ਮਨੋਜ ਸ਼ਰਮਾ
ਬਠਿੰਡਾ/ਗੋਨਿਆਨਾ ਮੰਡੀ, 16 ਮਈ
ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਅੱਜ ਥਾਣਾ ਨੇਹੀਆਂ ਵਾਲਾ ਅੱਗੇ ਥੋਕ ਪੱਧਰ ’ਤੇ ਵਿਕ ਰਹੇ ਚਿੱਟੇ ਦੇ ਸਮੱਗਲਰਾਂ ਨੂੰ ਜੇਲ੍ਹਾਂ ਵਿੱਚ ਬੰਦ ਕਰਵਾਉਣ ਲਈ ਧਰਨਾ ਦਿੱਤਾ ਗਿਆ। ਪਿੰਡ ਜੀਦਾ ਸਮੇਤ ਆਸ ਪਾਸ ਦੇ ਜੰਡਾਂਵਾਲਾ, ਹਰ ਰਾਏਪੁਰ ਆਦਿ ਪਿੰਡਾ ਵਿੱਚ ਸ਼ਰ੍ਹੇਆਮ ਵਿਕ ਰਹੇ ਨਸ਼ਿਆਂ ਤੋਂ ਦੁਖੀ ਲੋਕਾਂ ਵੱਲੋਂ ਸਰਕਾਰ ਅਤੇ ਥਾਣਾ ਨੇਹੀਆਂਵਾਲਾ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਕੇ ਤਿੱਖੇ ਰੋਹ ਅਤੇ ਰੋਸ ਦਾ ਪ੍ਰਗਟਾਵਾ ਕੀਤਾ ਗਿਆ। ਧਰਨੇ ਵਿੱਚ ਪਹੁੰਚੇ ਲੋਕਾਂ ਨੂੰ ਸਬੋਧਨ ਕਰਦੇ ਹੋਏ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਅਤੇ ਜ਼ਿਲ੍ਹਾ ਕਮੇਟੀ ਮੈਂਬਰ ਤੀਰਥ ਸਿੰਘ ਕੋਠਾ ਗੁਰੂ ਨੇ ਕਿਹਾ ਕਿ ਪੰਜਾਬ ਅੰਦਰ ਸਰਕਾਰ ਤੇ ਪੁਲੀਸ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਵਿਕ ਰਹੇ ਚਿੱਟੇ ਅਤੇ ਹੋਰ ਮਾਰੂ ਨਸ਼ਿਆ ਨੇ ਮਾਵਾਂ ਦੇ ਗੱਭਰੂ ਪੁੱਤਾਂ ਨੂੰ ਨਿਗਲ ਲਿਆ ਹੈ। ਪਰ ਆਮ ਆਦਮੀ ਦੀ ਪਾਰਟੀ ਕਹਾਉਣ ਵਾਲੀ ਮਾਨ ਸਰਕਾਰ ਹੱਥਾਂ ’ਤੇ ਹੱਥ ਧਰ ਕੇ ਚੁੱਪਚਾਪ ਬਲਦੇ ਸਿਵਿਆਂ ਵੱਲ ਦੇਖ ਰਹੀ ਹੈ। ਉਨ੍ਹਾਂ ਕਿਹਾ ਕਿ ਪਿੰਡ ਜੀਦੇ ਵਿੱਚ ਚਿੱਟੇ ਦੇ ਵਪਾਰੀ ਨਸ਼ਾ ਵੇਚ ਕੇ ਚੰਗੇ ਹੱਥ ਰੰਗ ਰਹੇ ਹਨ। ਜਿਨ੍ਹਾਂ ਬਾਰੇ ਪਹਿਲਾਂ ਵੀ ਪਿੰਡ ਦੇ ਲੋਕਾਂ ਨੇ ਥਾਣੇ ਵਿੱਚ ਉਨ੍ਹਾਂ ਦੇ ਨਾਂ ਨਸ਼ਰ ਕਰਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਗਈ ਸੀ ਪਰ ਨਸ਼ਿਆਂ ਦੇ ਵਪਾਰੀਆਂ ਦਾ ਧੰਦਾ ਰੁਕਣ ਦੀ ਬਜਾਏ ਪਹਿਲਾਂ ਨਾਲੋਂ ਵੀ ਤੇਜ਼ੀ ਫੜ ਗਿਆ ਹੈ। ਧਰਨੇ ਦੌਰਾਨ ਮਜ਼ਦੂਰ ਆਗੂ ਮਨਦੀਪ ਸਿੰਘ ਸਬਿੀਆਂ, ਕਾਕਾ ਸਿੰਘ ਜੀਦਾ ਤੇ ਮਾੜਾ ਸਿੰਘ ਕਿਲੀ ਨਿਹਾਲ ਸਿੰਘ ਵਾਲਾ ਨੇ ਕਿਹਾ ਸਮੇਂ ਦੀਆਂ ਸਰਕਾਰਾਂ ਤੇ ਪੁਲੀਸ ਦੀ ਸਰਪ੍ਰਸਤੀ ਹੇਠ ਵਿਕ ਰਹੇ ਨਸ਼ੇ ਨੇ ਇੱਕ ਪਾਸੇ ਸਮੱਗਲਰਾਂ ਦੀਆਂ ਦੌਲਤਾਂ ਵਿੱਚ ਬੇਥਾਹ ਵਾਧੇ ਕੀਤੇ ਹਨ ਅਤੇ ਦੂਜੇ ਪਾਸੇ ਨਸ਼ਿਆ ਦੀ ਲਪੇਟ ਵਿੱਚ ਆਏ ਨੌਜਵਾਨਾਂ ਦੇ ਮੱਥੇ ’ਤੇ ਨਸ਼ੇੜੀਆਂ ਅਤੇ ਚੋਰਾਂ ਦਾ ਕਲੰਕ ਲਾ ਕੇ ਉਨ੍ਹਾਂ ਨੂੰ ਸਮਾਜ ਅੰਦਰ ਨਮੋਸ਼ੀ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਕਰ ਦਿੱਤਾ ਹੈ। ਧਰਨਾਕਾਰੀਆ ਨੇ ਸਰਕਾਰ ਤੋਂ ਨਸ਼ੇ ਦੇ ਵਿਉਪਾਰੀਆਂ ਨੂੰ ਗ੍ਰਿਫ਼ਤਾਰ ਕਰਕੇ ਸਖ਼ਤ ਸਜਾਵਾਂ ਦੇਣ, ਉਨ੍ਹਾਂ ਦੀਆਂ ਜਾਇਦਾਦਾਂ ਕੁਰਕ ਕਰਨ, ਨਸ਼ੇ ਦੇ ਆਦੀ ਬਣਾਏ ਨੌਜਵਾਨਾਂ ਨਾਲ ਹਮਦਰਦੀ ਭਰਿਆ ਸਲੀਕਾ ਅਪਣਾ ਕੇ ਉਨ੍ਹਾਂ ਦਾ ਸਰਕਾਰੀ ਖਰਚੇ ’ਤੇ ਇਲਾਜ ਕਰਵਾਉਣ ਤੇ ਇਲਾਜ ਦੌਰਾਨ ਉਨ੍ਹਾਂ ਦੇ ਪਰਿਵਾਰਾਂ ਦਾ ਘਰੇਲੂ ਖਰਚਾ ਦੇਣ, ਪਿੰਡਾਂ ਵਿੱਚ ਹੋ ਰਹੀਆਂ ਚੋਰੀਆਂ ਨੂੰ ਠੱਲ੍ਹਣ ਲਈ ਪੁਲੀਸ ਦੇ ਵਿਸੇਸ਼ ਦਸਤੇ ਬਣਾਕੇ ਗਸਤ ਕਰਵਾਉਣ ਦੀ ਮੰਗ ਕੀਤੀ ਗਈ।
ਅੱਜ ਦੇ ਧਰਨੇ ਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਇਕਾਈ ਜੀਦਾ ਵੱਲੋਂ ਮਲਕੀਤ ਸਿੰਘ ਦੀ ਅਗਵਾਈ ਵਿੱਚ ਪਹੁੰਚੇ ਜੱਥੇ ਨੇ ਭਰਾਤਰੀ ਹਿਮਾਇਤ ਕਰਦਿਆਂ ਹਰ ਪੱਖੋਂ ਸਾਥ ਦੇਣ ਦਾ ਐਲਾਨ ਕੀਤਾ। ਧਰਨੇ ਦੀ ਸਮਾਪਤੀ ਮਗਰੋਂ ਡੀਐੱਸਪੀ ਸਤਵੀਰ ਸਿੰਘ ਤੇ ਐੱਸਐੱਚਓ ਨੂੰ ਮੰਗ ਪੱਤਰ ਦਿੱਤਾ ਗਿਆ। ਜਿਨ੍ਹਾਂ ਨੇ ਮੰਗਾਂ ’ਤੇ ਜਲਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਕੁਆਰਾ ਸਿੰਘ, ਸੀਰਾ ਸਿੰਘ, ਗੋਲਾ ਸਿੰਘ, ਕੇਵਲ ਸਿੰਘ, ਸਰਬਜੀਤ ਕੌਰ, ਜੀਤੋ ਕੌਰ, ਸੁਖਪ੍ਰੀਤ ਕੌਰ, ਹੰਸਾਂ ਸਿੰਘ ਆਦਿ ਆਗੂ ਵਰਕਰ ਵੀ ਧਰਨੇ ਵਿੱਚ ਸ਼ਾਮਲ ਸਨ।