ਮਨੋਜ ਸ਼ਰਮਾ
ਬਠਿੰਡਾ 10 ਅਕਤੂਬਰ
ਬਠਿੰਡਾ ਵਿਖੇ ਸੂਬਾ ਚੇਅਰਮੈਨ ਮੇਘ ਸਿੰਘ ਸਿੱਧੂ ਅਤੇ ਜ਼ਿਲ੍ਹਾ ਪ੍ਰਧਾਨ ਰਾਜਵੀਰ ਸਿੰਘ ਮਾਨ ਦੀ ਅਗਵਾਈ ਵਿੱਚ ਅੱਜ ਤੋਂ ਕਲਮਛੋੜ ਹੜਤਾਲ ਸ਼ੁਰੂ ਕੀਤੀ ਗਈ। ਇਸ ਮੌਕੇ ਲਗਾਏ ਧਰਨੇ ’ਚ ਵੱਖ-ਵੱਖ ਵਿਭਾਗਾਂ ਤੋਂ ਆਏ ਮਨਿਸਟੀਰੀਅਲ ਕਾਮਿਆਂ ਨੇ ਸੰਬੋਧਨ ਕੀਤਾ ਜਿੰਨ੍ਹਾਂ ਵਿੱਚ ਪੁਰਾਣੀ ਪੈਨਸ਼ਨ ਬਹਾਲ ਕਰਨੀ, ਨਵੀਂ ਭਰਤੀ ਪੂਰੀ ਤਨਖਾਹ ਅਤੇ ਭੱਤਿਆਂ ਸਮੇਤ ਕਰਨ, ਪੰਜਾਬ ਦੇ ਵਿੱਤ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਪੱਤਰ 27-7-2020 ਨੂੰ ਵਾਪਸ ਲੈਣਾ, ਪੇਅ-ਕਮਿਸ਼ਨ ਵਿੱਚ ਰਹਿੰਦੀਆਂ ਤਰੁਟੀਆਂ ਨੂੰ ਦੂਰ ਕਰਨਾ, ਡੀ.ਏ ਦੀਆਂ ਬਕਾਇਆ ਰਹਿੰਦੀਆਂ 3 ਕਿਸ਼ਤਾਂ ਤੁਰੰਤ ਜਾਰੀ ਕਰਨਾ, 6ਵੇ ਪੇਅ-ਕਮਿਸ਼ਨ ਦਾ 1-1-2016 ਤੋਂ ਬਣਦਾ ਏਰੀਅਰ ਜਾਰੀ ਕਰਨ, ਪੰਜਾਬ ਦੇ ਸਟੈਨੋ ਟਾਈਪੈਸਟਾਂ ਨੂੰ 50 ਸਾਲ ਦੀ ਉਮਰ ਪੂਰੀ ਕਰਨ ’ਤੇ ਟਾਈਪ ਟੈਸਟ ਮੁਆਫ ਕਰਨ ਦੀਆਂ ਮੁੱਖ ਮੰਗਾਂ ਰੱਖੀਆਂ ਗਈਆਂ। ਰੈਲੀ ਵਿੱਚ ਬਲਦੇਵ ਸਿੰਘ ਪ੍ਰਧਾਨ, ਗੁਨਦੀਪ ਬਾਂਸਲ ਸੁਪਰਡੰਟ, ਗੁਰਸੇਵਕ ਸਿੰਘ ਜਿਲਾ ਵਿੱਤ ਸਕੱਤਰ ਜਲਸਰੋਤ ਵਿਭਾਗ, ਪਰਮਜੀਤ ਸਿੰਘ ਸੂਬਾ ਪ੍ਰਧਾਨ ਫੂਡ ਸਪਲਾਈ ਵਿਭਾਗ ਸਮੇਤ ਹੋਰਨਾਂ ਵਿਭਾਗਾਂ ਦੇ ਕਲੈਰੀਕਲ ਕਾਮੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
ਫ਼ਰੀਦਕੋਟ (ਜਸਵੰਤ ਜੱਸ): ਪੁਰਾਣੀ ਪੈਨਸ਼ਨ ਸਕੀਮ ਬਹਾਲੀ ਅਤੇ ਬਕਾਇਆ ਡੀ.ਏ. ਕਿਸ਼ਤਾਂ ਜਾਰੀ ਕਰਵਾਉਣ ਆਦਿ ਮੰਗਾਂ ਨੂੰ ਲੈ ਕੇ ਇੱਥੇ ਮਨਿਸਟੀਰੀਅਲ ਮੁਲਾਜ਼ਮਾਂ ਵੱਲੋਂ ਸਮੂਹ ਦਫ਼ਤਰਾਂ ਦਾ ਕੰਮ ਕਾਜ ਬੰਦ ਕਰਕੇ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਮਨਿਸਟਰੀਅਲ ਸਰਵਿਸਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਅਤੇ ਜਨਰਲ ਸਕੱਤਰ ਬਲਬੀਰ ਸਿੰਘ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਮਨਿਸਟੀਰੀਅਲ ਮੁਲਾਜ਼ਮਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਜੇਕਰ ਉਨ੍ਹਾਂ ਦੀ ਸਰਕਾਰ ਬਣੀ ਤਾਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਦੇ ਨਾਲ-ਨਾਲ ਡੀ.ਏ. ਦੀਆਂ ਬਕਾਇਆ ਕਿਸ਼ਤਾਂ ਜਾਰੀ ਕੀਤੀਆਂ ਜਾਣਗੀਆਂ, ਕੱਚੇ ਮੁਲਾਜਮ ਪੱਕੇ ਕੀਤੇ ਜਾਣਗੇ ਅਤੇ ਹੋਰ ਵੀ ਮੁਲਾਜਮਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ, ਪਰੰਤੂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਛੇ ਮਹੀਨੇ ਬੀਤਣ ਦੇ ਬਾਅਦ ਵੀ ਇਹ ਮੰਗਾਂ ਜਿਉਂ ਦੀਆਂ ਤਿਉਂ ਲਟਕ ਰਹੀਆਂ ਹਨ। ਇਸ ਮੌਕੇ ਮੁਲਾਜ਼ਮ ਆਗੂ ਦੇਸ ਰਾਜ ਗੁਰਜਰ, ਗੁਰਨਾਮ ਸਿੰਘ ਵਿਰਕ, ਸਰਬਜੀਤ ਸਿੰਘ, ਸਤੀਸ਼ ਕੁਮਾਰ ਬਹਿਲ ਨੇ ਵੀ ਸੰਬੋਧਨ ਕੀਤਾ।
ਹਫ਼ਤੇ ਲਈ ਸਰਕਾਰੀ ਕੰਮ-ਕਾਜ ਠੱਪ ਰੱਖਣ ਦਾ ਐਲਾਨ
ਮਾਨਸਾ (ਪੱਤਰ ਪ੍ਰੇਰਕ): ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ ਯੂਨੀਅਨ ਦੇ ਸੱਦੇ ’ਤੇ ਅੱਜ 10 ਅਕਤੂਬਰ ਤੋਂ 15 ਅਕਤੂਬਰ ਤੋਂ ਰਾਜ ਭਰ ਵਿੱਚ ਕਲਮ ਛੋੜ ਹੜਤਾਲ ਆਰੰਭ ਹੋ ਗਈ ਹੈ, ਜਿਸ ਦੌਰਾਨ ਸਰਕਾਰੀ ਕੰਮ-ਕਾਜ ਬੰਦ ਕਰਕੇ ਹਰ ਰੋਜ਼ ਪੰਜਾਬ ਸਰਕਾਰ ਦਾ ਪਿੱਟ-ਸਿਆਪਾ ਕੀਤਾ ਜਾਵੇਗਾ। ਉਧਰ ਹਫ਼ਤੇ ਦੇ ਪਹਿਲੇ ਦਿਨ ਤੋਂ ਆਰੰਭ ਹੋਈ ਇਸ ਹੜਤਾਲ ਨਾਲ ਲਗਾਤਾਰ 5 ਦਿਨ ਸਰਕਾਰੀ ਦਫ਼ਤਰਾਂ ’ਚ ਕੰਮਾਂ-ਕਾਜਾਂ ਵਾਲੇ ਲੋਕਾਂ ਦੇ ਤੰਗ ਹੋਣ ਦਾ ਖਦਸ਼ਾ ਖੜ੍ਹਾ ਹੋ ਗਿਆ ਹੈ। ਅੱਜ ਮਾਨਸਾ ਦੇ ਸਮੂਹ ਕਾਮਿਆਂ ਨੇ ਡਿਪਟੀ ਕਮਿਸ਼ਨਰ ਵਿੱਚ ਕੰਮ-ਕਾਜ ਬੰਦ ਕਰਕੇ ਬਿਲਕੁਲ ਡੀ.ਸੀ ਦਫ਼ਤਰ ਸਾਹਮਣੇ ਧਰਨਾ ਲਾਇਆ ਗਿਆ। ਕਰਮਚਾਰੀਆਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਆਪਣੇ ਚੋਣ ਵਾਅਦੇ ਅਨੁਸਾਰ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਦੌਰਾਨ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।