ਸ਼ਗਨ ਕਟਾਰੀਆ
ਬਠਿੰਡਾ, 10 ਅਕਤੂਬਰ
ਮਾਲਵਾ ਜ਼ੋਨ ਪ੍ਰਾਈਵੇਟ ਬੱਸ ਅਪਰੇਟਰਜ਼ ਐਸੋਸੀਏਸ਼ਨ ਨੇ ਖੁਦ ਨੂੰ ਛੋਟੇ ਟਰਾਂਸਪੋਰਟਰ ਬਿਆਨਦਿਆਂ ਪੰਜਾਬ ਸਰਕਾਰ ਤੋਂ ‘ਮਿਹਰ’ ਦੀ ਨਜ਼ਰ ਮੰਗੀ ਹੈ। ਐਸੋਸੀਏਸ਼ਨ ਦੇ ਕਨਵੀਨਰ ਬਲਤੇਜ ਸਿੰਘ ਵਾਂਦਰ ਦੀ ਪ੍ਰਧਾਨਗੀ ’ਚ ਇਥੇ ਹੋਈ ਬੱਸ ਅਪਰੇਟਰਾਂ ਦੀ ਮੀਟਿੰਗ ਵਿੱਚ ਟਰਾਂਸਪੋਰਟਰਾਂ ਨੇ ਇੱਕ ਸੁਰ ਹੋ ਕੇ ਸਰਕਾਰ ਵੱਲੋਂ ਬੱਸ ਟਰਾਂਸਪੋਰਟਰਾਂ ’ਤੇ ਕਸੇ ਸ਼ਿਕੰਜੇ ਨੂੰ ਲੈ ਕੇ ਬੇਨਤੀ ਕੀਤੀ ਕਿ ਛੋਟੇ ਅਪਰੇਟਰਾਂ ਨੂੰ ‘ਵੱਡੇ ਘਰਾਂ’ ਦੀ ਟਰਾਂਸਪੋਰਟ ਨਾਲ ਜੋੜ ਕੇ ਨਾ ਵੇਖਿਆ ਜਾਵੇ। ਉਨ੍ਹਾਂ ਦੁਹਾਈ ਦਿੱਤੀ ਕਿ ਛੋਟੇ ਅਪਰੇਟਰਾਂ ਦੀਆਂ ਬੱਸਾਂ ਬੰਦ ਨਾ ਕੀਤੀਆਂ ਜਾਣ ਕਿਉਂਕਿ ਉਹ ਤਾਂ 14 ਸਾਲਾਂ ਤੋਂ ਵੱਡਿਆਂ ਦੇ ਰਗੜੇ ਹੋਏ ਹਨ। ਉਨ੍ਹਾਂ ਕਿਹਾ ਕਿ ‘ਵੱਡੇ’ ਤੇ ‘ਛੋਟੇ’ ਟਰਾਂਸਪੋਰਟਰਾਂ ਦੀਆਂ ਬੱਸਾਂ ਦੇ ਟਾਈਮ ਟੇਬਲ ਵਿੱਚ ਜੋ ਅਸਮਾਨਤਾ ਹੈ, ਉਹ ਦੂਰ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਕਰੋਨਾ ਕਾਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਵਾਧੇ ਕਾਰਣ ਛੋਟੇ ਅਪਰੇਟਰਾਂ ਦੀਆਂ ਬੱਸਾਂ ਦੇ ਚੱਕੇ ਜਾਮ ਹੋ ਕੇ ਰਹਿ ਗਏ। ਰਹਿੰਦੀ ਕਸਰ ਸਰਕਾਰੀ ਬੱਸਾਂ ’ਚ ਔਰਤਾਂ ਨੂੰ ਮੁਫ਼ਤ ਸਫ਼ਰ ਦੀ ਸਹੂਲਤ ਮਿਲਣ ਨਾਲ ਪੂਰੀ ਹੋ ਗਈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਟੈਕਸ ਨੂੰ ਤਰਕਸੰਗਤ ਬਣਾ ਕੇ, ਛੋਟੇ ਕਾਰੋਬਾਰੀਆਂ ਨੂੰ ਟੈਕਸ ਭਰਨ ਦੇ ਯੋਗ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਛੋਟੇ ਅਪਰੇਟਰਾਂ ’ਤੇ ਸਖ਼ਤੀ ਕਰਕੇ ਬੱਸਾਂ ਨਾ ਫੜੇ ਅਤੇ ਟਾਈਮ ਟੇਬਲ ਨੂੰ ਠੀਕ ਕੀਤਾ ਜਾਵੇ।