ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 8 ਦਸੰਬਰ
ਸਦਾਬਹਾਰ ਨਾਵਲ ‘ਗੋਰੀ’ ਦੇ ਲੇਖਕ ਗੁਰਦੇਵ ਸਿੰਘ ਰੁਪਾਣਾ ਦੇ ਫੁੱਲਾਂ ਦੀ ਰਸਮ ਉਪਰੰਤ ਪਰਿਵਾਰ ਵੱਲੋਂ ਕੀਤੇ ਫੈਸਲੇ ਅਨੁਸਾਰ ਉਨ੍ਹਾਂ ਦੀ ਅੰਤਮ ਅਰਦਾਸ ਪਿੰਡ ਰੁਪਾਣਾ ਦੇ ਵੱਡੇ ਗੁਰਦੁਆਰੇ ਵਿੱਚ ਕੀਤੀ ਜਾਵੇਗੀ। ਸ੍ਰੀ ਰੁਪਾਣਾ ਦੇ ਪੁੱਤਰ ਪ੍ਰੀਤਪਾਲ ਰੁਪਾਣਾ ਨੇ ਦੱਸਿਆ ਕਿ ਰੁਪਾਣਾ ਜੀ ਦੇ ਵੱਡੀ ਗਿਣਤੀ ਪਾਠਕਾਂ ਅਤੇ ਸਾਥੀ ਲੇਖਕਾਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਸਾਰਿਆਂ ਦੇ ਮਸ਼ਵਰੇ ਨਾਲ ਹੀ ਅੰਤਿਮ ਅਰਦਾਸ ਲਈ 14 ਦਸੰਬਰ ਦਾ ਦਿਨ ਤੈਅ ਕੀਤਾ ਗਿਆ ਹੈ।
ਗੁਰਦੇਵ ਸਿੰਘ ਰੁਪਾਣਾ ਨੂੰ ਸ਼ਰਧਾਂਜਲੀ ਭੇਂਟ
ਬਠਿੰਡਾ (ਪੱਤਰ ਪ੍ਰੇਰਕ): ਪੰਜਾਬੀ ਦੇ ਸਿਰਮੌਰ ਕਹਾਣੀਕਾਰ ਗੁਰਦੇਵ ਸਿੰਘ ਰੁਪਾਣਾ ਦੇ ਵਿਛੋੜੇ ਨਾਲ ਬਠਿੰਡੇ ਦੇ ਸਾਹਿਤਕ ਹਲਕਿਆਂ ਵਿੱਚ ਗਮ ਅਤੇ ਦੁੱਖ ਦੀ ਲਹਿਰ ਫੈਲ ਗਈ ਹੈ। ਪ੍ਰੈੱਸ ਸਕੱਤਰ ਅਮਨ ਦਾਤੇਵਾਸੀਆ ਨੇਦੱਸਿਆ ਕਿ ਗੁਰਦੇਵ ਰੁਪਾਣਾ ਦੇ ਵਿਛੋੜੇ ’ਤੇ ਬਠਿੰਡਾ ਦੇ ਸਮੂਹ ਲੇਖਕਾਂ, ਸਾਹਿਤ ਸਭਾਵਾਂ ਨੇ ਸ਼ੋਕ ਪ੍ਰਗਟਾਇਆ ਹੈ। ਸਾਹਿਤ ਕਲਾ ਤਾਲਮੇਲ ਕਮੇਟੀ ਬਠਿੰਡਾ ਦੇ ਕਨਵੀਨਰ ਜਸਪਾਲ ਮਾਨਖੇੜਾ, ਕੋ-ਕਨਵੀਨਰਾਂ ਸੁਰਿੰਦਰ ਪ੍ਰੀਤ ਘਣੀਆਂ, ਅਮਰਜੀਤ ਜੀਤ, ਕਰਨੈਲ ਸਿੰਘ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪੰਜਾਬੀ ਸਾਹਿਤ ਸਭਾ ਰਜਿ. ਬਠਿੰਡਾ ਦੇ ਪ੍ਰਧਾਨ ਜੇਸੀ ਪਰਿੰਦਾ, ਸਾਹਿਤ ਸਭਿਆਚਾਰ ਮੰਚ ਦੇ ਪ੍ਰਧਾਨ ਅਤਰਜੀਤ, ਸਾਹਿਤ ਜਾਗ੍ਰਤੀ ਸਭਾ ਦੇ ਜਨਰਲ ਸਕੱਤਰ ਤਰਸੇਮ ਬਸ਼ਰ, ਸਾਹਿਤ ਸਿਰਜਣਾ ਮੰਚ ਦੇ ਜਨਰਲ ਸਕੱਤਰ ਭੁਪਿੰਦਰ ਸੰਧੂ, ਟੀਚਰਜ਼ ਹੋਮ ਟਰੱਸਟ ਦੇ ਪ੍ਰਧਾਨ ਗੁਰਬਚਨ ਸਿੰਘ ਮੰਦਰਾਂ ਨੇ ਵੀ ਰੁਪਾਣਾ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ।