ਪੱਤਰ ਪ੍ਰੇਰਕ
ਬਠਿੰਡਾ 22 ਅਪਰੈਲ
ਬਠਿੰਡਾ ਲੋਕ ਸਭਾ ਤੋਂ ‘ਆਪ’ ਉਮੀਦਵਾਰ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਪੁੱਤਰ ਸੁਮੀਤ ਖੁੱਡੀਆਂ ਵੱਲੋਂ ਆਪਣੇ ਪਿਤਾ ਲਈ ਵੋਟਾਂ ਮੰਗਣ ਲਈ ਵੋਟਰਾਂ ਨਾਲ ਲਗਾਤਾਰ ਸੰਪਰਕ ਸਾਧਿਆ ਜਾ ਰਿਹਾ ਹੈ। ਬਠਿੰਡਾ ਵਿੱਚ ਜ਼ਿਲ੍ਹਾ ਕਿਸਾਨ ਵਿੰਗ ਦੇ ਪ੍ਰਧਾਨ ਪਰਮਜੀਤ ਸਿੰਘ ਕੋਟਫੱਤਾ ਅਤੇ ਸੁਮੀਤ ਖੁੱਡੀਆਂ ਨੇ ਕਿਹਾ ਕਿ ‘ਆਪ’ ਸਰਕਾਰ ਹਮੇਸ਼ਾ ਕਿਸਾਨਾਂ ਦੀ ਭਲਾਈ ਲਈ ਤੱਤਪਰ ਰਹੀ ਹੈ ਤੇ ਅੱਗੇ ਵੀ ਕਿਸਾਨਾਂ ਨੂੰ ਮੰਡੀਆਂ ਵਿੱਚ ਫਸਲ ਵੇਚਣ ਨੂੰ ਲੈ ਕੇ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਨੂੰ ਗੜੇਮਾਰੀ ਕਾਰਨ ਖਰਾਬ ਹੋਈ ਕਣਕ ਦਾ ਮੁਆਵਜ਼ਾ ਦੇਣ ਲਈ ਪੰਜਾਬ ਸਰਕਾਰ ਨਾਲ ਗੱਲ ਕਰਨਗੇ। ਉਨ੍ਹਾਂ ਕਿਹਾ ਕਿ ਮੱਧ ਵਰਗ ਨੂੰ ਰਾਹਤ ਦਿੰਦਿਆਂ 600 ਯੂਨਿਟ ਮੁਫ਼ਤ ਬਿਜਲੀ, ਮੁਹੱਲਾ ਕਲੀਨਿਕਾਂ ਤੇ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਦਵਾਈਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਰਿਸ਼ਵਤ ਤੇ ਸਿਫਾਰਸ਼ ਦੀ ਥਾਂ ਪਾਰਦਰਸ਼ੀ ਢੰਗ ਨਾਲ ਸਰਕਾਰੀ ਨੌਕਰੀਆਂ ਪ੍ਰਾਪਤ ਕਰਨ ਦਾ ਮੌਕਾ ਦੇਣ ਲਈ ਨੌਜਵਾਨ ਵਰਗ ਸਰਕਾਰ ਤੋਂ ਖੁਸ਼ ਹੈ। ਉਨ੍ਹਾਂ ਕਿਹਾ ਕਿ ਬਠਿੰਡਾ ਹਲਕਾ ਵਿਚ ਪਾਰਟੀ ਸ਼ਾਨਦਾਰ ਜਿੱਤ ਦਰਜ ਕਰਵਾਏਗੀ ਤੇ ਗੁਰਮੀਤ ਸਿੰਘ ਖੁੱਡੀਆਂ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰਨਗੇ।