ਮਨੋਜ ਸ਼ਰਮਾ
ਬਠਿੰਡਾ, 10 ਨਵੰਬਰ
ਨਰਸਿੰਗ ਐਸੋਸੀਏਸ਼ਨ ਬਠਿੰਡਾ ਵੱਲੋਂ ਅੱਜ ਜੁਆਇੰਟ ਐਕਸ਼ਨ ਨਰਸਿਜ਼ ਕਮੇਟੀ ਪੰਜਾਬ ਐਂਡ ਯੂਟੀ ਦੇ ਸੱਦੇ ’ਤੇ ਕਲਮ ਛੋੜ ਅਤੇ ਟੂਲ ਡਾਊਨ ਹੜਤਾਲ ਸ਼ੁਰੂ ਕੀਤੀ ਗਈ। ਨਰਸਿੰਗ ਸਟਾਫ ਨੇ ਐਮਰਜੈਂਸੀ ਸੇਵਾਵਾਂ ਬੰਦ ਕਰਦੇ ਹੋਏ ਸਿਵਲ ਸਰਜਨ ਦਫ਼ਤਰ ਅੱਗੇ ਰੋਸ ਧਰਨਾ ਦਿੰਦਿਆਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਜਥੇਬੰਦੀ ਦੀ ਪ੍ਰਧਾਨ ਸਵਰਨਜੀਤ ਕੌਰ ਨੇ ਪੰਜਾਬ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਨਰਸਿੰਗ ਸਟਾਫ ਦੀਆਂ ਮੰਗਾਂ ਨੂੰ ਪੰਜਾਬ ਸਰਕਾਰ ਲਗਾਤਾਰ ਅੱਖੋਂ ਪਰੋਖੇ ਕਰ ਰਹੀ ਹੈ।
ਇਸ ਮੌਕੇ ਪੈਰਾਮੈਡੀਕਲ ਨਾਲ ਸਬੰਧਤ ਵੱਖ ਵੱਖ ਬੁਲਾਰਿਆਂ ਨੇ ਨਰਸਿੰਗ ਸਟਾਫ ਦੀਆਂ ਜਾਇਜ਼ ਮੰਗਾਂ ਜਿਵੇਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ, ਡਾਈਟ ਅਲਾਊਂਸ, ਯੂਨੀਫਾਰਮ ਅਲਾਊਂਸ, ਕੱਟੇ ਹੋਏ ਭੱਤੇ ਬਹਾਲ ਕਰਨਾ, ਨਰਸਿੰਗ ਸਟਾਫ ਦੀ ਭਰਤੀ ਰੈਗੂਲਰ ਕਰਨਾ, ਪੇਅ ਕਮਿਸ਼ਨ ਨੂੰ ਕੇਂਦਰ ਸਰਕਾਰ ਨਾਲ ਜੋੜਨ ਦੀ ਬਜਾਏ ਪਹਿਲਾਂ ਵਾਂਗ ਪੰਜਾਬ ਪੇਅ ਕਮਿਸ਼ਨ ਅਨੁਸਾਰ ਸੋਧੀਆਂ ਹੋਈਆਂ ਤਨਖਾਹਾਂ ਦੇਣਾ ਆਦਿ ਦੀ ਮੰਗ ਕੀਤੀ।
ਕੋਟਕਪੂਰਾ (ਟ੍ਰਿਬਿਊਨ ਨਿਊਜ਼ ਸਰਵਿਸ): ਸਥਾਨਕ ਸਿਵਲ ਹਸਪਤਾਲ ’ਚ ਸਟਾਫ ਨਰਸਾਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਧਰਨਾ ਦਿੱਤਾ ਗਿਆ। ਨਰਸਿੰਗ ਸਟਾਫ ਯੂਨੀਅਨ ਨੇ ਪੰਜਾਬ ਸਰਕਾਰ ’ਤੇ ਉਨ੍ਹਾਂ ਦੇ ਗਰੇਡ ਵਿਚ ਵਾਧਾ ਨਾ ਕਰਨ ਦਾ ਦੋਸ਼ ਲਾਇਆ। ਲਵਪ੍ਰੀਤ ਕੌਰ ਦੀ ਅਗਵਾਈ ਹੇਠ ਹਸਪਤਾਲ ਵਿਚ ਬੈਠੀਆਂ ਸਟਾਫ ਨਰਸਾਂ ਅਮਨਦੀਪ ਕੌਰ, ਦਰਸ਼ਨ ਕੌਰ, ਮਨਜੀਤ ਕੌਰ, ਪਰਮਜੀਤ ਕੌਰ ਨੇ ਦੱਸਿਆ ਕਿ ਉਹ ਪਿਛਲੇ ਚਾਰ ਵਰ੍ਹਿਆਂ ਤੋਂ ਸੰਘਰਸ਼ ਕਰ ਰਹੀਆਂ ਹਨ ਤੇ ਅੱਜ ਤੋਂ ਅਣਮਿਥੇ ਸਮੇਂ ਲਈ ਹੜਤਾਲ ਕੀਤੀ ਗਈ ਹੈ।