ਅਤੇ ਅੰਗਰੇਜ਼ੀ ਨੂੰ ਭਾਰਤੀ ਸੰਕੇਤਿਕ ਭਾਸ਼ਾ ਵਿੱਚ ਬਦਲਣ ਦੀ ਮਾਹਿਰ ਕ੍ਰਿਸ਼ਮਾ ਨੂੰ ਕੰਮ ਸੌਂਪਿਆ ਸੀ। ਜਿਸ ਨੂੰ ਪੂਰੀ ਟੀਮ ਤੋਂ ਗਾਈਡਲਾਈਨ ਲੈਂਦੇ ਹੋਏ ਦਿਨ ਰਾਤ ਦੀ ਭਾਰੀ ਮੁਸ਼ੱਕਤ ਤੋਂ ਬਾਅਦ ਤਿਆਰ ਕੀਤਾ ਗਿਆ।