ਪੱਤਰ ਪ੍ਰੇਰਕ
ਬਠਿੰਡਾ, 12 ਸਤੰਬਰ
ਪੰਜਾਬ ਯੂਨੀਵਰਸਿਟੀ ਦੇ ਗ੍ਰੈਜੂਏਟ ਹਲਕਿਆਂ ਦੀਆਂ ਸੈਨੇਟ ਚੋਣਾਂ ਦੀ ਨਵੀਂ ਤਰੀਕ 26 ਸਤੰਬਰ ਦੇ ਦਿਨ ਨਿਸ਼ਚਿਤ ਕੀਤੀ ਗਈ ਹੈ। ਮਾਨਯੋਗ ਹਾਈ ਕੋਰਟ ਦੇ ਦਖ਼ਲ ਨਾਲ ਇਹ ਚੋਣ ਦੀ ਨਵੀਂ ਤਰੀਕ 26 ਸਤੰਬਰ ਤੈਅ ਕੀਤੀ ਗਈ ਹੈ। ਚੋਣਾਂ ਦੇ ਐਲਾਨ ਤੋਂ ਤੁਰੰਤ ਬਾਅਦ ਬਠਿੰਡਾ ਸਥਿਤ ਨਰੇਸ਼ ਗੌੜ ਦੇ ਸਮਰਥਕ ਮੁੜ ਸਰਗਰਮ ਹੋ ਗਏ ਹਨ। ਇਨ੍ਹਾਂ ਦੀ ਹੰਗਾਮੀ ਮੀਟਿੰਗ ਕਾਰਜਕਾਰੀ ਇੰਜਨੀਅਰ ਜਗਦੇਵ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਟੀਚਰਜ਼ ਹੋਮ ਬਠਿੰਡਾ ਵਿਖੇ ਹੋਈ, ਜਿਸ ਵਿੱਚ ਬੈਂਕ ਮੁਲਾਜ਼ਮ, ਪ੍ਰੋਫੈਸਰ, ਬੁਧੀਜੀਵੀ, ਲਿਖਾਰੀਆਂ ਨੇ ਭਾਗ ਲਿਆ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਜਿਨ੍ਹਾਂ ਵੋਟਰਾਂ ਨਾਲ ਪਹਿਲਾਂ ਸੰਪਰਕ ਕੀਤਾ ਗਿਆ ਸੀ ਉਨ੍ਹਾਂ ਤੱਕ ਮੁੜ ਪਹੁੰਚ ਕੀਤੀ ਜਾਵੇ। ਮੀਟਿੰਗ ਵਿੱਚ 14 ਸਤੰਬਰ ਅਤੇ 19 ਸਤੰਬਰ ਨੂੰ ਭਰਵੀਆਂ ਮੀਟਿੰਗਾਂ ਕਰਕੇ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ।