ਪੱਤਰ ਪ੍ਰੇਰਕ
ਬਠਿੰਡਾ, 5 ਮਈ
ਇਥੋਂ ਦੀਆਂ ਵੱਖ ਵੱਖ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ 29 ਅਪਰੈਲ ਨੂੰ ਪਟਿਆਲਾ ਵਿੱਚ ਹੋਈ ਹਿੰਦੂ ਸਿੱਖਾਂ ਦੀ ਆਪਸੀ ਹਿੰਸਾ ਨੂੰ ਲੈ ਕੇ ਜਿੱਥੇ ਨਿਖੇਧੀ ਕੀਤੀ ਉਥੇ ਪਟਿਆਲਾ ਪੁਲੀਸ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ। ਦਲ ਖਾਲਸਾ ਵਲੋਂ ਬਾਬਾ ਹਰਦੀਪ ਸਿੰਘ ਖ਼ਾਲਸਾ ਨੇ ਪਟਿਆਲਾ ਪੁਲੀਸ ਪ੍ਰਸ਼ਾਸਨ ਤੇ ਵਰ੍ਹਦਿਆਂ ਕਿਹਾ ਕਿ 29 ਅਪ੍ਰੈਲ ਨੂੰ ਖਾਲਿਸਤਾਨੀ ਦਿਵਸ ਮਨਾਏ ਜਾਣ ਤੋਂ ਰੋਕਣ ਲਈ ਪਹਿਲਾਂ ਹੀ ਹਿੰਦੂ ਜਥੇਬੰਦੀਆਂ ਨੇ ਯੋਜਨਾ ਬਣਾ ਲਈ ਸੀ ਪਰ ਪੁਲੀਸ ਨੂੰ ਪਤਾ ਹੋਣ ਦੇ ਬਾਵਜੂਦ ਘਟਨਾ ਨੂੰ ਰੋਕਣ ਲਈ ਕੋਈ ਉਪਰਾਲਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੋ ਇਸ ਘਟਨਾ ਵਿੱਚ ਦੋਸ਼ੀ ਹਨ ਉਨ੍ਹਾਂ ਨੂੰ ਸਜ਼ਾ ਮਿਲੇ ਪਰ ਬੇਦੋਸ਼ੇ ਨੌਜਵਾਨ ਸਿੰਘਾਂ ਨੂੰ ਵਿੱਚ ਨਾ ਘੜੀਸਿਆ ਜਾਵੇ। ਬਠਿੰਡਾ ਪ੍ਰੈੱਸ ਕਲੱਬ ਵਿਖੇ ਦਲ ਖ਼ਾਲਸਾ ਦੇ ਆਗੂ ਬਾਬਾ ਹਰਦੀਪ ਸਿੰਘ ਮਹਿਰਾਜ ਅਤੇ ਗੁਰਵਿੰਦਰ ਸਿੰਘ ਬਠਿੰਡਾ ਨੇ ਸਾਂਝੇ ਤੌਰ ’ਤੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਮੰਗ ਕੀਤੀ ਕਿ ਮਾਮਲੇ ਦੀ ਸਾਬਕਾ ਜੱਜ ਤੋਂ ਜਾਂਚ ਕਰਾਈ ਜਾਵੇ ਜਿਸ ਵਿੱਚ ਬੁੱਧੀਜੀਵੀ ਵਰਗ ਨੂੰ ਵੀ ਸ਼ਾਮਲ ਕੀਤਾ ਜਾਵੇ। ਇਸ ਮੌਕੇ ਨਿਗਰਾਨ ਕਮੇਟੀ ਬਣਾਈ ਗਈ।