ਮਨੋਜ ਸ਼ਰਮਾ
ਬਠਿੰਡਾ, 15 ਨਵੰਬਰ
ਇੱਥੇ ਅੱਜ ਦੁਪਹਿਰੇ ਪਏ ਮੀਂਹ ਤੇ ਗੜਿਆਂ ਨਾਲ ਸ਼ਹਿਰ ਜਲ-ਥਲ ਹੋ ਗਿਆ। ਮੀਂਹ ਕਾਰਨ ਅਸਮਾਨੀਂ ਚੜ੍ਹੇ ਪਰਾਲੀ ਦੇ ਧੂੰਏਂ ਅਤੇ ਪ੍ਰਦੂਸ਼ਣ ਤੋਂ ਸ਼ਹਿਰ ਵਾਸੀਆਂ ਨੂੰ ਵੱਡੀ ਰਾਹਤ ਮਿਲੀ। ਬਠਿੰਡਾ ਦੇ ਆਸ-ਪਾਸ ਦੇ ਪੇਂਡੂ ਖੇਤਰ ਵਿੱਚ ਹਲਕੀ ਕਿਣਮਿਣ ਕਾਣੀ ਦੇਖਣ ਨੂੰ ਮਿਲੀ। ਬੀਕੇਯੂ ਉਗਰਾਹਾਂ ਦੇ ਆਗੂ ਜਗਸੀਰ ਸਿੰਘ ਨੇ ਦੱਸਿਆ ਕਿ ਅੱਜ ਮੀਂਹ ਕਾਰਨ ਖੇਤਰ ਵਿੱਚ ਕਣਕਾਂ ਕਰੰਡ ਹੋਣ ਦੀ ਕੋਈ ਖ਼ਬਰ ਨਹੀਂ ਪਰ ਮੌੜ ਹਲਕੇ ਦੇ ਪਿੰਡ ਕੋਟਲੀ ਦੇ ਕਿਸਾਨ ਸੁਖਜੀਤ ਸਿੰਘ ਦਾ ਕਹਿਣਾ ਹੈ ਕਿ ਸੰਗਤ ਖੇਤਰ ਵਿੱਚ ਹਲਕੀ ਬਾਰਸ਼ ਦੇ ਨਾਲ ਤੇਜ਼ ਹਵਾਵਾਂ ਵਗਦੀਆਂ ਰਹੀਆਂ।
ਟੱਲੇਵਾਲ (ਲਖਵੀਰ ਸਿੰਘ ਚੀਮਾ): ਬਰਨਾਲਾ ਜ਼ਿਲ੍ਹੇ ਵਿੱਚ ਮੀਂਹ ਅਤੇ ਗੜੇ ਪੈਣ ਨਾਲ ਜਿੱਥੇ ਠੰਡ ਵਧ ਗਈ, ਉੱਥੇ ਇਸ ਨਾਲ ਕਿਸਾਨਾਂ ਦੀਆਂ ਮੁਸ਼ਕਲਾਂ ਵੀ ਵਧ ਗਈਆਂ ਹਨ। ਐਤਵਾਰ ਬਾਅਦ ਦੁਪਹਿਰ ਮੀਂਹ ਦੇ ਨਾਲ ਹੋਈ ਗੜੇਮਾਰੀ ਕਾਰਨ ਹਜ਼ਾਰਾਂ ਏਕੜ ਕਣਕ ਸਮੇਤ ਹੋਰਨਾਂ ਫਸਲਾਂ ਦੇ ਨੁਕਸਾਨ ਦਾ ਖ਼ਦਸ਼ਾ ਬਣ ਗਿਆ ਹੈ। ਬਰਨਾਲਾ ਜ਼ਿਲ੍ਹੇ ਦੇ ਅਨੇਕਾਂ ਪਿੰਡਾਂ ਵਿੱਚ ਅੱਜ ਤੇਜ਼ ਹਵਾ ਦੇ ਨਾਲ ਮੀਂਹ ਅਤੇ ਗੜੇਮਾਰੀ ਹੋਈ। ਇਸ ਕਾਰਨ ਕਣਕ ਦੀ ਫ਼ਸਲ ਨੂੰ ਵੱਡਾ ਨੁਕਸਾਨ ਹੋਇਆ ਹੈ। ਖੇਤੀਬਾੜੀ ਵਿਭਾਗ ਦੇ ਡਿਪਟੀ ਡਾਇਰੈਕਟਰ ਤੇ ਜ਼ਿਲ੍ਹਾ ਵਿਭਾਗ ਮੁਖੀ ਡਾ. ਬਲਦੇਵ ਸਿੰਘ ਨੇ ਕਿਹਾ ਕਿ ਜੇਕਰ ਗੜੇਮਾਰੀ ਜ਼ਿਆਦਾ ਹੋਈ ਹੈ ਤਾਂ ਇਸ ਨਾਲ ਕਣਕ ਸਮੇਤ ਸਰ੍ਹੋਂ, ਚਾਰੇ ਤੇ ਸਬਜ਼ੀਆਂ ਨੂੰ ਵੀ ਨੁਕਸਾਨ ਹੋ ਸਕਦਾ ਹੈ। ਇਸ ਸਬੰਧੀ ਵਿਭਾਗ ਵੱਲੋਂ ਭਲਕੇ ਪ੍ਰਭਾਵਿਤ ਪਿੰਡਾਂ ਦਾ ਮੌਕਾ ਦੇਖਿਆ ਜਾਵੇਗਾ।
ਸਾਦਿਕ (ਗੁਰਪ੍ਰੀਤ ਸਿੰਘ): ਭਾਵੇਂ ਸਰਦ ਰੁੱਤ ਦੀ ਹੋਈ ਪਹਿਲੀ ਬਾਰਿਸ਼ ਨਾਲ ਅਸਮਾਨ ਵਿੱਚ ਛਾਏ ਹੋਏ ਧੂੰਏਂ ਤੇ ਧੂੜ ਮਿੱਟੀ ਤੋਂ ਰਾਹਤ ਮਿਲੀ ਹੈ ਪਰ ਇਸ ਨੇ ਕਿਸਾਨਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਹਾੜੀ ਦੀ ਫਸਲ ਦੀ ਬਿਜਾਈ ਜ਼ੋਰਾਂ ’ਤੇ ਹੈ ਜਿਸ ਦੇ ਬਾਰਿਸ਼ ਨਾਲ ਕਰੰਡ ਹੋਣ ਦਾ ਡਰ ਬਣਿਆ ਹੋਇਆ ਹੈ। ਇਲਾਕੇ ਦੇ ਕਈ ਪਿੰਡਾਂ ਵਿੱਚ ਬਾਰਿਸ਼ ਨਾਲ ਗੜੇ ਵੀ ਪਏ ਹਨ ਜਿਸ ਨਾਲ ਸਬਜ਼ੀਆਂ ਅਤੇ ਹਰੇ ਚਾਰੇ ਦੇ ਨੁਕਸਾਨ ਦੀ ਸੰਭਾਵਨਾ ਹੈ। ਸਾਦਿਕ ਦੇ ਕਿਸਾਨ ਗੁਰਮੀਤ ਸਿੰਘ ਨੇ ਦੱਸਿਆ ਕਿ ਉਸ ਨੇ ਮਹਿੰਗੇ ਭਾਅ ਦਾ ਡੀਜ਼ਲ, ਖਾਦ ਅਤੇ ਬੀਜ ਵਰਤ ਕੇ ਇੱਕ ਦਿਨ ਪਹਿਲਾਂ 10 ਕਿੱਲੇ ਕਣਕ ਬਿਜਾਈ ਕੀਤੀ ਸੀ ਜੋ ਬਾਰਿਸ਼ ਕਾਰਨ ਨਾ ਉੱਗਣ ਦੀ ਸੂਰਤ ਵਿੱਚ ਦੁਬਾਰਾ ਬੀਜਣੀ ਪੈ ਸਕਦੀ ਹੈ। ਸਾਧੂ ਵਾਲਾ ਦੇ ਕਿਸਾਨ ਅਮਨਿੰਦਰ ਸਿੰਘ ਨੇ ਆਖਿਆ ਕਿ ਇਕ ਪਾਸੇ ਕਿਸਾਨ ਕੇਂਦਰ ਵੱਲੋਂ ਪਾਸ ਕੀਤੇ ਖੇਤੀ ਮਾਰੂ ਕਾਨੂੰਨਾਂ ਦੇ ਵਿਰੋਧ ’ਚ ਡਟੇ ਹੋਏ ਹਨ ਤੇ ਦੂਸਰੇ ਪਾਸੇ ਬਾਰਿਸ਼ ਨੇ ਫਸਲ ਦਾ ਨੁਕਸਾਨ ਕਰਕੇ ਹੋਰ ਮੁਸ਼ਕਿਲ ਵਿੱਚ ਪਾ ਦਿੱਤਾ ਹੈ।
ਜਲਾਲਾਬਾਦ (ਚੰਦਰ ਪ੍ਰਕਾਸ਼ ਕਾਲੜਾ): ਇੱਥੇ ਸਰਦ ਰੁੱਤ ਦੀ ਪਹਿਲਾ ਮੀਂਹ ਪਿਆ ਜਿਸ ਨਾਲ ਕਣਕ ਦੀ ਬਿਜਾਈ ਤੇ ਖੇਤਾਂ ’ਚ ਖੜੀ 1121 ਬਾਸਮਤੀ ਝੋਨੇ ਦੀ ਕਟਾਈ ’ਚ ਵਿਘਨ ਪੈ ਗਿਆ। ਬਰਸਾਤ ਨਾਲ ਜਿੱਥੇ ਕਿਸਾਨਾਂ ਦਾ ਕੰਮਕਾਜ ਪ੍ਰਭਾਵਤ ਹੋਇਆ ਉਥੇ ਦੂਜੇ ਪਾਸੇ ਦੀਵਾਲੀ ਦੀ ਰਾਤ ਚੱਲੀ ਆਤਸ਼ਬਾਜੀ ਦੇ ਪ੍ਰਦੂਸ਼ਣ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ।
ਨਥਾਣਾ (ਭਗਵਾਨ ਦਾਸ ਗਰਗ): ਮੀਂਹ ਨਾਲ ਤਾਪਮਾਨ ਵਿੱਚ ਇੱਕਦਮ ਗਿਰਾਵਟ ਆ ਗਈ। ਮੀਂਹ ਨਾਲ ਅਸਮਾਨੀਂ ਚੜ੍ਹਿਆ ਧੂੰਆਂ ਛਟ ਗਿਆ।
ਭਗਤਾ ਭਾਈ (ਰਾਜਿੰਦਰ ਸਿੰਘ ਮਰਾਹੜ): ਇਲਾਕੇ ਵਿੱਚ ਪਏ ਹਲਕੇ ਮੀਂਹ ਕਾਰਨ ਜਿੱਥੇ ਅਸਮਾਨੀ ਚੜ੍ਹੇ ਧੂੰਏਂ ਅਤੇ ਪ੍ਰਦੂਸ਼ਣ ਤੋਂ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ, ਉਥੇ ਕਣਕਾਂ ਕਰੰਡ ਹੋ ਗਈਆਂ।
ਭੁੱਚੋ ਮੰਡੀ (ਪਵਨ ਗੋਇਲ): ਅੱਜ ਬਾਅਦ ਦੁਪਹਿਰ ਇਲਾਕੇ ਵਿੱਚ ਹੋਈ ਹਲਕੀ ਬਰਸਾਤ ਨੇ ਲੋਕਾਂ ਨੂੰ ਅਸਮਾਨ ਵਿੱਚ ਫੈਲੇ ਹਵਾ ਪ੍ਰਦੂਸ਼ਣ ਤੋਂ ਭਾਰੀ ਰਾਹਤ ਦਿੱਤੀ ਹੈ।
ਮੱਘਰ ਦੀ ਸੰਗਰਾਂਦ ’ਤੇ ਠੰਢ ਨੇ ਜ਼ੋਰ ਫੜਿਆ
ਮੋਗਾ (ਮਹਿੰਦਰ ਸਿੰਘ ਰੱਤੀਆਂ): ਮੱਘਰ ਦੀ ਸੰਗਰਾਂਦ ਵਾਲੇ ਦਿਨ ਪਏ ਜ਼ੋਰਦਾਰ ਮੀਂਹ ਨਾਲ ਠੰਢ ਨੇ ਜੋਰ ਫੜ ਲਿਆ ਹੈ। ਸਵੇਰ ਤੋਂ ਹੀ ਠੰਡੀਆਂ ਹਵਾਵਾਂ ਚੱਲ ਰਹੀਆਂ ਹਨ ਅਤੇ ਦੁਪਿਹਰ ਬਾਅਦ ਮੀਂਹ ਤੇ ਗੜੇ ਵਰ੍ਹੇ। ਕਰੀਬ 15 ਦਿਨਾਂ ਤੋਂ ਧੂੰਏਂ ਕਰਕੇ ਦੂਸ਼ਿਤ ਵਾਤਾਵਰਨ ਵੀ ਸਾਫ਼ ਹੋ ਗਿਆ ਹੈ। ਕਿਸਾਨਾਂ ਲਈ ਮੀਂਹ ਵੱਡੀ ਮੁਸੀਬਤ ਬਣ ਗਿਆ ਹੈ। ਤਾਜਾ ਬੀਜੀ ਕਣਕ ਕਰੰਡ ਹੋਣ ਅਤੇ ਜ਼ਮੀਨ ਗਿੱਲੀ ਹੋਣ ਨਾਲ ਬਿਜਾਈ ਪਛੜ ਜਾਣ ਨਾਲ ਅੰਨਦਾਤਾ ਨੂੰ ਪ੍ਰੇਸ਼ਾਨੀ ਤੇ ਆਰਥਿਕ ਨੁਕਸਾਨ ਦੀ ਮਾਰ ਪੈ ਗਈ ਹੈ। ਹਾਲੇ ਕਿਸਾਨ ਮੰਡੀਆਂ ਵਿੱਚ ਵੀ ਝੋਨਾ ਵੀ ਪਿਆ ਹੈ। ਖੇਤੀ ਮਾਹਰ ਡਾ. ਜਸਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਸਿੱਧੀ ਬਿਜਾਈ ਵਾਲੀ ਕਣਕ ਨੂੰ ਮੀਂਹ ਗੜੇਮਾਰੀ ਦਾ ਕੋਈ ਫ਼ਰਕ ਨਹੀਂ ਪਰ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਬਾਅਦ ਵਾਹ ਕੇ ਬੀਜੀ ਕਣਕ ਦਾ ਸੁਭਾਵਿਕ ਕਰੰਡ ਹੋਵੇਗੀ।