ਸ਼ਗਨ ਕਟਾਰੀਆ
ਬਠਿੰਡਾ, 4 ਫ਼ਰਵਰੀ
ਬਠਿੰਡਾ (ਸ਼ਹਿਰੀ) ਹਲਕੇ ਤੋਂ ਕਾਂਗਰਸੀ ਉਮੀਦਵਾਰ ਤੇ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸ਼ਹਿਰ ਦੇ ਢਿੱਲੋਂ ਨਗਰ, ਬਲਰਾਜ ਨਗਰ, ਬਲੂਮਿੰਗ ਬਡਜ਼ ਸਕੂਲ, ਬਾਬਾ ਦੀਪ ਸਿੰਘ ਨਗਰ, ਬੈਂਕ ਕਲੋਨੀ, ਅਫ਼ੀਮ ਵਾਲੀ ਗਲੀ, ਗੁਰੂ ਗੋਬਿੰਦ ਸਿੰਘ ਨਗਰ, ਮਾਡਲ ਟਾਊਨ, ਬਸੰਤ ਬਿਹਾਰ ਸਮੇਤ ਅੱਜ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚ ਭਰਵੀਆਂ ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ ਅਤੇ ਪੰਜਾਬ ਸਰਕਾਰ ਵੱਲੋਂ ਸ਼ਹਿਰ ਦੇ ਕਰਵਾਏ ਵਿਕਾਸ ਦੇ ਨਾਂ ’ਤੇ ਵੋਟਾਂ ਮੰਗੀਆਂ।
ਇਸ ਮੌਕੇ ਸ਼ਹਿਰ ਵਾਸੀਆਂ ਵੱਲੋਂ ਸ੍ਰੀ ਬਾਦਲ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਵਿੱਤ ਮੰਤਰੀ ਨੂੰ ਇਕ ਢਾਬਾ’ ਮਾਲਕ ਦੇ ਪਰਿਵਾਰ ਵੱਲੋਂ ਕਾਜੂਆਂ ਨਾਲ ਤੋਲਿਆ ਗਿਆ। ਇਸ ਮੌਕੇ ਸ੍ਰੀ ਬਾਦਲ ਨੇ ਕਿਹਾ ਕਿ ਪੰਜਾਬ ਦੇ ਮਜ਼ਬੂਤ ਹੋਏ ਖ਼ਜ਼ਾਨੇ ਵਿੱਚੋਂ ਲੋੜਵੰਦ ਪਰਿਵਾਰਾਂ ਅਤੇ ਪੰਜਾਬ ਦੇ ਲੱਖਾਂ ਘਰਾਂ ਲਈ ਰਾਹਤ ਦੀਆਂ ਸਕੀਮਾਂ ਵੰਡੀਆਂ ਗਈਆਂ ਹਨ ਜਿਸ ਨਾਲ ਸੂਬੇ ਦੀ ਤਸਵੀਰ ਵੀ ਬਦਲੀ ਹੋਈ ਨਜ਼ਰ ਆ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਕਰਜ਼ਾ ਮੁਆਫੀ, ਬਿਜਲੀ ਦੇ ਬਕਾਏ ਮੁਆਫ਼ ਕਰਨ, ਤਿੰਨ ਰੁਪਏ ਪ੍ਰਤੀ ਯੂਨਿਟ ਬਿਜਲੀ ਸਸਤੀ ਕਰਨ, ਪੈਟਰੋਲ, ਡੀਜ਼ਲ ਸਸਤਾ ਕਰਨ ਵਰਗੇ ਇਤਿਹਾਸਕ ਫ਼ੈਸਲਿਆਂ ਨੇ ਹਰ ਵਰਗ ਨੂੰ ਰਾਹਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਬਠਿੰਡਾ ਦੇ ਵਿਕਾਸ ਲਈ ਉਨ੍ਹਾਂ ਨੇ ਜੀਅ ਤੋੜ ਮਿਹਨਤ ਕੀਤੀ ਅਤੇ ਹਰ ਵਰਗ ਨੂੰ ਬੁਨਿਆਦੀ ਸਹੂਲਤਾਂ ਦਾ ਲਾਭ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਤਰੱਕੀ ਅਤੇ ਹਰ ਪਰਿਵਾਰ ਦੀ ਖੁਸ਼ਹਾਲੀ ਲਈ ਕਾਂਗਰਸ ਦੀ ਦੂਜੀ ਵਾਰ ਸਰਕਾਰ ਬਣਾਉਣੀ ਸਮੇਂ ਦੀ ਜ਼ਰੂਰਤ ਹੈ। ਇਸ ਲਈ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਉਹ ਕਾਂਗਰਸ ਦੇ ਹੱਥ ਮਜ਼ਬੂਤ ਕਰਨ। ਇਸ ਮੌਕੇ ਉਨ੍ਹਾਂ ਦੇ ਨਾਲ ਕਾਂਗਰਸ ਦੀ ਲੀਡਰਸ਼ਿਪ, ਕੌਂਸਲਰ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।
ਇਨਕਲਾਬੀ ਬਦਲ ਦੇ ਸੁਨੇਹੇ ਲਈ ਭਰਵੀਂ ਇਕਤੱਰਤਾ
ਲੰਬੀ (ਪੱਤਰ ਪ੍ਰੇਰਕ) : ਲੋਕ ਮੋਰਚਾ ਪੰਜਾਬ ਨੇ ਸੂਬੇ ਦੀਆਂ ਚੋਣਾਂ ਦੌਰਾਨ ਇਨਕਲਾਬੀ ਬਦਲ ਦਾ ਸੁਨੇਹਾ ਦੇਣ ਲਈ ਪਿੰਡ ਸਿੰਘੇਵਾਲਾ ਵਿੱਚ ਭਰਵੀਂ ਇਕੱਤਰਤਾ ਕੀਤੀ। ਇਸ ਮੌਕੇ ਸੂਬਾ ਸਕੱਤਰ ਜਗਮੇਲ ਸਿੰਘ ਨੇ ਕਿਹਾ ਕਿ ਦੇਸ਼ ਦੇ ਡੂੰਘੇ ਸੰਕਟਾਂ ਦਰਮਿਆਨ ਹਾਕਮ ਜਮਾਤਾਂ ਦੀ ਇਹ ਚੋਣ ਖੇਡ ਆਏ ਦਿਨ ਨਿਘਾਰ ਦੀਆਂ ਨਿਵਾਣਾਂ ਛੋਹ ਰਹੀ ਹੈ। ਉਨ੍ਹਾਂ ਨੇ ਲੋਕਾਂ ਨੂੰ ਘੋਲਾਂ ਦੇ ਰਾਹ ਪੈਣ ਦਾ ਸੱਦਾ ਦਿੱਤਾ। ਲੋਕ ਮੋਰਚੇ ਦੀ ਸੂਬਾਈ ਆਗੂ ਸੀਰੀਂ ਨੇ ਕਿਹਾ ਕਿ ਰਾਜ-ਭਾਗ ਦਾ ਸੰਕਟ ਜਿਵੇਂ ਡੂੰਘਾ ਹੋ ਰਿਹਾ ਹੈ ਤਾਂ ਵਧੇਰੇ ਜ਼ੋਰ ਨਾਲ ਬੁਨਿਆਦੀ ਤਬਦੀਲੀ ਦੀ ਜ਼ਰੂਰਤ ਪੇਸ਼ ਕਰ ਰਿਹਾ ਹੈ। ਇਸੇ ਦੌਰਾਨ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਕਿਹਾ ਕਿ ਮੌਕਾਪ੍ਰਸਤ ਪਾਰਟੀਆਂ ਤੇ ਸਿਆਸਤਦਾਨਾਂ ਦੀ ਹਾਲਤ ਇਹ ਹੋ ਗਈ ਹੈ ਕਿ ਹੁਣ ਉਹ ਵਿਕਾਸ ਦੇ ਨਾਅਰਿਆਂ ਦੀ ਥਾਂ ਪੰਜਾਬ ਨੂੰ ਬਚਾਉਣ ਦੇ ਹੋਕੇ ਮਾਰਨ ਲੱਗੇ ਹਨ। ਇਹ ਆਪਣੇ ਆਪ ’ਚ ਹੀ ਪਿਛਲੇ 70 ਸਾਲਾਂ ’ਚ ਇਨ੍ਹਾਂ ਪਾਰਟੀਆਂ ਦੇ ਰਾਜ ਦੀ ਨਾਕਾਮੀ ਦਾ ਇਕਬਾਲ ਹੈ।
ਚੋਣ ਜ਼ਾਬਤੇ ਦੀ ਉਲੰਘਣਾ ਹੇਠ ਕਾਰਵਾਈ
ਕੋਟਕਪੂਰਾ (ਟ੍ਰਿਬਿਊਨ ਨਿਊਜ਼ ਸਰਵਿਸ): ਸੱਤਾਧਾਰੀ ਕਾਂਗਰਸ ਨੇ ਕੋਟਕਪੂਰਾ ਦੇ ਸਰਕਾਰੀ ਖੰਬਿਆਂ ’ਤੇ ਪਾਰਟੀ ਦੇ ਝੰਡੇ ਲਗਾ ਕੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਹੈ। ਝੰਡਿਆਂ ਉੱਤੇ ਕਾਂਗਰਸ ਦਾ ਚੋਣ ਨਿਸ਼ਾਨ ‘ਪੰਜਾ’ ਹੈ। ਚੋਣ ਕਮਿਸ਼ਨ ਦੀ ਨਜ਼ਰ ’ਚ ਆਏ ਇਨ੍ਹਾਂ ਝੰਡਿਆਂ ’ਤੇ ਕਮਿਸ਼ਨ ਨੇ ਆਪਣੀ ਸਖਤੀ ਵਿਖਾਈ ਹੈ। ਕਮਿਸ਼ਨ ਅਨੁਸਾਰ 60 ਦੇ ਕਰੀਬ ਝੰਡੇ ਸਰਕਾਰੀ ਖੰਬਿਆਂ ’ਤੇ ਲਹਿਰਾ ਰਹੇ ਹਨ। ਕਮਿਸ਼ਨ ਨੇ ਇਸ ਬਾਬਤ ਕਾਂਗਰਸੀ ਉਮੀਦਵਾਰ ਅਜੈਪਾਲ ਸਿੰਘ ਸੰਧੂ ਦੀ ਜਵਾਬ-ਤਲਬੀ ਕੀਤੀ ਹੈ ਤੇ ਨੋਟਿਸ ਘੱਲ ਕੇ ਪੁੱਛਿਆ ਹੈ ਕਿ ਇਹ ਕੀ ਹੋ ਰਿਹਾ ਹੈ। ਸ੍ਰੀ ਸੰਧੂ ਨੇ ਕਮਿਸ਼ਨ ਨੂੰ ਦੱਸਿਆ ਕਿ ਉਹ ਇਨ੍ਹਾਂ ਚੋਣਾਂ ’ਚ ਨਵੇਂ ਹਨ। ਇਸ ਲਈ ਚੋਣਾਂ ਬਾਰੇ ਉਨ੍ਰਾ ਨੂੰ ਬਹੁਤੀ ਸਮਝ ਨਹੀਂ ਹੈ। ਉਨ੍ਹਾਂ ਕਿਹਾ ਕਿ ਝੰਡੇ ਕਿਸੇ ਸ਼ਰਾਰਤੀ ਅਨਸਰ ਨੇ ਟੰਗੇ ਹਨ। ਕਮਿਸ਼ਨ ਨੇ ਉਸ ਦੇ ਜਵਾਬ ਤੋਂ ਅਸੰਤੁਸ਼ਟੀ ਜਤਾਉਂਦਿਆਂ ਡੀਐੱਸਪੀ ਕੋਟਕਪੂਰਾ ਨੂੰ ਸ਼ਿਕਾਇਤ ਦਰਜ ਕਰਵਾਈ ਜਿਸ ਦੇ ਆਧਾਰ ਤੇ ਪੁਲੀਸ ਨੇ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।