ਮਨੋਜ ਸ਼ਰਮਾ
ਬਠਿੰਡਾ, 9 ਫਰਵਰੀ
ਇੱਥੇ ਵੱਖ-ਵੱਖ ਯੂਨੀਅਨਾਂ ਡੈਮੋਕਰੈਟਿਕ ਟੀਚਰ ਫਰੰਟ, ਪੀਐਸਯੂ, ਠੇਕਾ ਮੁਲਾਜ਼ਮ, ਨੌਜਵਾਨ ਭਾਰਤ ਸਭਾ ਦੇ ਕਾਰਕੁਨਾਂ ਨੇ ਰੋਸ ਮਾਰਚ ਕੱਢਿਆ। ਜਥੇਬੰਦੀਆਂ ਦੇ ਕਾਰਕੁਨਾਂ ਨੇ ਹਨੂਮਾਨ ਚੌਕ ਨੇੜੇ ਪੀਰਖ਼ਾਨੇ ਅੱਗੇ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਅੰਦੋਲਨਕਾਰੀਆਂ ਨੂੰ ਪਰਜੀਵੀ ਕਹਿਣ ਦੀ ਨਿਖੇਧੀ ਕਰਦਿਆਂ ਮੋਦੀ ਦਾ ਪੁਤਲਾ ਫੂਕਿਆ। ਰੇਸ਼ਮ ਸਿੰਘ ਖੇਮੂਆਣਾ, ਅਸ਼ਵਨੀ ਘੁੱਦਾ ਤੇ ਅ੍ਰੰਮਿਤਪਾਲ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਅੰਦੋਲਨਕਾਰੀਆਂ ਤੋਂ ਮੁਆਫ਼ੀ ਮੰਗੇ ਕਿਉਂਕਿ ਦੇਸ਼ ਨੂੰ ਆਜ਼ਾਦ ਕਰਵਾਉਣ ਵਿੱਚ ਅੰਦੋਲਨਕਾਰੀਆਂ ਦੀ ਅਹਿਮ ਭੂਮਿਕਾ ਹੈ ਅਤੇ ਪ੍ਰਧਾਨ ਮੰਤਰੀ ਵੱਲੋਂ ਅੰਦੋਲਨਕਾਰੀ ਨੂੰ ਪਰਜੀਵੀ ਕਹਿਣਾ ਦੇਸ਼ ਨੂੰ ਆਜ਼ਾਦੀ ਦਿਵਾਉਣ ਵਾਲੇ ਸਮੁੱਚੇ ਅੰਦੋਲਨਕਾਰੀਆਂ ਦਾ ਅਪਮਾਨ ਹੈ। ਉਨ੍ਹਾਂ ਮੰਗ ਕੀਤੀ ਕਿ ਖੇਤੀ ਵਿਰੋਧੀ ਕਾਲੇ ਕਾਨੂੰਨ ਤੁਰੰਤ ਰੱਦ ਕੀਤੇ ਜਾਣ।
ਕਿਸਾਨਾਂ ਵੱਲੋਂ ਭਾਜਪਾ ਉਮੀਦਵਾਰ ਦਾ ਘਿਰਾਓ
ਕੋਟਕਪੂਰਾ (ਟਨਸ): ਸ਼ਹਿਰ ਦੇ ਵਾਰਡ ਨੰਬਰ-24 ਵਿੱਚ ਅੱਜ ਭਾਜਪਾ ਉਮੀਦਵਾਰ ਹਰਸ਼ ਸ਼ਰਮਾ ਵੱਲੋਂ ਕੱਢੀ ਜਾ ਰਹੀ ਚੋਣ ਪ੍ਰਚਾਰ ਰੈਲੀ ਦਾ ਕਿਸਾਨਾਂ ਨੇ ਤਿੱਖਾ ਵਿਰੋਧ ਕੀਤਾ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਡਾਜਪਾ ਉਮੀਦਵਾਰ ਨੂੰ ਚਿਤਾਵਨੀ ਦਿੱਤੀ ਗਈ ਕਿ ਕਿਸਾਨ ਮਾਰੂ ਨੀਤੀਆਂ ’ਤੇ ਚੱਲਣ ਵਾਲੀ ਇਸ ਸਿਆਸੀ ਪਾਰਟੀ ਦਾ ਚੋਣ ਰਾਹ ਸੁਖਾਲਾ ਨਹੀਂ।