ਪੱਤਰ ਪ੍ਰੇਰਕ
ਮਾਨਸਾ, 26 ਜੂਨ
ਮਾਨਸਾ ਪੁਲੀਸ ਵੱਲੋਂ ਅੱਜ ਕੌਮਾਂਤਰੀ ਨਸ਼ਾਖੋੋਰੀ ਅਤੇ ਗੈਰ-ਕਾਨੂੰਨੀ ਤਸ਼ਕਰੀ ਵਿਰੋਧੀ ਦਿਵਸ ਮਨਾਇਆ ਗਿਆ, ਜਿਸ ਦੌਰਾਨ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਗਰੂਕ ਕਰਨ ਅਤੇ ਜ਼ਿਲ੍ਹੇ ਅੰਦਰ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਵਿਸ਼ੇਸ ਮੁਹਿੰਮ ਚਲਾਈ ਗਈ।
ਸੀਨੀਅਰ ਕਪਤਾਨ ਪੁਲੀਸ ਗੌਰਵ ਤੂਰਾ ਨੇ ਦੱਸਿਆ ਕਿ ਸੰਯੁਕਤ ਰਾਸ਼ਟਰ ਸੰਘ (ਯੂ.ਐਨ.ਓ.) ਵੱਲੋਂ 26 ਜੂਨ ਦੇ ਦਿਹਾੜੇ ਨੂੰ ਕੌਮਾਂਤਰੀ ਨਸ਼ਾ ਵਿਰੋਧੀ ਦਿਵਸ ਦੇ ਤੌਰ ’ਤੇ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਸੀ। ਇਸ ਤਹਿਤ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਦੇ ਇਲਾਕਾ ਅੰਦਰ 96 ਐਂਟੀ-ਡਰੱਗ ਸੈਮੀਨਰ/ਮੀਟਿੰਗਾਂ ਕਰ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਹੈ ਅਤੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਬਜਾਏ ਪੜ੍ਹਾਈ ਅਤੇ ਖੇਡਾਂ ਵੱਲ ਪ੍ਰੇਰਿਤ ਕੀਤਾ ਜਾ ਰਿਹਾ ਹੈ, ਜੋੋ ਇਹ ਮੁਹਿੰਮ ਲਗਾਤਾਰ ਜਾਰੀ ਹੈ। ਐੱਸਐੱਸਪੀ ਨੇ ਦੱਸਿਆ ਕਿ ਜਿਲ੍ਹਾ ਮਾਨਸਾ ਦਾ ਜ਼ਿਆਦਾਤਰ ਇਲਾਕਾ ਹਰਿਆਣਾ ਸੂਬਾ ਨਾਲ ਲੱਗਦਾ ਹੋਣ ਕਰਕੇ ਨਸ਼ਿਆਂ ਦੀ ਸਮੱਗਲਿੰਗ ਦੀ ਸੰਭਾਵਨਾ ਬਣੀ ਰਹਿੰਦੀ ਹੈ। ਥਾਣਿਆਂ ਵੱਲੋਂ ਰੋਜ਼ਾਨਾ ਦਿਨ/ਰਾਤ ਦੀਆ ਗਸ਼ਤਾ ਕੱਢ ਕੇ ਅਸਰਦਾਰ ਢੰਗ ਨਾਲ ਕੜੀ ਨਿਗਰਾਨੀ ਕੀਤੀ ਜਾ ਰਹੀ ਹੈ।
ਸ਼ਹਿਣਾ ਪੱਤਰ ਪ੍ਰੇਰਕ): ਭਗਵਾਨ ਵਾਲਮੀਕਿ ਸ਼ੋਸਲ ਵੈਲਫੇਅਰ ਕਲੱਬ ਸ਼ਹਿਣਾ ਵੱਲੋਂ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮਨਾਇਆ ਗਿਆ। ਇਸ ਮੌਕੇ ਡਾਕਟਰ ਨਛੱਤਰ ਸਿੰਘ ਸੰਧੂ ਅਤੇ ਆਗੂ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਵਿਸ਼ਵ ਭਰ ’ਚ ਹਰ ਸਾਲ ਲਗਪੱਗ 500 ਅਰਬ ਡਾਲਰ ਦਾ ਨਸ਼ਿਆ ਦਾ ਵਪਾਰ ਹੁੰਦਾ ਹੈ।
ਮੱਖੂ (ਪੱਤਰ ਪ੍ਰੇਰਕ ): ਕੌਮਾਂਤਰੀ ਨਸ਼ਾ ਵਿਰੋਧੀ ਦਿਵਸ ਮੌਕੇ ਇਥੇ ਸ਼ਿਵਮ ਪੈਲਿਸ ਮੱਖੂ ਵਿੱਚ ਇਕ ਪ੍ਰਭਾਵਸ਼ਾਲੀ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ, ਪੁਲੀਸ ਪ੍ਰਸ਼ਾਸਨ, ਇਲਾਕੇ ਦੇ ਪੰਚ ਸਰਪੰਚ,ਵੱਡੀ ਤਾਦਾਦ ਵਿੱਚ ਆਮ ਲੋਕ ਅਤੇ ਪੱਤਰਕਾਰਾਂ ਨੇ ਭਾਗ ਲਿਆ। ਇਸ ਮੌਕੇ ‘ਆਪ’ ਆਗੂ ਜਰਨੈਲ ਸਿੰਘ ਸੰਧੂ, ਕੈਪਟਨ ਨਸ਼ੱਤਰ ਸਿੰਘ, ਰਸ਼ਪਾਲ ਸਿੰਘ ਸੰਧੂ, ਕੁਲਵਿੰਦਰ ਪ੍ਰਧਾਨ, ਬਲਵੀਰ ਲਹਿਰਾ ਅਤੇ ਪ੍ਰੈੱਸ ਦੇ ਪ੍ਰਧਾਨ ਕੇਵਲ ਆਹੂਜਾ ਤੋਂ ਸਿਵਾ ਕਈ ਪੰਚ ਸਰਪੰਚ ਹਾਜ਼ਰ ਸਨ।
ਪਿੰਡ ਮਹਿਮਾ ਸਰਜਾ ਵਿੱਚ ਸੈਮੀਨਾਰ
ਬਠਿੰਡਾ (ਪੱਤਰ ਪ੍ਰੇਰਕ): ਸਰਕਾਰ ਵੱਲੋਂ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਥਾਣਾ ਨੇਹੀਆਂ ਵਾਲਾ ਦੀ ਪੁਲੀਸ ਦੇ ਸਹਿਯੋਗ ਨਾਲ ਗੋਨਿਆਨਾ ਬਲਾਕ ਦੇ ਪਿੰਡ ਮਹਿਮਾ ਸਰਜਾ ਵਿੱਚ ਨਸ਼ਾ ਵਿਰੋਧੀ ਦਿਵਸ ਮੌਕੇ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱਚ ਵਿਧਾਇਕ ਮਾਸਟਰ ਜਗਸੀਰ ਸਿੰਘ ਅਤੇ ਪਾਰਟੀ ਦੇ ਜ਼ਿਲ੍ਹਾ ਜੁਆਇੰਟ ਸਕੱਤਰ ਸੁਰਿੰਦਰ ਬਿੱਟੂ ਪੁੱਜੇ। ਪਿੰਡ ਦੇ ਫੋਕਲ ਪੁਆਇੰਟ ਵਿੱਚ ਰੱਖੇ ਗਏ ਨਸ਼ਾ ਵਿਰੋਧੀ ਕੌਮਾਂਤਰੀ ਦਿਵਸ ਨੂੰ ਸਮਰਪਿਤ ਇਸ ਸਮਾਗਮ ਦੌਰਾਨ ਵੱਖ-ਵੱਖ ਪਿੰਡਾਂ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਆਮ ਆਦਮੀ ਪਾਰਟੀ ਦੇ ਬੁਲਾਰੇ ਸਾਬਕਾ ਸਰਪੰਚ ਮਹਿੰਦਰ ਸਿੰਘ ਨੇ ਨਸ਼ਿਆਂ ਵਿਰੁੱਧ ਚਾਨਣਾ ਪਾਇਆ। ਥਾਣਾ ਨੇਹੀਆਂ ਵਾਲਾ ਦੇ ਇੰਚਾਰਜ ਡਾ. ਬਲਕੌਰ ਸਿੰਘ ਨੇ ਕਿਹਾ ਕਿ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦਾ ਧਿਆਨ ਰੱਖਣ। ਵਿਧਾਇਕ ਮਾਸਟਰ ਜਗਸੀਰ ਸਿੰਘ ਨੇ ਦਰਬਾਰ ਲਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਪਿੰਡ ਦੇ ਜਲ ਘਰ ਦੀ ਨਿੱਘਰੀ ਹਾਲਤ ਠੀਕ ਕਰਨ ਬਾਰੇ ਵੀ ਭਰੋਸਾ ਦਿਵਾਇਆ। ਵਿਧਾਇਕ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸਾਂਝੇ ਕੰਮਾਂ ਲਈ ਐਸਟੀਮੇਟ ਬਣਾ ਕੇ ਦੇਣ। ਇਸ ਮੌਕੇ ਕੌਂਸਲਰ ਜਲੰਧਰ ਸਿੰਘ, ਜਸਕਰਨ ਸਿੰਘ, ਪ੍ਰਿਤਪਾਲ ਸਿੰਘ, ਗੁਰਪ੍ਰੀਤ ਸਿੰਘ, ਇੰਦਰਜੀਤ ਸਿੰਘ ਅਤੇ ਪਾਲ ਸਿੰਘ ਜੰਡਾਂਵਾਲਾ ਮੌਜੂਦ ਸਨ।