ਮਨੋਜ ਸ਼ਰਮਾ
ਬਠਿੰਡਾ, 14 ਫਰਵਰੀ
ਅੱਜ ਬਠਿੰਡਾ ਵਿਚ ਸਵੇਰ ਤੋਂ ਵੋਟਾਂ ਪਾਉਣ ਲਈ ਵੋਟਰਾਂ ਦੀ ਕਤਾਰਾਂ ਲੱਗੀਆਂ ਰਹੀਆਂ ਅਤੇ ਦੁਪਹਿਰ ਤੱਕ ਬਠਿੰਡਾ ਦੇ ਵਾਰਡ ਨੰਬਰ 43 ਵਿਚ ਭਾਜਪਾ ਆਗੂਆਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਸੱਤਾ ਧਿਰ ’ਤੇ ਦੋਸ਼ ਲਗਾਏ ਰਾਤੋ ਰਾਤ 250 ਦੇ ਕਰੀਬ ਵੋਟਰਾਂ ਦੀ ਨਵੀਂ ਸੂਚੀ ਤਿਆਰ ਕਰਕੇ ਵੋਟਾਂ ਪਵਾਈਆਂ ਗਈਆਂ। ਅਕਾਲੀ ਦਲ ਦੇ ਸਾਬਕਾ ਵਿਧਾਇਕ ਨੇ ਸਰੂਪ ਚੰਦ ਸਿੰਗਲਾ ਨੇ ਵਾਰਡ ਨੰਬਰ 8 ਅਤੇ 42 ਅਤੇ 43 ਵਿਚ ਬੂਥ ਕੈਪਚਰਿੰਗ ਕਰਨ ਦੇ ਦੋਸ਼ ਲਗਾਏ। ਪੁਲੀਸ ’ਤੇ ਵੀ ਸੱਤਾ ਧਿਰ ਦੇ ਪੱਖ ਵਿਚ ਭੁਗਤਣ ਦੇ ਦੋਸ਼ ਲਗਾਏ। ਅੱਜ ਸਮੁੱਚੇ ਜ਼ਿਲ੍ਹੇ ਦੀ ਮੰਡੀਆਂ ਗੋਨਿਆਣਾ, ਰਾਮਪੁਰਾ ਫੂਲ, ਭੁੱਚੋ ਮੰਡੀ, ਰਾਮਾ ਮੰਡੀ, ਮਲੂਕਾ, ਮਹਿਰਾਜ ਭਗਤਾ ਆਦਿ ਵਿਚ ਤਕਰਾਰਬਾਜ਼ੀ ਦੀਆਂ ਛੋਟੀਆਂ ਵੱਡੀਆਂ ਘਟਨਾਵਾਂ ਨੂੰ ਛੱਡ ਕਿ ਜ਼ਿਲ੍ਹੇ ਅੰਦਰ ਸ਼ਾਂਤੀ ਰਹੀ।
ਨਗਰ ਨਿਗਮ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਚੋਣਾਂ ਅਮਨ-ਅਮਾਨ ਤੇ ਸ਼ਾਂਤੀ ਪੂਰਵਕ ਢੰਗ ਨਾਲ ਨੇਪਰੇ ਚੜ੍ਹੀਆਂ। ਜ਼ਿਲ੍ਹੇ ‘ਚ ਕੁੱਲ 213 ਵਾਰਡਾਂ ਲਈ 341 ਪੋਲਿੰਗ ਸਟੇਸ਼ਨਾਂ ‘ਤੇ 79.01 ਫ਼ੀਸਦੀ ਪੋਲਿੰਗ ਹੋਈ। ਪੋਲ ਹੋਈਆਂ ਵੋਟਾਂ ਦੇ ਨਤੀਜੇ 17 ਫ਼ਰਵਰੀ ਨੂੰ ਘੋਸ਼ਿਤ ਕੀਤੇ ਜਾਣਗੇ। ਇਹ ਜਾਣਕਾਰੀ ਜ਼ਿਲ੍ਹਾ ਚੋਣਕਾਰ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਬੀ. ਸ੍ਰੀਨਿਵਾਸਨ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਬਠਿੰਡਾ ਨਗਰ ਨਿਗਮ ਦੇ 50 ਵਾਰਡਾਂ ਲਈ 64.36 ਫ਼ੀਸਦੀ, 6 ਨਗਰ ਕੌਂਸਲਾਂ ‘ਚ ਮੋੜ 76.83, ਰਾਮਾਂ ਮੰਡੀ 86.53, ਭੁੱਚੋ ਮੰਡੀ 86.26, ਗੋਨਿਆਣਾ 83.83, ਸੰਗਤ 89.86 ਤੇ ਕੋਟਫੱਤਾ ਵਿਖੇ 87.38 ਫ਼ੀਸਦੀ ਪੋਲਿੰਗ ਹੋਈ। ਇਸੇ ਤਰ੍ਹਾਂ ਜ਼ਿਲ੍ਹੇ ਅਧੀਨ ਪੈਂਦੀਆਂ 7 ਨਗਰ ਪੰਚਾਇਤਾਂ ‘ਚ ਕੋਠਾ ਗੁਰੂ 75.11, ਭਗਤਾ ਭਾਈ ਕਾ 81.19, ਮਲੂਕਾ 81.3, ਭਾਈ ਰੂਪਾ 81.92, ਮਹਿਰਾਜ 74.07, ਨਥਾਣਾ 78.54 ਤੇ ਕੋਟ ਸਮੀਰ ਵਿਖੇ 88.34 ਫ਼ੀਸਦੀ ਪੋਲਿੰਗ ਹੋਈ।
ਫ਼ਿਰੋਜ਼ਪੁਰ ’ਚ ਸ਼ਾਂਤੀਪੂਰਵਕ ਨਿੱਬੜੀਆਂ ਨਗਰ ਕੌਂਸਲ ਚੋਣਾਂ: ਫਿਰੋਜ਼ਪੁਰ (ਸੰਜੀਵ ਹਾਂਡਾ): ਫ਼ਿਰੋਜ਼ਪੁਰ ਸ਼ਹਿਰ ਦੇ ਸਾਰੇ 33 ਵਾਰਡਾਂ ਦੀਆਂ ਨਗਰ ਕੌਂਸਲ ਚੋਣਾਂ ਐਤਵਾਰ ਨੂੰ ਸ਼ਾਂਤੀਪੂਰਵਕ ਹੋਣ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਪਾਰਟੀ ਆਗੂਆਂ ਨੇ ਸੁਖ ਦਾ ਸਾਹ ਲਿਆ। ਹਾਲਾਂਕਿ ਸਾਰੇ ਬੂਥਾਂ ਤੇ ਸੱਤਾਧਾਰੀ ਪਾਰਟੀ ਦਾ ਖੌਫ਼ ਸਾਫ਼ ਨਜ਼ਰ ਆ ਰਿਹਾ ਸੀ। ਜ਼ਿਆਦਾਤਰ ਬੂਥਾਂ ਤੇ ਵਿਰੋਧੀ ਪਾਰਟੀਆਂ ਦੇ ਬੂਥ ਲੱਗੇ ਹੀ ਨਹੀਂ। ਇਸ ਵਾਰ ਕਈ ਬੂਥਾਂ ’ਤੇ ਲੜਾਈ ਝਗੜੇ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਸੀ।ਵਾਰਡ ਨੰਬਰ ਅੱਠ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਮੁਨੀਸ਼ ਧਵਨ ਦੇ ਬੂਥ ’ਤੇ ਕੁਝ ਸ਼ਰਾਰਤੀ ਅਨਸਰਾਂ ਨੇ ਆ ਕੇ ਉਸ ਦੇ ਬੈਨਰ ਉਖਾੜ ਦਿੱਤੇ ਤੇ ਕੁਰਸੀਆਂ ਵੀ ਇਧਰ-ਉਧਰ ਸੁੱਟ ਦਿੱਤੀਆਂ ਜਿਸ ਕਰਕੇ ਮਾਹੌਲ ਤਣਾਪੂਰਨ ਬਣ ਗਿਆ। ਪੁਲੀਸ ਦੇ ਸੀਨੀਅਰ ਅਧਿਕਾਰੀ ਸਾਰਾ ਦਿਨ ਸ਼ਹਿਰ ਵਿਚ ਬੂਥਾਂ ’ਤੇ ਗੇੜਾ ਮਾਰਦੇ ਰਹੇ। ਦੂਜੇ ਪਾਸੇ ਹਲਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਸਾਰੇ ਬੂਥਾਂ ਤੇ ਗੇੜਾ ਮਾਰਿਆ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਨੇ ਅੱਜ ਪਈਆਂ ਵੋਟਾਂ ਨੂੰ ਲੋਕਤੰਤਰ ਦਾ ਘਾਣ ਦੱਸਿਆ ਤੇ ਆਖਿਆ ਕਿ ਪ੍ਰਸ਼ਾਸਨਿਕ ਅਧਿਕਾਰੀ ਕਾਂਗਰਸ ਦੇ ਵਰਕਰਾਂ ਵਾਂਗ ਕੰਮ ਕਰ ਰਹੇ ਸਨ ਤੇ ਹਰ ਪਾਸੇ ਦਹਿਸ਼ਤ ਦਾ ਮਾਹੌਲ ਬਰਕਰਾਰ ਸੀ।
ਫਾਜ਼ਿਲਕਾ: ਭਾਜਪਾ ਅਤੇ ‘ਆਪ’ ਵੱਲੋਂ ਕਾਂਗਰਸ ’ਤੇ ਧੱਕੇਸ਼ਾਹੀ ਦੇ ਦੋਸ਼
ਫਾਜ਼ਿਲਕਾ (ਪਰਮਜੀਤ ਸਿੰਘ): ਨਗਰ ਕੌਂਸਲ ਦੀਆਂ ਚੋਣਾਂ ਲਈ ਫ਼ਾਜ਼ਿਲਕਾ ’ਚ ਵੋਟਾਂ ਦਾ ਕੰਮ ਅਮਨ ਅਮਾਨ ਨਾਲ ਨੇਪਰੇ ਚੜ੍ਹਿਆ। ਦੂਜੇ ਪਾਸੇ ਭਾਜਪਾ ਨੇਤਾ ਅਤੇ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਦੋਸ਼ ਲਗਾਇਆ ਹੈ ਕਿ ਵਾਰਡ ਨੰਬਰ 20 ਵਿਚ ਕਾਂਗਰਸੀਆਂ ਨੇ ਬੂਥ ਦੇ ਅੰਦਰ ਜਾ ਕੇ ਗੇਟ ਬੰਦ ਕਰ ਦਿੱਤਾ ਜਿਸ ‘ਤੇ ਭਾਜਪਾ ਵਰਕਰਾਂ ਅਤੇ ਆਮ ਆਦਮੀ ਪਾਰਟੀਆਂ ਨੇ ਕਾਂਗਰਸ ਸਰਕਾਰ ਦੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਭਾਜਪਾ ਆਗੂਆਂ ਨੇ ਦੋਸ਼ ਲਗਾਇਆ ਕਿ ਕਾਂਗਰਸੀ ਵਰਕਰ ਸ਼ਰ੍ਹੇਆਮ ਹੱਥਾਂ ਵਿੱਚ ਹਥਿਆਰ ਲੈ ਕੇ ਘੁੰਮਦੇ ਵੇਖੇ ਗਏ। ਇਨ੍ਹਾਂ ਸਭ ਦੋਸ਼ਾਂ ਅਤੇ ਇੱਕਾ ਦੁੱਕਾ ਘਟਨਾਵਾਂ ਦੇ ਬਾਵਜੂਦ ਸ਼ਹਿਰ ਵਿੱਚ ਸ਼ਾਂਤੀ ਬਣੀ ਰਹੀ ਅਤੇ ਕਿਸੇ ਤਰ੍ਹਾਂ ਦੀ ਵੀ ਕੋਈ ਵਾਰਦਾਤ ਸਾਹਮਣੇ ਨਹੀਂ ਆਈ। ਸ਼ਾਮ ਦੇ ਚਾਰ ਵਜੇ ਤੱਕ ਵੋਟ ਫੀਸਦੀ ਫਾਜ਼ਿਲਕਾ ਚ 72.8, ਅਬੋਹਰ 67.5, ਜਲਾਲਾਬਾਦ 70.29, ਅਰਨੀਵਾਲਾ 79.24 ਦਰਜ ਕੀਤਾ ਗਿਆ ਹੈ।
ਬੂਥ ’ਤੇ ਕਬਜ਼ੇ ਦੇ ਵਿਰੋਧ ਵਿੱਚ ਸਾਬਕਾ ਵਿਧਾਇਕ ਵੱਲੋਂ ਕਾਲਜ ਦੇ ਗੇਟ ਅੱਗੇ ਧਰਨਾ
ਬਠਿੰਡਾ: ਅੱਜ ਵਾਰਡ ਨੰਬਰ 8 ਤੋਂ ਚੋਣ ਲੜ ਰਹਿ ਕਾਂਗਰਸੀ ਉਮੀਦਵਾਰ ਰਾਮ ਸਿੰਘ ਵਿਰਕ ਅਤੇ ਅਕਾਲੀ ਦਲ ਵੱਲੋਂ ਐਡਵੋਕੇਟ ਹਰਪਾਲ ਸਿੰਘ ਢਿੱਲੋਂ ਵਿਚਕਾਰ ਮੁਕਾਬਲੇ ਖਿੱਚ ਭਰਪੂਰ ਰਿਹਾ। ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਹਰਪਾਲ ਸਿੰਘ ਅਤੇ ਸਾਬਕਾ ਅਕਾਲੀ ਵਿਧਾਇਕ ਸਰੂਪ ਚੰਦ ਸਿੰਗਲਾ ਦੀ ਅਗਵਾਈ ਹੇਠ ਸੜਕ ਜਾਮ ਕਰਦਿਆਂ ਦੋਸ਼ ਲਗਾਏ ਕਿ ਸੱਤਾ ਧਿਰ ਕਾਂਗਰਸ ਦੇ ਉਮੀਦਵਾਰ ਰਾਮ ਸਿੰਘ ਵਿਰਕ ਦੇ ਸਮਰਥਕਾਂ ਨੇ ਦੁਪਹਿਰ 3 ਵਜੇ ਦੇ ਕਰੀਬ ਬੂਥ ਕੈਪਚਰਿੰਗ ਕੀਤੀ ਅਤੇ ਅਤੇ ਉਨ੍ਹਾਂ ’ਤੇ ਹਮਲਾ ਕੀਤਾ। ਉਨ੍ਹਾਂ ਆਪਣੇ ਸਿਰ ’ਤੇ ਲੱਗੀਆਂ ਸੱਟਾਂ ਨੂੰ ਵੀ ਮੀਡੀਆ ਸਾਹਮਣੇ ਦਿਖਾਇਆ ਉਨ੍ਹਾਂ ਪੁਲੀਸ ’ਤੇ ਕੁੱਟਮਾਰ ਦੇ ਦੋਸ਼ ਲਗਾਏੇ।
ਦੂਜੇ ਪਾਸੇ ਕਾਂਗਰਸੀ ਆਗੂ ਰਾਮ ਸਿੰਘ ਵਿਰਕ ਦੇ ਕਹਿਣਾ ਹੈ ਕਿ ਅਕਾਲੀ ਦਲ ਨੇ 29 ਨੰਬਰ ਬੂਥ ’ਤੇ ਖ਼ੁਦ ਪੋਲਿੰਗ ਬੰਦ ਕਰਵਾਈ ਜਦੋਂ ਉਨ੍ਹਾਂ ਵਿਰੋਧ ਕੀਤਾ ਤਾਂ ਅਕਾਲੀ ਹੱਥੋਪਾਈ ’ਤੇ ਉਤਰ ਆਏ ਅਤੇ ਸਾਡੇ ਦੋ ਵਰਕਰਾਂ ਨੂੰ ਜ਼ਖ਼ਮੀ ਕਰ ਦਿੱਤਾ। ਉਨ੍ਹਾਂ ਅਕਾਲੀ ਦਲ ਬਾਰੇ ਕਿਹਾ ਕਿ ਉਹ ਹਾਰ ਨੂੰ ਦੇਖਦੇ ਹੋਏ ਧਰਨਾ ਲਗਾ ਰਹੇ ਹਨ। ਸਰੂਪ ਚੰਦ ਸਿੰਗਲਾ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕਿਹਾ ਬਠਿੰਡਾ ਨਗਰ ਨਿਗਮ ਚੋਣਾਂ ਵਿਚ ਵਿੱਤ ਮੰਤਰੀ ਦੀ ਸ਼ਹਿ ’ਤੇ ਗੁੰਡਾਗਰਦੀ ਕੀਤੀ ਗਈ। ਉਨ੍ਹਾਂ ਸਿਵਲ ਲਾਈਨ ਦੇ ਐੱਸਐੱਚਓ ਰਵਿੰਦਰ ਪਾਲ ਸਿੰਘ ’ਤੇ ਵੀ ਦੋਸ਼ ਲਗਾਏ ਕਿ ਉਸ ਨੇ 6 ਵਾਰਡਾਂ ਵਿਚ ਅਕਾਲੀ ਉਮੀਦਵਾਰਾਂ ਨੂੰ ਹਰਾਉਣ ਦੀ ਕੋਸ਼ਿਸ਼ ਕੀਤੀ ਅਤੇ ਕਾਂਗਰਸ ਦੀ ਸ਼ਰ੍ਹੇਆਮ ਮਦਦ ਕੀਤੀ ਉਨ੍ਹਾਂ 41 ਅਤੇ 42 ਨੰਬਰ ਵਾਰਡ ਵਿਚ ਬੂਥ ਕੈਪਚਰਿੰਗ ਦੇ ਦੋਸ਼ ਲਗਾਏ।
ਬਠਿੰਡਾ: ਵਾਰਡ ਨੰਬਰ 43 ਵਿੱਚ ਨੌਜਵਾਨ ਦੀ ਕੁੱਟਮਾਰ, ਐੱਸਐੱਸਪੀ ਮੌਕੇ ’ਤੇ ਪੁੱਜੇ
ਬਠਿੰਡਾ (ਪੱਤਰ ਪੇ੍ਰਕ): ਅੱਜ ਬਠਿੰਡਾ ਦੀਆਂ ਕਾਰਪੋਰੇਸ਼ਨ ਚੋਣਾਂ ਵਿਚ ਸ਼ਹਿਰ ਦੇ ਲਾਈਨੋਂ ਪਾਰ ਖੇਤਰ ਵਿਚ ਦੇ ਮਹਿਲਾਵਾਂ ਲਈ ਰਾਖਵੇਂ 43 ਨੰਬਰ ਵਾਰਡ ਵਿਚ ਸਵੇਰ ਮੌਕੇ ਹੀ ਅਕਾਲੀ ਦਲ ਅਤੇ ਕਾਂਗਰਸ ਵਰਕਰਾਂ ਵਿਚ ਤੂੰ ਤੂੰ ਮੈਂ ਮੈਂ ਹੋ ਗਈ ਅਤੇ ਇਸ ਤੋਂ ਬਾਅਦ ਦੁਪਹਿਰ 12.30 ਵਜੇ ਦੇ ਮਾਮਲਾ ਉਸ ਸਮੇਂ ਤੂਲ ਫੜ ਗਿਆ ਅਤੇ ਇਸ ਮੌਕੇ ਇੱਕ ਆਜ਼ਾਦ ਉਮੀਦਵਾਰ ਦੇ ਸਮਰਥਕ ਦੀ ਵੱਖ ਵੱਖ ਪਾਰਟੀਆਂ ਦੇ ਵਰਕਰਾਂ ਨੇ ਕੁੱਟਮਾਰ ਕੀਤੀ। ਇਸ ਮੌਕੇ ਭਾਜਪਾ ਵਰਕਰਾਂ ਨੇ ਕਾਂਗਰਸ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੋਲਿੰਗ ਸਟਾਫ਼ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਸਕੂਲ ਦਾ ਗੇਟ ਬੰਦ ਕਰ ਕੇ 45 ਮਿੰਟ ਦੇ ਕਰੀਬ ਪੋਲਿੰਗ ਦਾ ਕੰਮ ਪ੍ਰਭਾਵਿਤ ਕੀਤਾ। ਵਿਗੜ ਰਹੀ ਸਥਿਤੀ ਨੂੰ ਦੇਖਦੇ ਹੋਏ ਐਸ.ਐਸ.ਪੀ ਭੁਪਿੰਦਰਜੀਤ ਸਿੰਘ ਵਿਰਕ ਵੱਡੀ ਗਿਣਤੀ ਵਿਚ ਪੁਲੀਸ ਫੋਰਸ ਲੈ ਕਿ ਪੁੱਜੇ ਅਤੇ ਮਾਮਲੇ ਨੂੰ ਸ਼ਾਂਤ ਕੀਤਾ। ਨਾਅਰੇਬਾਜ਼ੀ ਮੌਕੇ ਭਾਜਪਾ ਉਮੀਦਵਾਰ ਸਕੁੰਤਲਾ ਦੇਵੀ ਦੇ ਪੁੱਤਰ ਹਰੀਸ਼ ਕੁਮਾਰ ਨੇ ਦੋਸ਼ ਲਗਾਏ ਕਿ ਪੋਲਿੰਗ ਸਟਾਫ਼ ਸੱਤਾ ਧਿਰ ਨਾਲ ਮਿਲ ਕੇ ਕੰਮ ਕਰ ਰਿਹਾ ਹੈ ਅਤੇ ਅੱਜ ਸਵੇਰ ਉਸ ਵੇਲੇ ਹੈਰਾਨੀ ਹੋਈ ਜਦੋਂ 250 ਦੇ ਕਰੀਬ ਵੱਖਰੇ ਵੋਟਰਾਂ ਦੀ ਸੂਚੀ ਤੇ ਪ੍ਰੀਜ਼ਾਈਡਿੰਗ ਅਫ਼ਸਰ ਵੋਟਾਂ ਪਵਾ ਰਿਹਾ ਸੀ ਜਦੋਂ ਕਿ ਉਕਤ ਵਾਰਡ ਤੋ ਚੋਣ ਲੜ ਰਹੇ 11 ਦੇ ਕਰੀਬ ਉਮੀਦਵਾਰਾਂ ਕੋਲ ਇਹ ਵੋਟਰ ਸੂਚੀ ਦੀ ਕਾਪੀ ਨਹੀਂ ਸੀ ਅਤੇ ਉਨ੍ਹਾਂ ਸਵਾਲ ਚੁੱਕੇ ਕਿ ਕਾਂਗਰਸੀ ਉਮੀਦਵਾਰ ਸੁਨੀਤਾ ਗੋਇਲ ਦੇ ਪਤੀ ਪ੍ਰਦੀਪ ਗੋਲਾ ਕੋਲ ਕਾਪੀ ਕਿਸ ਤਰ੍ਹਾਂ ਪੁੱਜ ਗਈ। ਵਾਰਡ ਨੰਬਰ 43 ਦੇ ਪ੍ਰੋਜੈਡਾਇੰਗ ਅਫ਼ਸਰ ਆਤਮਾ ਸਿੰਘ ਦਾ ਕਹਿਣਾ ਸੀ ਕਿ ਉਹ ਸੂਚੀ ਮੁਤਾਬਿਕ ਵੋਟ ਪੋਲ ਕਰਵਾ ਰਹੇ ਹਨ। ਇਸ ਤਰ੍ਹਾਂ ਨੰਬਰ 42 ਵਾਰਡ ਵਿਚ ਵੋਟਾਂ ਪਾਉਣ ਆਏ ਇੱਕ ਜੋੜੇ ਦੀ ਕੋਈ ਹੋਰ ਹੀ ਵੋਟ ਪਾਉਣ ’ਤੇ ਜੋੜੇ ਨੇ ਗਿਲਾ ਜ਼ਾਹਿਰ ਕੀਤਾ। ਪਰਸ ਰਾਮ ਖੇਤਰ ਤੋਂ ਚੋਣ ਲੜ ਰਹੇ ਅਕਾਲੀ ਉਮੀਦਵਾਰ ਹਰਵਿੰਦਰ ਗੰਜੂ ਨੇ ਕਾਂਗਰਸ ਤੇ ਧੱਕੇਸ਼ਾਹੀ ਦੇ ਦੋਸ਼ ਲਗਾਏੇ।
ਵੋਟਰਾਂ ਨੂੰ ਪੈਸੇ ਵੰਡਣ ਤੋਂ ਰੋਕਣ ’ਤੇ ਕੁੱਟਮਾਰ: ਅਕਾਲੀ ਉਮੀਦਵਾਰ ਤੇ ਦੋ ਪੁੱੱਤਾਂ ਖਿ਼ਲਾਫ਼ ਕੇਸ ਦਰਜ
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਵਾਰਡ ਨੰਬਰ 18 ਦੇ ਅਕਾਲੀ ਉਮੀਦਵਾਰ ਟੇਕ ਚੰਦ ਬੱਤਰਾ ਨੂੰ ਪੈਸੇ ਵੰਡਣ ਤੋਂ ਰੋਕਣ ’ਤੇ ਕਾਂਗਰਸੀ ਉਮੀਦਵਾਰ ਦੇ ਸਮਰਥਕ ਦੀ ਕੁੱਟਮਾਰ ਕਰਨ ਦੇ ਦੋਸ਼ ਹੇਠ ਟੇਕ ਚੰਦ ਬੱਤਰਾ ਤੇ ਉਸ ਦੇ ਪੁੱਤਰ ਸਾਜਨ ਬੱਤਰਾ ਅਤੇ ਰਾਜਨ ਬੱਤਰਾ ਦੇ ਖਿਲਾਫ ਥਾਣਾ ਸਿਟੀ ਵਿਖੇ ਕੇਸ ਦਰਜ ਕਰਕੇ ਪੁਲੀਸ ਨੇ ਸਾਜਨ ਬੱਤਰਾ ਨੂੰ ਗ੍ਰਿਫਤਾਰ ਕਰ ਲਿਆ ਹੈ ਜਦੋਂ ਕਿ ਬਾਕੀ ਫਰਾਰ ਦੱਸੇ ਜਾਂਦੇ ਹਨ। ਇਹ ਕੇਸ ਕਾਂਗਰਸੀ ਉਮੀਦਵਾਰ ਗੁਰਪ੍ਰੀਤ ਸਿੰਘ ਬਰਾੜ ਦੇ ਸਮਰਥਕ ਮਨਪ੍ਰੀਤ ਸਿੰਘ ਮਨੀ ਦੇ ਬਿਆਨਾਂ ’ਤੇ ਦਰਜ ਕੀਤਾ ਗਿਆ ਹੈ। ਮਨੀ ਨੇ ਦੱਸਿਆ ਕਿ ਉਹ 13 ਫਰਵਰੀ ਦੀ ਰਾਤ ਨੂੰ ਕਰੀਬ 11 ਵਜੇ ਡੇਅਰੀ ਤੋਂ ਵਾਪਸ ਆ ਰਿਹਾ ਸੀ ਤਾਂ ਉਸ ਨੇ ਟੇਕ ਚੰਦ ਬੱਤਰਾ ਹੋਰਾਂ ਨੂੰ ਵੋਟਾਂ ਦੇ ਪੈਸੇ ਵੰਡਣ ਤੋਂ ਰੋਕਿਆ ਤਾਂ ਬੱਤਰਾ ਤੇ ਕਰੀਬ 8-10 ਅਣਪਛਾਤੇ ਵਿਅਕਤੀਆਂ ਨੇ ਉਸ ਉਪਰ ਹਮਲਾ ਕਰ ਦਿੱਤਾ। ਮਨੀ ਨੂੰ ਜ਼ਖਮੀ ਹਾਲਤ ’ਚ ਇਥੋਂ ਦੇ ਇਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।