ਧਰਮਪਾਲ ਸਿੰਘ ਤੂਰ
ਸੰਗਤ ਮੰਡੀ, 25 ਅਕਤੂਬਰ
ਥਾਣਾ ਸੰਗਤ ਨੇ ਬਠਿੰਡਾ-ਡੱਬਵਾਲੀ ਰੋਡ ’ਤੇ ਨਾਕੇ ਦੌਰਾਨ ਸਕਾਰਪੀਓ ਵਿੱਚ ਸਵਾਰ ਤਿੰਨ ਨਸ਼ਾ ਤਸਕਰਾਂ ਨੂੰ ਤਿੰਨ ਕਿੱਲੋ ਹੈਰੋਇਨ ਸਮੇਤ ਕਾਬੂ ਕੀਤਾ। ਥਾਣਾ ਸੰਗਤ ਦੇ ਮੁੱਖ ਅਫ਼ਸਰ ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਪੁਲੀਸ ਚੌਕੀ ਇੰਚਾਰਜ ਸਹਾਇਕ ਥਾਣੇਦਾਰ ਹਰਬੰਸ ਸਿੰਘ ਮਾਨ ਦੀ ਅਗਵਾਈ ਵਾਲੀ ਪੁਲੀਸ ਪਾਰਟੀ, ਜਿਸ ਵਿੱਚ ਸੀਨੀਅਰ ਸਿਪਾਹੀ ਜਗਜੀਤ ਸ਼ਰਮਾ, ਕੁਲਵੰਤ ਸਿੰਘ, ਨਾਜਰ ਸਿੰਘ ਸ਼ਾਮਲ ਸਨ, ਨਾਕਾ ਡੂੰਮਵਾਲੀ ਤੋਂ ਹੁੰਦੇ ਹੋਏ ਪਿੰਡ ਪਥਰਾਲਾ ਨੇੜੇ ਸ਼ੱਕੀ ਵਾਹਨਾਂ ਦੀ ਜਾਂਚ ਕਰ ਰਹੀ ਸੀ। ਇਸ ਦੌਰਾਨ ਮੰਡੀ ਡੱਬਵਾਲੀ (ਹਰਿਆਣਾ) ਵੱਲੋਂ ਆਈ ਸਕਾਰਪੀਓ ਪੀਬੀ08-ਬੀਡੀ 9080 ਨੂੰ ਸ਼ੱਕ ਦੇ ਅਧਾਰ ’ਤੇ ਰੋਕਿਆ ਤੇ ਸੀਟ ਦੇ ਥੱਲੇ ਹੈਰੋਇਨ ਨਜ਼ਰ ਆਈ, ਜਿਸ ਦੀ ਸੂਚਨਾ ਤੁਰੰਤ ਪੁਲੀਸ ਕੰਟਰੋਲ ਰੂਮ ਨੂੰ ਦਿੱਤੀ ਗਈ ਅਤੇ ਮੌਕੇ ’ਤੇ ਪਹੁੰਚੇ ਨਰਿੰਦਰ ਸਿੰਘ ਡੀਐੱਸਪੀ ਬਠਿੰਡਾ ਦਿਹਾਤੀ ਦੀ ਹਾਜ਼ਰੀ ’ਚ ਜਦੋਂ ਗੱਡੀ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ ਵੱਖ ਵੱਖ ਤਿੰਨ ਲਿਫ਼ਾਫਿਆਂ ’ਚ ਰੱਖੀ ਤਿੰਨ ਕਿਲੋ ਹੈਰੋਇਨ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਹੈਰੋਇਨ ਸਮੇਤ ਕਾਬੂ ਕੀਤੇ ਵਿਅਕਤੀਆਂ ਦੀ ਪਛਾਣ ਅਸ਼ਵਨੀ ਕੁਮਾਰ ਵਾਸੀ ਸਲੇਮਪੁਰ ਥਾਣਾ ਮੈਹਤੀਆਣਾ ਜ਼ਿਲ੍ਹਾ ਹੁਸ਼ਿਆਰਪੁਰ, ਸਾਹਿਲ ਮੱਟੂ ਉਰਫ ਰੋਬਿਨ ਕਠੂਆ (ਜੰਮੂ ਕਸ਼ਮੀਰ) ਅਤੇ ਅਜੈਬੀਰ ਸਿੰਘ ਉਰਫ਼ ਬਿੱਲੂ ਤਰਨਤਾਰਨ ਵਜੋਂ ਹੋਈ ਹੈ। ਰਾਜਸਥਾਨ ਦੇ ਜੈਸਲਮੇਰ ਬਾਰਡਰ ਤੋਂ ਲਿਆਂਦੀ ਹੈਰੋਇਨ ਦੀ ਅੰਤਰਰਾਸ਼ਟਰੀ ਮਾਰਕੀਟ ’ਚ ਕੀਮਤ 15 ਤੋਂ 20 ਕਰੋੜ ਰੁਪਏ ਹੈ।