ਫ਼ੀਸਾਂ ਵਸੂਲਣ ਵਿਰੁੱਧ ਗਰਜੀਆਂ ਜਥੇਬੰਦੀਆਂ

ਵਿਦਿਆਰਥੀ ਤੇ ਹਮਾਇਤੀ ਜਥੇਬੰਦੀਆਂ ਨੇ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਟਸ ਅੱਗੇ ਕੀਤਾ ਪ੍ਰਦਰਸ਼ਨ

ਫ਼ੀਸਾਂ ਵਸੂਲਣ ਵਿਰੁੱਧ ਗਰਜੀਆਂ ਜਥੇਬੰਦੀਆਂ

ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦਿਓਣ ਅੱਗੇ ਪ੍ਰਦਰਸ਼ਨ ਕਰਦੇ ਹੋਏ ਵਿਦਿਆਰਥੀ ਤੇ ਹੋਰਨਾਂ ਜਥੇਬੰਦੀਆਂ ਦੇ ਕਾਰਕੁਨ। -ਫੋਟੋ: ਪਵਨ ਸ਼ਰਮਾ

ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 12 ਅਗਸਤ

ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਟਸ ਦਿਓਣ ਅੱਗੇ ਵਿਦਿਆਰਥੀਆਂ ਤੇ ਹਮਾਇਤੀ ਸੰਗਠਨਾਂ ਨੇ ਕਥਿਤ ਭਾਰੀ ਫ਼ੀਸਾਂ ਦੀ ਵਸੂਲੀ ਵਿਰੁੱਧ ਧਰਨਾ ਲਾਇਆ। ਪ੍ਰਦਰਸ਼ਨ ’ਚ ਅਖ਼ਿਲ ਭਾਰਤੀ ਵਿਦਿਆਰਥੀ ਪਰਿਸ਼ਦ, ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ), ਨੌਜਵਾਨ ਭਾਰਤ ਸਭਾ, ਪੰਜਾਬ ਖੇਤ ਮਜ਼ਦੂਰ ਯੂਨੀਅਨ ਆਦਿ ਜਥੇਬੰਦੀਆਂ ਸ਼ਾਮਲ ਹੋਈਆਂ।

ਵਿਦਿਆਰਥੀ ਆਗੂ ਮਨਪ੍ਰੀਤ ਸਿੰਘ ਸਿੱਧੂ, ਸੰਦੀਪ ਕੌਰ, ਅਨਮੋਲਦੀਪ ਕੌਰ ਅਤੇ ਕਿਸਾਨ ਆਗੂ ਅਮਰੀਕ ਸਿੰਘ ਨੇ ਦੋਸ਼ ਲਾਏ ਕਿ ਅਦਾਰੇ ਵੱਲੋਂ ਵਿਦਿਆਰਥੀਆਂ ਤੋਂ ਕਥਿਤ ਭਾਰੀ ਫ਼ੀਸਾਂ ਜਮ੍ਹਾਂ ਕਰਵਾਉਣ ਲਈ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਫ਼ੋਨ ਕੀਤੇ ਜਾ ਰਹੇ ਹਨ। ਉਨ੍ਹਾਂ ਤਾਲਾਬੰਦੀ ਦੇ ਹਵਾਲੇ ਨਾਲ ਆਖਿਆ ਕਿ ਇਸ ਸਮੇਂ ਦੌਰਾਨ ਅਦਾਰੇ ਵਿਚ ਪੜ੍ਹਾਈ ਤਾਂ ਹੋਈ ਨਹੀਂ, ਇਸ ਲਈ ਉਹ ਫ਼ੀਸਾਂ ਦੇਣ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਟਿਊਸ਼ਨ ਫ਼ੀਸ ਲੈਣੀ ਜਾਇਜ਼ ਹੈ ਪਰ ਹੋਰ ਫ਼ੀਸਾਂ ਤੇ ਖ਼ਰਚਿਆਂ ਦੀ ਮੰਗ ਕਰਨਾ ਗ਼ੈਰ- ਵਾਜਿਬ ਹੈ।

ਆਗੂਆਂ ਨੇ ਕਿਹਾ ਕਿ ਫ਼ੀਸ ਦੇਣ ਤੋਂ ਅਸਮਰੱਥ ਵਿਦਿਆਰਥੀ ਅਦਾਰੇ ’ਚੋਂ ਆਪਣਾ ਨਾਂ ਕਟਵਾਉਣਾ ਚਾਹੁੰਦੇ ਹਨ ਪਰ ਸਰਟੀਫਿਕੇਟ ਕਟਵਾਉਣ ਲਈ ਵੀ ਕਥਿਤ ‘ਮੋਟੀ ਫ਼ੀਸ’ ਜੁਰਮਾਨਿਆਂ ਸਮੇਤ ਮੰਗੀ ਜਾ ਰਹੀ ਹੈ। ਵਿਖਾਵਾਕਾਰੀਆਂ ਨੇ ਇਸ ਨੂੰ ‘ਧੱਕੇਸ਼ਾਹੀ’ ਗਰਦਾਨਦਿਆਂ ਤਰਕਸੰਗਤ ਫ਼ੀਸਾਂ ਲੈਣ ਦੀ ਮੰਗ ਕੀਤੀ। ਵਿਖਾਵਾਕਾਰੀਆਂ ਨੇ ਨਾਅਰੇਬਾਜ਼ੀ ਕਰਦਿਆਂ ਚਿਤਾਵਨੀ ਦਿੱਤੀ ਕਿ ਉਹ ਟਿਊਸ਼ਨ ਫ਼ੀਸ ਤੋਂ ਇਲਾਵਾ ਹੋਰ ਕੋਈ ਫ਼ੀਸ ਨਹੀਂ ਭਰਨਗੇ ਅਤੇ ਮੰਗਾਂ ਨਾ ਮੰਨੇ ਜਾਣ ’ਤੇ ਸੰਘਰਸ਼ ਹੋਰ ਤੇਜ਼ ਕਰਨਗੇ।

ਕੋਈ ਵਾਧੂ ਫ਼ੀਸ ਨਹੀਂ ਲਈ ਜਾ ਰਹੀ: ਸਹਾਇਕ ਨਿਰਦੇਸ਼ਕ

ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਟਸ ਦਿਓਣ ਦੇ ਸਹਾਇਕ ਨਿਰਦੇਸ਼ਕ ਰਾਜਿੰਦਰ ਸਿੰਘ ਨੇ ਕਿਹਾ ਕਿ ਵੱਖ ਵੱਖ ਕੋਰਸਾਂ ਮੁਤਾਬਿਕ ਟਿਊਸ਼ਨ ਫ਼ੀਸ ਹੈ, ਜੋ ਕੁੱਲ ਫ਼ੀਸ ਦੇ 20 ਫ਼ੀਸਦ ਤੋਂ ਵੱਧ ਨਹੀਂ। ਉਨ੍ਹਾਂ ਤਰਕ ਦਿੱਤਾ ਕਿ ਅਦਾਰੇ ਦੇ ਅਨੇਕਾਂ ਤਰ੍ਹਾਂ ਦੇ ਖ਼ਰਚ ਹਨ, ਜੋ ਟਿਊਸ਼ਨ ਫ਼ੀਸ ਨਾਲ ਪੂਰੇ ਨਹੀਂ ਹੋ ਸਕਦੇ। ਉਨ੍ਹਾਂ ਦੱਸਿਆ ਕਿ ਅਦਾਰਾ ਵਿਦਿਆਰਥੀਆਂ ਤੋਂ ਹੋਸਟਲ ਅਤੇ ਟਰਾਂਸਪੋਰਟ ਦੀ ਫ਼ੀਸ ਨਹੀਂ ਲੈ ਰਿਹਾ। ਉਨ੍ਹਾਂ ਵਿਦਿਆਰਥੀਆਂ ਨੂੰ ਗ਼ਲਤ ਫ਼ਹਿਮੀਆਂ ਤਿਆਗ ਕੇ ਪੜ੍ਹਾਈ ਵੱਲ ਧਿਆਨ ਦੇਣ ਦੀ ਅਪੀਲ ਕੀਤੀ। ਸੰਸਥਾ ਦੇ ਪ੍ਰਬੰਧਕਾਂ ਵੱਲੋਂ ਮੰਗ-ਪੱਤਰ ਲਏ ਜਾਣ ਪਿੱਛੋਂ ਪ੍ਰਦਰਸ਼ਨਕਾਰੀਆਂ ਨੇ ਧਰਨਾ ਸਮਾਪਤ ਕੀਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All