ਮਨੋਜ ਸ਼ਰਮਾ
ਬਠਿੰਡਾ, 31 ਅਕਤੂਬਰ
ਮਰੀਜ਼ਾਂ ਵੱਲੋਂ ਗੈਰ-ਜ਼ਿੰਮੇਵਾਰਾਨਾ ਰਵੱਈਆ ਅਪਣਾਉਣ ਕਾਰਨ ਬਠਿੰਡਾ ਦੇ ਸ਼ਹੀਦ ਮਨੀ ਸਿੰਘ ਹਸਪਤਾਲ ਵਿੱਚ ਬਣੀ ਲੈਬਾਰਟਰੀ ਦੇ ਮੁਲਾਜ਼ਮ ਖ਼ਫ਼ਾ ਹਨ। ਇੱਕ ਕਰਮਚਾਰੀ ਨੇ ਦੱਸਿਆ ਹਜ਼ਾਰਾਂ ਮੈਡੀਕਲ ਟੈਸਟਾਂ ਦੀਆਂ ਰਿਪੋਰਟਾਂ ਦੇ ਕਈ ਸਾਲਾਂ ਤੋਂ ਹਸਪਤਾਲ ਦੇ ਦਰਾਜ਼ਾਂ ਵਿੱਚ ਢੇਰ ਲੱਗੇ ਹੋਏ ਹਨ। ਵਿਭਾਗੀ ਸੂਤਰਾਂ ਨੇ ਖੁਲਾਸਾ ਕੀਤਾ ਕਿ ਡਾਇਗਨੌਸਟਿਕ ਲੈਬਾਰਟਰੀ ਵਿੱਚ ਸੈਂਪਲ ਦੇਣ ਤੋਂ ਬਾਅਦ ਮਰੀਜ਼ ਰਿਪੋਰਟ ਲੈਣ ਲਈ ਨਹੀਂ ਆਉਂਦੇ। ਅਧਿਕਾਰੀਆਂ ਨੇ ਇਸ ਨੂੰ ਵਸੀਲਿਆਂ, ਪੈਸੇ ਅਤੇ ਸਮੇਂ ਦੀ ਬਰਬਾਦੀ ਕਰਾਰ ਦਿੱਤਾ। ਸੂਤਰਾਂ ਦਾ ਕਹਿਣਾ ਹੈ ਲੈਬਾਰਟਰੀ ਅੰਦਰ ਮੁਫ਼ਤ ਟੈਸਟ ਹੋਣ ਦੇ ਬਾਵਜੂਦ ਮਰੀਜ਼ਾਂ ਦਾ ਗੈਰ-ਜ਼ਿੰਮੇਵਾਰਾਨਾ ਵਤੀਰਾ ਸਮਝ ਤੋਂ ਪਰ੍ਹੇ ਹੈ। ਸਰਕਾਰੀ ਨੀਤੀ ਅਨੁਸਾਰ ਸਰਕਾਰੀ ਹਸਪਤਾਲਾਂ ਵਿੱਚ 50 ਟੈਸਟ ਮੁਫ਼ਤ ਕੀਤੇ ਜਾਂਦੇ ਹਨ। ਮਰੀਜ਼ ਨਮੂਨੇ ਦਿੰਦੇ ਹਨ ਪਰ ਰਿਪੋਰਟਾਂ ਲੈਣ ਲਈ ਨਹੀਂ ਆਉਂਦੇ। ਸੂਤਰਾਂ ਨੇ ਦੱਸਿਆ ਕਿ ਸਿਵਲ ਹਸਪਤਾਲ ਦੀ ਡਾਇਗਨੌਸਟਿਕ ਲੈਬ ਵਿੱਚ 250 ਤੋਂ 300 ਮਰੀਜ਼ ਸੈਂਪਲ ਦਿੰਦੇ ਹਨ, ਜਿਨ੍ਹਾਂ ਵਿੱਚੋਂ ਔਸਤਨ 80 ਤੋਂ 100 ਮਰੀਜ਼ ਆਪਣੀ ਰਿਪੋਰਟ ਲੈਣ ਲਈ ਕਦੇ ਵਾਪਸ ਨਹੀਂ ਆਉਂਦੇ। ਬਠਿੰਡਾ ਹਸਪਤਾਲ ਦੀ ਗੱਲ ਕੀਤੀ ਜਾਵੇ ਤਾਂ ਅੰਦਾਜ਼ੇ ਅਨੁਸਾਰ ਪਿਛਲੇ ਇੱਕ ਮਹੀਨੇ ਵਿੱਚ 8,000 ਤੋਂ ਵੱਧ ਮਰੀਜ਼ਾਂ ਨੇ ਲੈਬਾਰਟਰੀ ਵਿੱਚ ਸੈਂਪਲ ਦਿੱਤੇ ਹਨ। ਇਸ ਤੇ ਪੈਸੇ ਅਤੇ ਸਮੇਂ ਦੀ ਬਰਬਾਦੀ ਹੈ ਕਿਉਂਕਿ ਹਸਪਤਾਲ ਮੈਡੀਕਲ ਕਿੱਟਾਂ, ਸਾਜ਼ੋ-ਸਾਮਾਨ ਅਤੇ ਨਮੂਨਿਆਂ ਦੀ ਸਟੋਰੇਜ ’ਤੇ ਖ਼ਰਚ ਹੁੰਦਾ ਹੈ। ਇੱਕ ਡਾਕਟਰ ਨੇ ਕਿਹਾ ਕਿ ਕਿਸੇ ਵੀ ਮਰੀਜ਼ ਦਾ ਸਹੀ ਤਰੀਕੇ ਨਾਲ ਇਲਾਜ ਸ਼ੁਰੂ ਕਰਨ ਤੋਂ ਪਹਿਲਾਂ ਜਾਂਚ ਸਭ ਤੋਂ ਜ਼ਰੂਰੀ ਹੈ। ਲੈਬਾਰਟਰੀ ਦੇ ਸਟਾਫ਼ ਨੇ ਸੁਝਾਅ ਦਿੱਤਾ ਕਿ ਜੇਕਰ ਸਰਕਾਰ ਹਰ ਮੈਡੀਕਲ ਟੈਸਟ ਲਈ ਘੱਟੋ-ਘੱਟ ਕੁਝ ਮਾਮੂਲੀ ਚਾਰਜ ਲਾਵੇ ਤਾਂ ਇਸ ਸਮੱਸਿਆ ‘ਤੇ ਕਾਬੂ ਪਾਇਆ ਜਾ ਸਕਦਾ ਹੈ।
ਸਟਾਫ਼ ਨਾਲ ਗੱਲਬਾਤ ਕਰਾਂਗੇ: ਐੱਸਐੱਮਓ
ਸਿਵਲ ਹਸਪਤਾਲ ਬਠਿੰਡਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਮਨਿੰਦਰ ਪਾਲ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਮਰੀਜ਼ਾਂ ਦੇ ਮੈਡੀਕਲ ਟੈਸਟ ਮੁਫ਼ਤ ਕੀਤੇ ਜਾਂਦੇ ਹਨ ਤਾਂ ਲੋਕਾਂ ਨੂੰ ਇਸਦੀ ਸਹੂਲਤ ਲੈਣੀ ਚਾਹੀਦੀ ਹੈ| ਉਹ ਮੈਡੀਕਲ ਲੈਬ ਸਟਾਫ਼ ਨਾਲ ਗੱਲਬਾਤ ਕਰ ਕੇ ਪਤਾ ਲਗਾਉਣ ਦੀ ਕੋਸ਼ਿਸ਼ ਕਰਨਗੇ ਤਾਂ ਕਿ ਇਸ ਸਮੱਸਿਆ ਦਾ ਕਾਰਗਰ ਹੱਲ ਹੋ ਸਕੇ।