ਜੋਗਿੰਦਰ ਸਿੰਘ ਮਾਨ
ਮਾਨਸਾ, 2 ਸਤੰਬਰ
ਮੀਂਹ ਨੇ ਮਾਲਵਾ ਖੇਤਰ ਵਿਚ ਨਰਮੇ ਦੀ ਅਗੇਤੀ ਚੁਗਾਈ ਦਾ ਕਾਰਜ ਠੱਲ੍ਹ ਦਿੱਤਾ ਹੈ। ਨਰਮੇ ਦਾ ਚੰਗਾ ਭਾਅ ਹੋਣ ਕਾਰਨ ਕਿਸਾਨ ਖਿੜ੍ਹੇ ਹੋਏ ਨਰਮੇ ਦੀਆਂ ਫੁੱਟੀਆਂ ਫੜਨ ਵਿਚ ਐਂਤਕੀ ਕਾਹਲ ਕਰ ਰਿਹਾ ਹੈ। ਇਸ ਮੀਂਹ ਨੂੰ ਖੇਤੀ ਵਿਭਾਗ ਦੇ ਮਾਹਿਰ ਕਿਸਾਨਾਂ ਲਈ ਚੰਗਾ ਦੱਸ ਰਹੇ ਹਨ, ਪਰ ਕਿਸਾਨ ਇਸ ਤੋਂ ਡਰਨ ਲੱਗੇ ਹਨ। ਅੱਜ ਸ਼ਾਮ ਸਮੇਂ ਆਏ ਇਸ ਮੀਂਹ ਨੇ ਖੇਤਾਂ ਵਿਚ ਨਰਮਾ ਚੁੱਗਦੇ ਮਜ਼ਦੂਰਾਂ ਦਾ ਕੰਮ ਬੰਦ ਕਰਵਾ ਦਿੱਤਾ ਹੈ।
ਅਨੇਕਾਂ ਥਾਵਾਂ ’ਤੇ ਇਹ ਮੀਂਹ ਬੇਸ਼ੱਕ ਹਲਕਾ ਸੀ, ਪਰ ਕਈ ਥਾਵਾਂ ਉਪਰ ਭਰਵੇਂ ਮੀਂਹ ਨੇ ਨਰਮੇ ਦੇ ਚਿੱਟੇ ਫੁੱਟਾਂ ਨੂੰ ਭਿਉਂ ਧਰਿਆ ਹੈ। ਖੇਤਾਂ ਵਿਚ ਚੁਗਾਈ ਦਾ ਕਾਰਜ ਬੰਦ ਹੋਣ ਤੋਂ ਬਾਅਦ ਕਿਸਾਨਾਂ ਨੂੰ ਵਾਪਸ ਘਰਾਂ ਵਿਚ ਆਉਣਾ ਪਿਆ ਹੈ। ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਮੀਂਹ ਕਾਰਨ ਭਿੱਜੇ ਨਰਮੇ ਨੂੰ ਅਜੇ ਦੋ ਦਿਨ ਹੋਰ ਨਹੀਂ ਚੁੱਗਿਆ ਜਾ ਸਕਦਾ ਹੈ। ਮੌਸਮ ਵਿਚ ਸਿੱਲ੍ਹ ਹੋਣ ਕਾਰਨ ਕਈ ਦਿਨਾਂ ਤੋਂ ਖਿੜਵੀਂ ਧੁੱਪ ਨਹੀਂ ਨਿਕਲ ਰਹੀ ਹੈ। ਇਸ ਮੀਂਹ ਸਦਕਾ ਅਗੇਤੇ ਨਰਮੇ ਦੇ ਬੂਟੇ ਭਾਰ ਕਾਰਨ ਭੁੰਜੇ ਲਟਕ ਗਏ ਹਨ। ਅਨੇਕਾਂ ਥਾਵਾਂ ’ਤੇ ਨਰਮੇ ਦੇ ਬੂਟੇ ਟੇਢੇ ਹੋ ਗਏ ਹਨ, ਜਿਨ੍ਹਾਂ ਦੀਆਂ ਜੜ੍ਹਾਂ ਹਿੱਲਣ ਦਾ ਡਰ ਕਿਸਾਨਾਂ ਨੂੰ ਸਤਾਉਣ ਲੱਗਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਮੀਂਹ ਕਾਰਨ ਨਰਮੇ ਦੇ ਫੁੱਟ ਭਿੱਜਕੇ ਭਾਰੀ ਹੋ ਜਾਂਦੇ ਹਨ, ਜੋ ਨਰਮੇ ਦੇ ਬੂਟੇ ਨੂੰ ਥੱਲੇ ਝੁਕਣ ਲਈ ਮਜਬੂਰ ਕਰ ਦਿੰਦੇ ਹਨ। ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਵੇਲੇ ਨਰਮੇ ਦੀ ਫ਼ਸਲ ਨੂੰ ਮੀਂਹਾਂ ਦਾ ਨੁਕਸਾਨ ਹੋ ਸਕਦਾ ਹੈ, ਕਿਉਂਕਿ ਸਿੱਲ੍ਹੇ ਮੌਸਮ ਵਿਚ ਅਨੇਕਾਂ ਤਰ੍ਹਾਂ ਦੇ ਕੀੜੇ-ਮਕੌੜੇ ਪੈਦਾ ਹੋ ਜਾਂਦੇ ਹਨ, ਜਿੰਨ੍ਹਾਂ ਨੂੰ ਰੋਕਣ ਲਈ ਅਨੇਕਾਂ ਕਿਸਮ ਦੀਆਂ ਸਪਰੇਆਂ ਦਾ ਛਿੜਕਾਅ ਕਰਨਾ ਪੈਦਾ ਹੈ। ਖੇਤੀ ਵਿਗਿਆਨੀਆਂ ਦਾ ਇਹ ਵੀ ਕਹਿਣਾ ਹੈ ਕਿ ਇਸ ਵੇਲੇ ਬੀ.ਟੀ ਨਰਮੇ ਦੀ ਫ਼ਸਲ ਨੂੰ ਜਿੰਨੀਆਂ ਤੇਜ਼ ਧੁੱਪਾਂ ਲੱਗਣਗੀਆਂ, ਉਨਾਂ ਹੀ ਇਹ ਨਰਮਾ ਛੇਤੀ ਖਿੜ੍ਹਕੇ ਖੇਤ ਵਿਹਲੇ ਕਰਨਗੇ। ਉਧਰ ਜਿਹੜੀਆਂ ਥਾਵਾਂ ’ਤੇ ਤੇਜ਼ ਅਤੇ ਜ਼ਿਆਦਾ ਮੀਂਹ ਪਿਆ ਹੈ, ਉਸ ਖੇਤਰ ਦੇ ਕਿਸਾਨ ਝੋਨੇ ਉਪਰਲੇ ਬੂਰ ਝੜਨ ਤੋਂ ਵੀ ਘਬਰਾਹਟ ਵਿਚ ਆ ਗਏ ਹਨ। ਖੇਤੀਬਾੜੀ ਵਿਭਾਗ ਮਾਨਸਾ ਦੇ ਜ਼ਿਲ੍ਹਾ ਅਫ਼ਸਰ ਡਾ. ਮਨਜੀਤ ਸਿੰਘ ਦਾ ਕਹਿਣਾ ਹੈ ਕਿ ਅੱਜ-ਕੱਲ੍ਹ ਦਿਨ ਵੇਲੇ ਤੇਜ਼ ਧੁੱਪਾਂ ਹੀ ਸਾਉਣੀ ਦੀਆਂ ਸਾਰੀਆਂ ਫ਼ਸਲਾਂ ਦੇ ਪਕਾਅ ਲਈ ਲਾਹੇਵੰਦ ਮੰਨੀਆਂ ਜਾਂਦੀਆਂ ਹਨ ਅਤੇ 15 ਸਤੰਬਰ ਤੱਕ ਪਿਆ ਮੀਂਹ ਹਰ ਫਸਲ ਲਈ ਘਿਓ ਵਾਂਗ ਕੰਮ ਕਰੇਗਾ।
ਐਤਕੀ ਨਰਮੇ ਤੇ ਝੋਨੇ ਦਾ ਝਾੜ ਵਧਣ ਦੀ ਆਸ
ਬਠਿੰਡਾ (ਪੱਤਰ ਪ੍ਰੇਰਕ): ਖੇਤੀ ਮਾਹਿਰ ਡਾ. ਮਨਜੀਤ ਸਿੰਘ ਨੇ ਕਿਹਾ ਕਿ ਇਸ ਵਾਰ ਝੋਨੇ ਅਤੇ ਨਰਮੇ ਦੀ ਫ਼ਸਲ ਦਾ ਝਾੜ ਪਿਛਲੇ ਵਰ੍ਹੇ ਦੇ ਮੁੁਕਾਬਲੇ ਵੱਧ ਹੋਣ ਦੀ ਉਮੀਦ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਸਮੇਂ ਮੌਸਮ ਲਗਾਤਾਰ ਗਰਮ ਤੇ ਸਿੱਲ੍ਹਾ ਚੱਲ ਰਿਹਾ ਹੈ। ਜ਼ਿਲ੍ਹੇ ਵਿੱਚ ਨਰਮੇ ਦੀ ਫਸਲ ਉਪਰ ਕੁਝ ਖੇਤਾਂ ਵਿੱਚ ਚਿੱਟੀ ਮੱਖੀ ਅਤੇ ਤੇਲੇ ਦਾ ਹਮਲਾ ਵੇਖਣ ਵਿੱਚ ਮਿਲਿਆ ਹੈ ਜੋ ਆਰਥਿਕ ਕਾਗਾਰ ਤੋਂ ਘੱਟ ਹੈ। ਇਸੇ ਤਰ੍ਹਾਂ ਬਠਿੰਡਾ, ਸੰਗਤ, ਮੌੜ ਅਤੇ ਤਲਵੰਡੀ ਸਾਬੋ ਦੇ ਕੁਝ ਖੇਤਾਂ ਵਿੱਚ ਗੁਲਾਬੀ ਸੁੰਡੀ ਦਾ ਹਮਲਾ ਆਰਥਿਕ ਕਾਗਾਰ ਤੋਂ ਵੱਧ ਪਾਇਆ ਗਿਆ। ਇਸ ਤੋਂ ਇਲਾਵਾ ਨਰਮੇ ਦੀ ਫ਼ਸਲ ਦਾ ਵੱਧ ਝਾੜ ਲੈਣ ਲਈ 2 ਪ੍ਰਤੀਸ਼ਤ ਪੋਟਾਸ਼ੀਅਮ ਨਾਈਟਰੇਟ (13:0:45) ਦਾ ਫੁੱਲਾਂ ਦੇ ਸ਼ੁਰੂ ਹੋਣ ਤੋਂ ਲੈ ਕੇ ਇਕ ਹਫਤੇ ਦੇ ਵਕਫੇ ਤੇ ਚਾਰ ਵਾਰ ਛਿੜਕਾਅ ਕਰਨ ਲਈ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਦੀ ਸਪਰੇਅ ਮਾੜੇ ਪਾਣੀ ਨਾਲ ਨਾ ਕੀਤੀ ਜਾਵੇ। ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਲਗਾਤਾਰ ਆਪਣੇ ਖੇਤਾਂ ਦਾ ਸਰਵੇਖਣ ਕਰਦੇ ਰਹਿਣ ਅਤੇ ਖੇਤੀਬਾੜੀ ਵਿਭਾਗ ਨਾਲ ਲਗਾਤਾਰ ਰਾਬਤਾ ਬਣਾ ਕੇ ਰੱਖਣ।