ਮਨੋਜ ਸ਼ਰਮਾ
ਬਠਿੰਡਾ 3 ਜਨਵਰੀ
ਬਠਿੰਡਾ ਦਾ ਤਾਪਮਾਨ ਅੱਜ 2.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪੀਏਯੂ ਦੇ ਖੇਤਰੀ ਕੈਂਪਸ ਦੇ ਵਿਗਿਆਨੀਆਂ ਨੇ 4 ਜਨਵਰੀ ਤੋਂ 7 ਜਨਵਰੀ ਤਕ ਮੌਸਮ ਖ਼ਰਾਬ ਰਹਿਣ ਦੀ ਪੇਸ਼ੀਗਨੋਈ ਕੀਤੀ। ਇਸ ਦੌਰਾਨ ਹਲਕੀ ਤੋਂ ਦਰਮਿਆਨੀ ਬਾਰਸ਼ ਸਮੇਤ ਗੜੇ ਪੈਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਧੁੰਦ ਪੈਣ ਤੋਂ ਬਾਅਦ ਪਿਛਲੇ ਦਿਨਾਂ ਤੋਂ ਬਠਿੰਡਾ ਅੰਦਰ ਸੁੱਕੀ ਠੰਢ ਪੈ ਰਹੀ ਹੈ। ਉੱਤਰੀ ਭਾਰਤ ਦੇ ਵੱਡੇ ਜੰਕਸ਼ਨ ’ਤੇ ਵੱਖ ਵੱਖ ਰਾਜਾਂ ਤੋਂ ਆਉਂਦੇ ਪਰਵਾਸੀ ਮਜ਼ਦੂਰ ਕੜਾਕੇ ਦੀ ਠੰਢ ਵਿੱਚ ਫੁੱਟਪਾਥਾਂ ’ਤੇ ਸੌਣ ਲਈ ਮਜਬੂਰ ਹਨ। ਰਿਕਸ਼ਾ ਚਾਲਕਾਂ ਨੂੰ ਕੜਾਕੇ ਦੀ ਠੰਢ ਵਿੱਚ ਸਵਾਰੀਆਂ ਢੋਹਣ ਲਈ ਮਜਬੂਰ ਹੋਣਾ ਪੈਂਦਾ ਹੈ।
ਮਾਨਸਾ (ਜੋਗਿੰਦਰ ਸਿੰਘ ਮਾਨ): ਮਾਲਵੇ ਵਿੱਚ ਅੱਜ ਬਾਅਦ ਦੁਪਹਿਰ ਤੋਂ ਬੱਦਲਵਾਈ ਰਹੀ। ਮੌਸਮ ਵਿਗਿਆਨੀਆਂ ਨੇ 4 ਤੇ 5 ਜਨਵਰੀ ਨੂੰ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਮੀਂਹ ਨਾਲ ਖੁਸ਼ਕੀ ਚੁੱਕੀ ਜਾਣ ਤੋਂ ਬਾਅਦ ਬਿਮਾਰੀਆਂ ਤੋਂ ਰਾਹਤ ਮਿਲਣ ਦੀ ਆਸ ਹੈ। ਠੰਢ ਕਾਰਨ ਰੋਜ਼ਾਨਾ ਕਮਾ ਕੇ ਖਾਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਮੌਸਮ ਦੀ ਮਾਰ ਕਾਰਨ ਇੱਕ ਪਾਸੇ ਰੁਜ਼ਗਾਰ ਮਿਲਣਾ ਮੁਸ਼ਕਲ ਹੋ ਗਿਆ ਹੈ, ਦੂਜੇ ਪਾਸੇ ਪਰਿਵਾਰ ਦੇ ਪਾਲਣ-ਪੋਸ਼ਣ ਲਈ ਔਕੜਾਂ ਖੜ੍ਹੀਆਂ ਹੋ ਗਈਆਂ ਹਨ। ਝੁੱਗੀਆਂ-ਝੌਪੜੀਆਂ ਤੇ ਢਾਰਿਆਂ ਤੇ ਕੱਚੇ ਮਕਾਨਾਂ ਵਿੱਚ ਰਹਿਣ ਵਾਲੇ ਗਰੀਬਾਂ ਪਾਸ ਠੰਢ ਤੋਂ ਬਚਾਅ ਲਈ ਨਾ ਹੀ ਲੋੜੀਂਦੇ ਕੱਪੜੇ ਹਨ, ਨਾ ਹੀ ਸਿਰ ਉਤੇ ਛੱਤ ਹੈ ਅਤੇ ਨਾ ਹੀ ਘਰ ਵਿੱਚ ਰਾਸ਼ਨ ਹੈ। ਵਿਧਾਨ ਸਭਾ ਚੋਣਾਂ ਨੇੜੇ ਹੋਣ ਕਾਰਨ ਕਈ ਵਿਭਾਗਾਂ ਦੇ ਵਿਕਾਸ ਕਾਰਜ ਚੱਲਣ ਕਾਰਨ ਪਰਵਾਸੀ ਮਜ਼ਦੂਰਾਂ ਵੱਲੋਂ ਆਪਣੇ ਆਰਜੀ ਤੌਰ ’ਤੇ ਝੁੱਗੀਆਂ-ਝੌਪੜੀਆਂ ਵਿਚ ਵਸਣ ਕਾਰਨ ਸਭ ਤੋਂ ਵੱਡੀ ਤਕਲੀਫ ਦਾ ਸਾਹਮਣਾ ਕਰਨਾ ਪੈਣ ਲੱਗਿਆ ਹੈ। ਇਨ੍ਹਾਂ ਲੋਕਾਂ ਨੂੰ ਰੋਟੀ-ਟੁੱਕ ਦਾ ਆਹਰ ਕਰਨ ਲਈ ਬਾਲਣ ਦੀ ਵੀ ਤਕਲੀਫ ਖੜ੍ਹੀ ਹੋਣ ਲੱਗੀ ਹੈ, ਜਦੋਂ ਕਿ ਝੁੱਗੀਆਂ-ਝੌਪੜੀਆਂ ਨੇੜੇ ਲਾਈਟ ਦਾ ਪ੍ਰਬੰਧ ਨਾ ਹੋਣ ਕਾਰਨ ਵੀ ਦਿੱਕਤ ਬਣ ਗਈ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਦੇ ਵਿਗਿਆਨੀ ਡਾ. ਰਾਜ ਕੁਮਾਰ ਪਾਲ ਨੇ ਦੱਸਿਆ ਕਿ ਮੰਗਲਵਾਰ ਨੂੰ ਮੌਸਮ ਵਿੱਚ ਤਬਦੀਲੀ ਦੇਖਣ ਨੂੰ ਮਿਲੇਗੀ ਅਤੇ ਪੰਜਾਬ ਦੇ ਬਹੁਤੇ ਜ਼ਿਲ੍ਹਿਆਂ ਵਿੱਚ 4 ਅਤੇ 5 ਜਨਵਰੀ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਰਾਜ ਵਿੱਚ ਠੰਢ ਪੈਣ ਦੀ ਹੋਰ ਸੰਭਾਵਨਾ ਵਧ ਗਈ ਹੈ, ਕਿਉਂਕਿ ਹਿਮਾਚਲ ਦੇ ਪਹਾੜਾਂ ਵਿਚ ਭਾਰੀ ਬਾਰਸ਼ ਅਤੇ ਬਰਫ਼ਬਾਰੀ ਹੋਣ ਦੀ ਜਾਣਕਾਰੀ ਮਿਲੀ ਹੈ।