ਜੋਗਿੰਦਰ ਸਿੰਘ ਮਾਨ
ਮਾਨਸਾ, 26 ਜੁਲਾਈ
ਮਾਨਸਾ ਖੇਤਰ ਵਿੱਚ ਅੱਜ ਇੱਕ ਦਰਜਨ ਤੋਂ ਵੱਧ ਪਿੰਡਾਂ ਵਿੱਚ ਨਰਮੇ ਦੀ ਫ਼ਸਲ ਨੂੰ ਵਾਹਿਆ ਗਿਆ ਹੈ। ਮਾਲਵਾ ਇਲਾਕੇ ਵਿੱਚ ਗੁਲਾਬੀ ਸੁੰਡੀ ਅਤੇ ਚਿੱਟੀ ਮੱਖੀ ਦਾ ਹਮਲਾ ਨਿਰੰਤਰ ਜਾਰੀ ਹੈ ਅਤੇ ਇਸ ਆਫ਼ਤ ਕਾਰਨ ਹਰ ਰੋਜ਼ ਕਿਸਾਨ ਆਪਣੀ ਨਰਮੇ ਦੀ ਫ਼ਸਲ ਨੂੰ ਵਾਹ ਰਹੇ ਹਨ। ਅੱਜ ਮਾਨਸਾ ਨੇੜਲੇ ਪਿੰਡ ਅਕਲੀਆ ਦੇ ਕਿਸਾਨ ਹਰਮੰਦਰ ਸਿੰਘ ਨੇ 10 ਕਨਾਲ, ਬਲਜੀਤ ਸਿੰਘ 4 ਕਨਾਲ, ਲਾਭ ਸਿੰਘ ਨੇ 5 ਕਨਾਲ ਅਤੇ ਪਿੰਡ ਖਿਆਲਾ ਕਲਾਂ ਦੇ ਮਲਕੀਤ ਸਿੰਘ ਨੇ 6 ਕਨਾਲ ਨਰਮਾ ਵਾਹਿਆ। ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਆਗੂ ਬੂਟਾ ਸਿੰਘ ਅਕਲੀਆ ਨੇ ਕਿਹਾ ਕਿ ਸਰਕਾਰ ਦਾ ਰੁੱਖ ਗੈਰ ਜ਼ਿੰਮੇਵਾਰਾਨਾ ਹੈ ਅਤੇ ਸਰਕਾਰੀ ਅਧਿਕਾਰੀ ਖੇਤਾਂ ਵਿੱਚ ਜਾ ਕੇ ਸਿਰਫ਼ ਆਪਣੀ ਖਾਨਾ ਪੂਰਤੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਫੌਰੀ ਤੋਰ ’ਤੇ ਗਿਰਦਾਵਰੀ ਕਰਵਾ ਕੇ ਨਰਮਾ ਕਾਸ਼ਤਕਾਰਾਂ ਨੂੰ ਮੁਆਵਜ਼ਾ ਦੇਵੇ ਅਤੇ ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਜੇ ਸਰਕਾਰ ਨੇ ਆਪਣਾ ਰੁੱਖ ਨਾ ਬਦਲਿਆ ਤਾਂ ਜੱਥੇਬੰਦੀ ਦੇ 3 ਅਗਸਤ ਦੇ ਰੋਡ ਜਾਮ ਦੇ ਫੈਸਲੇ ਉੱਤੇ ਪਹਿਰਾ ਦਿੱਤਾ ਜਾਵੇਗਾ। ਇਸ ਮੌਕੇ ਰੂਪ ਸਿੰਘ ਖਿਆਲਾ, ਕਾਲਾ ਸਿੰਘ, ਹਰਦੀਪ ਸਿੰਘ ਨੇ ਵੀ ਸੰਬੋਧਨ ਕੀਤਾ।
ਗਿੱਦੜਬਾਹਾ (ਦਵਿੰਦਰ ਮੋਹਨ ਬੇਦੀ): ਪਿੰਡ ਹੁਸਨਰ ਦੇ ਕਿਸਾਨ ਗੁਰਮੇਲ ਸਿੰਘ ਨੇ ਨਰਮੇ ਦੀ ਪੰਜ ਏਕੜ ਫਸਲ ਵਾਹੁਣ ਸਮੇਂ ਦੱਸਿਆ ਕਿ ਕਿਸਾਨ ਪਹਿਲਾਂ ਹੀ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੈ ਪਰ ਜਦੋਂ ਇੱਕ ਫਸਲ ਪਾਲ ਕੇ ਉਸ ਨੂੰ ਫਿਰ ਅਪਣੇ ਹੱਥੀਂ ਹੀ ਵਾਹ ਕੇ ਨਵੀਂ ਫਸਲ ਬੀਜਣ ਲਈ ਮਜਬੂਰ ਹੁੰਦਾ ਹੈ ਤਾਂ ਉਸ ਸਮੇਂ ਕਿਸਾਨ ਦੇ ਦਿਲ ’ਤੇ ਕੀ ਬੀਤਦੀ ਹੈ ਸਿਰਫ ਕਿਸਾਨ ਹੀ ਜਾਣਦਾ ਹੈ। ਉਨ੍ਹਾਂ ਦੱਸਿਆ ਕਿ ਮੈ ਫਸਲੀ ਬਦਲਾਅ ਦੇ ਚੱਕਰ ਵਿੱਚ ਨਰਮੇ ਦੀ ਫਸਲ ਬੀਜੀ ਸੀ ਮਹਿੰਗੇ ਭਾਅ ਦੇ ਬੀਜ, ਚੰਗੀ ਖਾਦ ਅਤੇ ਮਹਿੰਗੇ ਭਾਅ ਦੀਆਂ ਸਪਰੇਅ ਕਰਕੇ ਵੇਖੀ ਪਰ ਚਿੱਟਾ ਮੱਛਰ, ਤੇਲਾ ਅਤੇ ਹੋਰ ਵੀ ਕਈ ਬਿਮਾਰੀਆਂ ਨੇ ਨਰਮੇ ਦੀ ਫਸਲ ਨੂੰ ਘੇਰ ਲਿਆ। ਅਖੀਰ ਥੱਕ ਹਾਰ ਕੇ ਅੱਜ ਪੰਜ ਏਕੜ ਨਰਮੇ ਦੀ ਫਸਲ ਵਾਹ ਰਹੇ ਹਾਂ ਤੇ ਹੁਣ ਝੋਨਾਂ ਬੀਜਣ ਦੀ ਤਿਆਰੀ ਕਰ ਰਹੇ ਹਾਂ ਅੱਗੇ ਕੀ ਹੋਣਾ ਰੱਬ ਹੀ ਜਾਣਦਾ ਹੈ।
ਮੰਡੀ ਰੋੜਾਂਵਾਲੀ (ਜਗਮੀਤ ਸੰਧੂ): ਮਾਲਵਾ ਪੱਟੀ ’ਚ ਹੁਣ ਚਿੱਟੇ ਮੱਛਰ ਦਾ ਭਿਆਨਕ ਰੋਗ ਵੀ ਕਿਸਾਨਾਂ ਲਈ ਇੱਕ ਵੱਡੀ ਆਫਤ ਲੈ ਕੇ ਆਇਆ ਹੈ। ਨਰਮੇ ਦੀ ਫ਼ਸਲ ਤੇ ਚਿੱਟੇ ਮੱਛਰ ਦੇ ਹਮਲੇ ਕਾਰਨ ਅੱਜ ਹਲਕਾ ਜਲਾਲਾਬਾਦ ਅਧੀਨ ਆਉਂਦੀ ਮੰਡੀ ਰੋੜਾਂਵਾਲੀ, ਹਲੀਮ ਵਾਲਾ ਵਿਚ ਕਿਸਾਨਾਂ ਨੇ ਫਸਲ ਨੂੰ ਵਾਹ ਦਿੱਤਾ। ਫਸਲ ਨੂੰ ਵਾਹ ਰਹੇ ਕਿਸਾਨ ਗੁਰਮੀਤ ਸਿੰਘ ਨੁਕੇਰੀਆ, ਸੱਤਪਾਲ ਲਾਟੀ ਵਾਸੀ ਮੰਡੀ ਰੋੜਾਂ ਵਾਲੀ, ਕਿਸਾਨ ਕੇਸਰ ਚੰਦ ਵਾਸੀ ਹਲੀਮ ਵਾਲਾ ਨੇ ਚਿੱਟੇ ਮੱਛਰ ਦੇ ਭਿਆਨਕ ਰੋਗ ਨੇ ਫ਼ਸਲ ਨੂੰ ਆਪਣੀ ਜਕੜ ਵਿੱਚ ਲੈ ਲਿਆ ਹੈ। ਕਿਸਾਨ ਗੁਰਮੀਤ ਸਿੰਘ ਦੇ ਅਨੁਸਾਰ ਉਸ ਨੇ ਇਸ ਵਾਰ ਸੱਠ ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਠੇਕੇ ’ਤੇ ਜ਼ਮੀਨ ਲਈ ਹੈ, ਪਰ ਚਿੱਟੇ ਮੱਛਰ ਨੇ ਉਨ੍ਹਾਂ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ ਹੈ।
ਏਲਨਾਬਾਦ (ਪੱਤਰ ਪ੍ਰੇਰਕ): ਇੱਥੋਂ ਦੀ ਢਾਣੀ ਅਲਬੇਲ ਸਿੰਘ ਵਿਖੇ ਕਿਸੇ ਭਿਆਨਕ ਬਿਮਾਰੀ ਨਾਲ ਖਰਾਬ ਹੋਈ ਨਰਮੇ ਦੀ ਫ਼ਸਲ ਨੂੰ ਅੱਜ ਕਿਸਾਨ ਵਲੋਂ ਵਾਹ ਦਿੱਤਾ ਗਿਆ। ਪੀੜਤ ਕਿਸਾਨ ਗੁਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਚਾਰ ਏਕੜ ਵਿੱਚ ਖੜ੍ਹੀ ਨਰਮੇ ਨੂੰ ਲੱਗੇ ਫੁੱਲ ਝੜਨ ਲੱਗ ਪਏ ਸਨ। ਉਨ੍ਹਾਂ ਕਿਹਾ ਕਿ ਇਸ ਫ਼ਸਲ ਤੇ ਹੁਣ ਤੱਕ ਕਰੀਬ ਇੱਕ ਲੱਖ ਰੁਪਏ ਖਰਚ ਕੀਤੇ ਜਾ ਚੁੱਕੇ ਸਨ। ਗੁਰਪਾਲ ਸਿੰਘ ਨੇ ਆਖਿਆ ਕਿ ਹੁਣ ਹੋਰ ਕਿਸੇ ਵੀ ਫ਼ਸਲ ਦੀ ਬਿਜਾਈ ਦਾ ਸਮਾਂ ਨਾ ਹੋਣ ਕਾਰਨ ਉਨ੍ਹਾਂ ਨੂੰ ਜ਼ਮੀਨ ਖਾਲੀ ਰੱਖਣੀ ਪਵੇਗੀ ਜਿਸ ਨਾਲ ਉਨ੍ਹਾਂ ਨੂੰ ਤਿੰਨ ਚਾਰ ਲੱਖ ਦਾ ਆਰਥਿਕ ਨੁਕਸਾਨ ਝੱਲਣਾ ਪਵੇਗਾ।
ਮਲੋਟ ਵਿੱਚ ਕਿਸਾਨਾਂ ਨੇ 60 ਏਕੜ ਨਰਮਾ ਵਾਹਿਆ
ਮਲੋਟ (ਲਖਵਿੰਦਰ ਸਿੰਘ): ਇਲਾਕੇ ’ਚ ਇਸ ਵੇਲੇ ਗੁਲਾਬੀ ਸੁੰਡੀ ਅਤੇ ਚਿੱਟੇ ਮੱਛਰ ਦਾ ਪ੍ਰਕੋਪ ਸਿਖਰ ‘ਤੇ ਹੈ, ਜਿਸ ਤੋਂ ਦੁਖੀ ਮਲੋਟ ਹਲਕੇ ਦੇ ਪਿੰਡ ਅਬੁੱਲਖੁਰਾਣਾ ਦੇ ਦਰਜਨਾਂ ਕਿਸਾਨਾਂ ਕ੍ਰਿਪਾਲ ਸਿੰਘ , ਹਰਵਿੰਦਰ ਸਿੰਘ, ਦਰਬਾਰਾ ਸਿੰਘ, ਮੀਨਾ, ਰਜਿੰਦਰ ਸਿੰਘ, ਸੁਰਜੀਤ ਸਿੰਘ , ਟੇਕ ਸਿੰਘ, ਗੋਗੀ, ਮਹਾਂਵੀਰ ਸਿੰਘ, ਸੁਰਜੀਤ ਸਿੰਘ ਅਤੇ ਗੁਰਜੰਟ ਸਿੰਘ ਆਦਿ ਨੇ ਕਰੀਬ 60 ਏਕੜ ਨਰਮੇ ਦੀ ਫਸਲ ਵਾਹ ਦਿੱਤੀ ਹੈ। ਇਸੇ ਤਰ੍ਹਾਂ ਆਉਣ ਵਾਲੇ ਦਿਨਾਂ ਵਿਚ ਹੋਰ ਵੀ ਕਿਸਾਨ ਨਰਮੇ ਦੀ ਫਸਲ ਵਾਹ ਸਕਦੇ ਹਨ। ਇਸ ਮੌਕੇ ਇਕੱਤਰ ਕਿਸਾਨਾਂ ਨੇ ਦੱਸਿਆ ਕਿ ਜਿਹੜਾ ਨਰਮਾ ਮੀਂਹ ਤੋਂ ਬਚ ਗਿਆ ਸੀ, ਉਸ ‘ਤੇ ਗੁਲਾਬੀ ਸੁੰਡੀ ਤੇ ਚਿੱਟੇ ਮੱਛਰ ਨੇ ਹੱਲਾ ਬੋਲ ਦਿੱਤਾ ਹੈ, ਮਜਬੂਰੀਵੱਸ ਉਹ ਨਰਮੇ ਨੂੰ ਵਾਹ ਰਹੇ ਹਨ। ਕਿਸਾਨਾਂ ਨੇ ਗਿਲਾ ਜ਼ਾਹਿਰ ਕਰਦਿਆਂ ਕਿਹਾ ਕਿ ਕਿਸੇ ਵੀ ਖੇਤੀਬਾੜੀ ਵਿਭਾਗ ਦੇ ਕਰਮਚਾਰੀ ਨੇ ਉਨ੍ਹਾਂ ਨਾਲ ਰਾਬਤਾ ਕਾਇਮ ਨਹੀਂ ਕੀਤਾ। ਓਧਰ ਖੇਤੀਬਾੜੀ ਅਧਿਕਾਰੀਆਂ ਦਾ ਕਹਿਣਾ ਸੀ ਕਿ ਚਿੱਟਾ ਮੱਛਰ ਮੂੰਗੀ ਦੀ ਜ਼ਿਆਦਾ ਬਿਜਾਈ ਕਰਕੇ ਹੈ, ਜਦਕਿ ਗੁਲਾਬੀ ਸੁੰਡੀ ਤੋਂ ਉਹ ਅਨਜਾਣ ਹਨ।
ਨਰਮਾ ਪੱਟੀ ਹੇਠਲਾ ਵੱਡਾ ਰਕਬਾ ਝੋਨੇ ’ਚ ਤਬਦੀਲ ਹੋਇਆ
ਬਠਿੰਡਾ (ਮਨੋਜ ਸ਼ਰਮਾ): ਪੰਜਾਬ ਵਿੱਚ ਨਰਮਾ ਪੱਟੀ ਦੇ ਕਿਸਾਨ ਗੁਲਾਬੀ ਸੁੰਡੀ ਅਤੇ ਚਿੱਟੀ ਮੱਖੀ ਕਾਰਨ ਵੱਡੀ ਪੱਧਰ ’ਤੇ ਨਰਮੇ ਦੀ ਫ਼ਸਲ ਨੂੰ ਵਾਹ ਰਹੇ ਹਨ। ਬਠਿੰਡਾ ਖੇਤਰ ਦੀ ਗੱਲ ਕੀਤੀ ਜਾਵੇ ਨਰਮੇ ਦੀ 62 ਹਜ਼ਾਰ ਹੈਕਟੇਅਰ ਵਿੱਚੋਂ ਤਕਰੀਬਨ 50 ਫੀਸਦੀ ਰਕਬਾ ਨਰਮੇ ਹੇਠੋਂ ਨਿਕਲ ਕੇ ਝੋਨੇ ਵਿੱਚ ਤਬਦੀਲ ਹੋ ਗਿਆ ਹੈ ਭਾਵੇਂ ਕਿ ਖੇਤੀਬਾੜੀ ਵਿਭਾਗ ਵੱਲੋਂ ਟੀਮਾਂ ਬਣਾ ਕੇ ਕਿਸਾਨਾਂ ਨੂੰ ਨਰਮੇ ਦੀ ਫਸਲ ਨਾ ਵਾਹੁਣ ਦੀਆਂ ਅਪੀਲਾਂ ਵੀ ਕੀਤੀਆਂ ਗਈਆਂ ਅਤੇ ਵਿਭਾਗ ਨਰਮੇ ਦੀ ਤੀਹ ਫ਼ੀਸਦੀ ਨਰਮੇ ਦੀ ਫਸਲ ਖ਼ਰਾਬ ਹੋਣ ਦਾ ਜ਼ਿਕਰ ਕਰ ਰਿਹਾ ਹੈ ਪਰ ਅੰਕੜੇ ਇਸ ਤੋਂ ਜ਼ਿਆਦਾ ਹਨ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਬਠਿੰਡਾ ਦੌਰੇ ’ਤੇ ਆਏ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਗੁਲਾਬੀ ਸੁੰਡੀ ਨਾਲ ਨੁਕਸਾਨੀ ਨਰਮੇ ਦੀ ਫਸਲ ਦਾ ਜਾਇਜ਼ਾ ਲਿਆ ਗਿਆ ਸੀ। ਦੌਰੇ ਤੋਂ ਬਾਅਦ ਖੇਤੀਬਾੜੀ ਵਿਭਾਗ ਵਲੋਂ ਟੀਮਾਂ ਬਣਾ ਕੇ ਨਕਲੀ ਕੀਟਨਾਸ਼ਕ ਦਵਾਈਆਂ ਵਾਲਿਆਂ ਤੇ ਛਾਪੇ ਮਾਰ ਕੇ ਕੀਟਨਾਸ਼ਕ ਦਵਾਈਆਂ ਕਬਜ਼ੇ ਵਿੱਚ ਲਈਆਂ ਸਨ। ਪਰ ਅਫ਼ਸੋਸ ਇਹ ਹੈ ਕਿ ਹਾਲੇ ਵੀ ਖੇਤੀਬਾੜੀ ਮਹਿਕਮਾ ਕਿਸਾਨਾਂ ਨੂੰ ਚੰਗੀਆਂ ਸਪਰੇਆਂ ਮੁਹੱਈਆ ਨਹੀਂ ਕਰਵਾ ਸਕਿਆ ਜਿਸ ਦੇ ਸਿੱਟੇ ਵਜੋਂ ਕਿਸਾਨਾਂ ਨੂੰ ਨਰਮਾ ਵਾਹੁਣ ਲਈ ਲਈ ਮਜਬੂਰ ਹੋਣਾ ਪਿਆ। ਜਾਣਕਾਰੀ ਅਨੁਸਾਰ ਪਿਛਲੇ ਵਰ੍ਹੇ ਬਠਿੰਡਾ ਖੇਤਰ ਵਿਚ 76 ਹਜ਼ਾਰ ਹੈਕਟੇਅਰ ਨਰਮੇ ਦੀ ਬਿਜਾਂਦ ਕੀਤੀ ਗਈ ਸੀ ਇਸ ਵਰ੍ਹੇ ਟੀਚੇ ਤੋਂ ਡਿੱਗਦੇ ਹੋਏ ਮਹਿਕਮਾ ਪਹਿਲਾਂ ਨਾਲੋਂ 13 ਫ਼ੀਸਦੀ ਘਟ ਮਤਲਬ 62 ਹਜ਼ਾਰ ਹੈਕਟੇਅਰ ਨਰਮੇ ਦੀ ਬਿਜਾਈ ਕਰਵਾਉਣ ਵਿਚ ਸਫਲ ਹੋਇਆ ਸੀ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਸਕੱਤਰ ਅਤੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਟਿੱਪਣੀ ਕਰਦੇ ਹੋਏ ਕਿਹਾ ਦਵਾਈਆਂ ਰੇਹਾਂ ਸਪਰੇਆਂ ਦੇ ਵੱਡਾ ਨੈੱਟਵਰਕ ਨੇ ਜਿਥੇ ਮਾਲਵਾ ਬੈਲਟ ਨੂੰ ਕੈਂਸਰ ਵਰਗੀਆਂ ਬਿਮਾਰੀਆਂ ਵੰਡੀਆਂ ਉੱਥੇ ਕਿਸਾਨਾਂ ਨੂੰ ਕੱਖੋਂ ਹੌਲਾ ਕਰਕੇ ਰੱਖ ਦਿੱਤਾ ਹੈ, ਉਨ੍ਹਾਂ ਗੁਆਂਢੀ ਸੂਬਿਆਂ ਤੋਂ ਆ ਰਹੀਆਂ ਨਕਲੀ ਰੇਹਾਂ, ਸਪਰੇਆਂ ਬਾਰੇ ਵੀ ਆਪਣੀ ਭੜਾਸ ਕੱਢੀ।
ਕਿਸਾਨ ਮਹਿਕਮੇ ਦੀਆਂ ਸਿਫਾਰਸ਼ਾਂ ਅਨੁਸਾਰ ਸਪਰੇਆਂ ਕਰਨ: ਖੇਤੀਬਾੜੀ ਅਫ਼ਸਰ਼
ਖੇਤੀਬਾੜੀ ਮਹਿਕਮੇ ਦੇ ਮੁਖੀ ਦਿਲਬਾਗ ਸਿੰਘ ਨੇ ਇਸ ਨੂੰ ਕੁਦਰਤੀ ਆਫ਼ਤ ਮੰਨਿਆ। ਉਨ੍ਹਾਂ ਕਿਹਾ ਕਿ ਬਠਿੰਡਾ ਦੇ 7 ਬਲਾਕਾਂ ਵਿੱਚ ਗੁਲਾਬੀ ਅਤੇ ਚਿੱਟੀ ਸੁੰਡੀ ਕਾਰਨ ਨਰਮੇ ਦੀ ਫਸਲ 185 ਹਜ਼ਾਰ ਹੈਕਟੇਅਰ ਫਸਲ ’ਤੇ ਟਰੈਕਟਰ ਫਿਰ ਚੁੱਕਿਆ ਹੈ ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਮਹਿਕਮੇ ਦੀਆਂ ਸਿਫ਼ਾਰਸ਼ਾਂ ਅਨੁਸਾਰ ਨਰਮੇ ਦੀ ਫ਼ਸਲ ’ਤੇ ਸਪਰੇਅ ਕਰਨ।