ਪੱਤਰ ਪ੍ਰੇਰਕ
ਬਠਿੰਡਾ, 6 ਜੂਨ
ਨਗਰ ਨਿਗਮ ਬਠਿੰਡਾ ਦੀ ਸਿੰਗਲ ਵਿੰਡੋ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਬਣਾਈ ਗਈ ਸੀ ਪਰ ਪਾਣੀ, ਸੀਵਰੇਜ ਬਿਲ ਅਤੇ ਪ੍ਰਾਪਰਟੀ ਟੈਕਸ ਭਰਨ ਲਈ ਬਣਾਈ ਇਹ ਖਿੜਕੀ ਲੋਕਾਂ ਨੂੰ ਸਹੂਲਤਾਂ ਦੇਣ ਦੀ ਥਾਂ ਸਿਰਦਰਦੀ ਬਣੀ ਹੋਈ ਹੈ। ਸਿੰਗਲ ਵਿੰਡੋ ਦੇ ਕੰਪਿਊਟਰ ਬਿਜਲੀ ਗੁੱਲ ਹੋਣ ਤੋਂ ਬਾਅਦ ਬੰਦ ਰਹਿੰਦੇ ਹਨ ਜਦੋਂ ਕਿ ਨਿਗਮ ਕੋਲ ਕਰੋੜਾਂ ਰੁਪਏ ਦਾ ਬਜਟ ਹੋਣ ਦੇ ਬਾਵਜੂਦ ਕੰਪਿਊਟਰਾਂ ਲਈ ਕੋਈ ਬੈਕਅੱਪ ਲਈ ਯੂਪੀਐੱਸ ਦਾ ਪ੍ਰਬੰਧ ਨਹੀਂ ਕੀਤਾ ਗਿਆ। ਬਿੱਲ ਭਰਨ ਲਈ ਅੱਜ ਸਵੇਰ ਤੋਂ ਲਾਈਨਾਂ ਵਿੱਚ ਲੱਗ ਕੇ ਵਾਰੀ ਦੀ ਉਡੀਕ ’ਚ ਖੜ੍ਹੇ ਰਾਜੂ, ਸੁਧੀਰ ਕੁਮਾਰ, ਚੰਦਰ ਪ੍ਰਕਾਸ਼, ਅਮਨਦੀਪ ਆਕਾਸ਼ ਨੇ ਦੋਸ਼ ਲਾਏ ਕਿ ਜਿੱਥੇ ਦਫ਼ਤਰੀ ਸਟਾਫ਼ ਦਾ ਵਿਵਹਾਰ ਬਹੁਤ ਮਾੜਾ ਹੈ ਉਥੇ ਬਿਜਲੀ ਗੁੱਲ ਹੋਣ ਕਾਰਨ ਕੰਪਿਊਟਰਾਂ ਦਾ ਬੈਕਅੱਪ ਹੀ ਨਹੀਂ ਹੈ ਜਿਸ ਕਾਰਨ ਸਵੇਰ ਤੋਂ ਖੜ੍ਹੇ ਲਾਈਨ ’ਚ ਵਾਰੀ ਦੀ ਉਡੀਕ ਕਰਦੇ ਲੋਕਾਂ ਨੂੰ ਬਿਜਲੀ ਜਾਣ ਤੋਂ ਬਾਅਦ ਮੁੜ ਕਤਾਰਾਂ ’ਚ ਲੱਗਣਾ ਪਵੇਗਾ। ਉਨ੍ਹਾਂ ਕਿਹਾ ਕਿ ਵਡੇਰੀ ਉਮਰ ਦੇ ਲੋਕਾਂ ਲਈ ਵੀ ਇਥੇ ਕੋਈ ਸਹੂਲਤ ਨਹੀਂ ਹੈ। ਲਾਲ ਸਿੰਘ ਨਗਰ ਦੇ ਰਹਿਣ ਵਾਲੇ ਹੈਪੀ ਸਾਹਨੀ ਨੇ ਕਿਹਾ ਕਿ ਨਗਰ ਨਿਗਮ ਵਿੱਚ ਲੱਖਾਂ ਰੁਪਏ ਖਰਚ ਕੇ ਜਨਰੇਟਰ ਦੀ ਵਿਵਸਥਾ ਕੀਤੀ ਗਈ ਹੈ ਪਰ ਚਲਾਏ ਨਹੀਂ ਜਾ ਰਹੇ। ਲੋਕਾਂ ਨੇ ਇਹ ਵੀ ਦੱਸਿਆ ਕਿ ਨਿਗਮ ਦਫ਼ਤਰ ਦੇ ਆਲੇ-ਦੁਆਲੇ ਏਜੰਟਾਂ ਦਾ ਬੋਲਬਾਲਾ ਹੈ। ਲੋਕਾਂ ਨੇ ਦੋਸ਼ ਲਾਏ ਕਿ ਲਾਈਨੋਂ ਪਾਰ ਵਸੇ ਨਵੇਂ ਏਰੀਏ ਦੇ ਲੋਕਾਂ ਲਈ ਯੂਆਈਡੀ ਨੰਬਰ ਲੈਣਾ ਖਾਲਾ ਜੀ ਦਾ ਵਾੜਾ ਨਹੀਂ । ਲੋਕਾਂ ਨੇ ਦੱਸਿਆ ਕਿ ਜਿਸ ਖੇਤਰ ਵਿੱਚ ਹਾਲੇ ਤੱਕ ਪਾਈਪ ਲਾਈਨ ਹੀ ਨਹੀਂ ਪਾਈ ਗਈ ਉਸ ਖੇਤਰ ਦੇ ਲੋਕਾਂ ਨੂੰ ਇਹ ਕਹਿ ਕੇ ਖੱਜਲ ਕੀਤਾ ਜਾਂਦਾ ਹੈ ਕਿ ਤੁਹਾਨੂੰ ਯੂਆਈਡੀ ਨੰਬਰ ਨਹੀਂ ਮਿਲ ਸਕਦਾ ਤੁਸੀਂ ਪਾਣੀ ਅਤੇ ਸੀਵਰੇਜ ਦਾ ਬਿੱਲ ਭਰੋ। ਇਸ ਤੋਂ ਇਲਾਵਾ ਨਗਰ ਨਿਗਮ ਦੇ ਸੀ.ਐੱਲ.ਯੂ (ਚੇਂਜ ਆਫ ਲੈਂਡ) ਦੀ ਔਖੀ ਵਿਧੀ ’ਤੇ ਵੀ ਲੋਕਾਂ ਨੇ ਸਵਾਲ ਚੁੱਕੇ।
ਕੀ ਕਹਿੰਦੇ ਨੇ ਨਗਰ ਨਿਗਮ ਦੇ ਕਮਿਸ਼ਨਰ
ਸ਼ਹਿਰ ਵਾਸੀਆਂ ਨੂੰ ਸਿੰਗਲ ਵਿੰਡੋ ਪ੍ਰਤੀ ਆ ਰਹੀਆਂ ਸਮੱਸਿਆ ਬਾਰੇ ਜਦੋਂ ਨਗਰ ਨਿਗਮ ਦੀ ਕਮਿਸ਼ਨਰ ਡਾ. ਪੱਲਵੀ ਚੌਧਰੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਵਿਸ਼ਵਾਸ ਦਿਵਾਇਆ ਕਿ ਸ਼ਹਿਰ ਵਾਸੀਆਂ ਨੂੰ ਕੋਈ ਵੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਉਹ ਲਾਈਨੋਂ ਪਾਰ ਖੇਤਰ ਵਿਚ ਬਣੇ ਮਕਾਨਾਂ ਦੇ ਯੂਆਈਡੀ ਨੰਬਰਾਂ ਬਾਰੇ ਵੀ ਪਤਾ ਕਰਵਾਉਣਗੇ।