ਮਨੋਜ ਸ਼ਰਮਾ
ਬਠਿੰਡਾ, 8 ਅਪਰੈਲ
ਅੱਜ ਸਿਹਤ ਮੰਤਰੀ ਡਾਕਟਰ ਵਿਜੈ ਕੁਮਾਰ ਸਿੰਗਲਾ ਵੱਲੋਂ ਗੋਨਿਆਣਾ ਮੰਡੀ ਦੇ ਸਿਵਲ ਹਸਪਤਾਲ ਦਾ ਦੌਰਾ ਕੀਤਾ ਗਿਆ ਅਤੇ ਮਰੀਜ਼ਾਂ ਦਾ ਹਾਲ-ਚਾਲ ਜਾਣਿਆ। ਡਾਕਟਰਾਂ ਨਾਲ ਮੁਲਾਕਾਤ ਕਰਦਿਆਂ ਸਿਹਤ ਸਹੂਲਤਾਂ ਬਾਰੇ ਜਾਣਕਾਰੀ ਲਈ। ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਅਨਿਲ ਗੋਇਲ ਨੇ ਦੱਸਿਆ ਕਿ ਹਸਪਤਾਲ ਵਿਚ ਡਾਕਟਰ, ਨਰਸ ਅਤੇ ਹੋਰ ਪੈਰਾ ਮੈਡੀਕਲ ਸਟਾਫ ਦੀਆਂ ਕੁਝ ਪੋਸਟਾਂ ਖਾਲੀ ਹਨ, ਜਿਨ੍ਹਾਂ ਨੂੰ ਭਰਨ ਲਈ ਸਿਹਤ ਮੰਤਰੀ ਨੂੰ ਮੰਗ ਪੱਤਰ ਦਿੱਤਾ ਗਿਆ ਹੈ। ਮੰਤਰੀ ਨੇ ਵਿਸ਼ਵਾਸ ਦਿਵਾਇਆ ਕਿ ਉਹ ਕਿ ਜਲਦੀ ਹੀ ਹਸਪਤਾਲ ਅੰਦਰ ਆਸਾਮੀਆਂ ਭਰਨ ਤੋਂ ਇਲਾਵਾ ਹੋਰ ਸਹੂਲਤਾਂ ਵੀ ਪ੍ਰਦਾਨ ਕਰਨਗੇ। ਇਸ ਮੌਕੇ ਸਿਹਤ ਮੰਤਰੀ ਨਾਲ ਹਲਕਾ ਭੁੱਚੋ ਦੇ ਵਿਧਾਇਕ ਮਾਸਟਰ ਜਗਸੀਰ ਸਿੰਘ, ਜ਼ਿਲ੍ਹਾ ਜੁਆਇੰਟ ਸੈਕਟਰੀ ਸੁਰਿੰਦਰ ਸਿੰਘ ਬਿੱਟੂ ਅਤੇ ਜ਼ਿਲ੍ਹੇ ਦੇ ਦਿਹਾਤੀ ਪ੍ਰਧਾਨ ਡਾ. ਗੁਰਜੰਟ ਸਿੰਘ ਸਿਵੀਆ ਹਾਜ਼ਰ ਸਨ।