ਝੋਨੇ ਨੂੰ ਪਈ ਨਮੀ ਦੀ ਮਾਰ, ਮੰਡੀਆਂ ਵਿੱਚ ਲੱਗੇ ਅੰਬਾਰ

ਬਠਿੰਡਾ ਵਿੱਚ ਖ਼ਰੀਦ ਏਜੰਸੀਆਂ ਵੱਲੋਂ ਜਿਣਸ ’ਚ ਨਮੀ ਦਾ ਬਹਾਨਾ ਲਾ ਕੇ ਫ਼ਸਲ ਦੀ ਖ਼ਰੀਦ ਕਰਨ ’ਚ ਕੀਤੀ ਜਾ ਰਹੀ ਹੈ ਆਨਾਕਾਨੀ

ਝੋਨੇ ਨੂੰ ਪਈ ਨਮੀ ਦੀ ਮਾਰ, ਮੰਡੀਆਂ ਵਿੱਚ ਲੱਗੇ ਅੰਬਾਰ

ਬਠਿੰਡਾ ਦੀ ਇੱਕ ਅਨਾਜ ਮੰਡੀ ਵਿੱਚ ਜਗਰੂਪ ਗਿੱਲ ਅਤੇ ਸਾਥੀ ਨਾਅਰੇਬਾਜ਼ੀ ਕਰਦੇ ਹੋਏ। -ਫੋਟੋ: ਪਵਨ ਸ਼ਰਮਾ

ਸ਼ਗਨ ਕਟਾਰੀਆ

ਬਠਿੰਡਾ, 23 ਅਕਤੂਬਰ

ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ’ਚ ਝੋਨੇ ਦੀ ਖ਼ਰੀਦ ਰੁਕਣ ਕਾਰਨ ਅੰਬਾਰ ਲੱਗ ਗਏ ਹਨ। ਖ਼ਰੀਦ ਏਜੰਸੀਆਂ ਜਿਣਸ ’ਚ ਨਮੀ ਦਾ ਵਾਧਾ ਬਿਆਨ ਕੇ ਜਿਣਸ ਖ਼ਰੀਦਣ ਤੋਂ ਸਿਰ ਫੇਰ ਰਹੀਆਂ ਹਨ।

ਇਸ ਮਸਲੇ ’ਤੇ ਅੱਜ ਇੱਥੋਂ ਦੀ ਦਾਣਾ ਮੰਡੀ ਵਿੱਚ ਆਮ ਆਦਮੀ ਪਾਰਟੀ ਤੋਂ ਬਠਿੰਡਾ (ਸ਼ਹਿਰੀ) ਦੇ ਹਲਕਾ ਇੰਚਾਰਜ ਜਗਰੂਪ ਸਿੰਘ ਗਿੱਲ, ਸੀਨੀਅਰ ਆਗੂ ਅੰਮ੍ਰਿਤਪਾਲ ਅਗਰਵਾਲ, ਅਲਕਾ ਹਾਂਡਾ, ਪਰਮਜੀਤ ਕੌਰ, ਐੱਮ.ਐੱਲ. ਜਿੰਦਲ, ਮਹਿੰਦਰ ਫੁੱਲੋਮਿੱਠੀ, ਬਲਜਿੰਦਰ ਬਰਾੜ, ਬਲਜੀਤ ਬੱਲੀ, ਜਗਤਾਰ ਗਿੱਲ ਆਦਿ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਜਾਨਣ ਲਈ ਖੁੱਲ੍ਹਾ ਦਰਬਾਰ ਲਾਇਆ। ਕਈ ਕਿਸਾਨਾਂ ਦਾ ਕਹਿਣਾ ਸੀ ਕਿ ਉਹ 15-15 ਦਿਨਾਂ ਤੋਂ ਮੰਡੀ ’ਚ ਬੈਠੇ ਹਨ ਪਰ ਵੱਧ ਨਮੀ ਦਾ ‘ਬਹਾਨਾ’ ਬਣਾ ਕੇ ਫ਼ਸਲ ਦੀ ਬੋਲੀ ਨਹੀਂ ਲਾਈ ਜਾ ਰਹੀ।

ਪਿੰਡ ਗੁਲਾਬਗੜ੍ਹ ਦੇ ਕਿਸਾਨ ਗੁਰਚਰਨ ਸਿੰਘ ਨੇ ‘ਪੰਜਾਬੀ ਟ੍ਰਿਬਿਊਨ’ ਨੂੰ ਦੱਸਿਆ ਕਿ ਉਸ ਦਾ ਮੰਡੀ ’ਚ ਅੱਜ ਛੇਵਾਂ ਦਿਨ ਹੈ। ਉਸ ਨੇ ਕਿਹਾ ਕਿ ਉਪਰੋਂ ਮੌਸਮ ਦੇ ਗਿਆਤਾ ਅੱਜ-ਭਲਕ ਮੀਂਹ ਪੈਣ ਦੀ ਪੇਸ਼ੀਨਗੋਈ ਕਰ ਕੇ ਅੱਡ ਸਾਹ ਸੁਕਾਈ ਜਾਂਦੇ ਹਨ। ਫ਼ੂਸ ਮੰਡੀ ਦੇ ਕਿਸਾਨ ਲਵਪ੍ਰੀਤ ਸਿੰਘ ਦਾ ਕਹਿਣਾ ਸੀ ਕਿ ਉਸ ਨੂੰ ਮੰਡੀ ’ਚ ਝੋਨਾ ਢੇਰੀ ਕੀਤਿਆਂ 10 ਦਿਨ ਹੋ ਗਏ ਪਰ ਵਿਕਣ ਦੀ ਅਜੇ ਵੀ ਕੋਈ ਵਾਈ-ਧਾਈ ਨਹੀਂ।

ਕਿਸਾਨਾਂ ਨੇ ਦੱਸਿਆ ਕਿ ਝੋਨੇ ਨੂੰ ਸੁਕਾਉਣ ਲਈ ਢੇਰੀਆਂ ਹਿਲਾ-ਹਿਲਾ ਸਾਰਾ ਦਿਨ ਥੱਕ ਜਾਂਦੇ ਹਨ। ਜਿੰਨਾ ਕੁ ਝੋਨਾ ਸੁੱਕਦਾ ਹੈ, ਸਵੇਰੇ ਤ੍ਰੇਲ ਪੈਂਦੀ ਹੈ ਤਾਂ ਮੁੜ ਨਮੀ ਛਾਲ ਮਾਰ ਜਾਂਦੀ ਹੈ। ਕਿਸਾਨਾਂ ਨੇ ਦੱਸਿਆ ਕਿ ਅਜੇ ਤੱਕ ਖੇਤਾਂ ’ਚੋਂ ਸਿਰਫ 50 ਫੀਸਦ ਫ਼ਸਲ ਕੱਟੀ ਗਈ ਹੈ। ਉਨ੍ਹਾਂ ਨਮੀ ਮਾਪਣ ਵਾਲੇ ਮੀਟਰਾਂ ’ਚ ਅਸਮਾਨਤਾ ਹੋਣ ਦਾ ਦੋਸ਼ ਲਾਉਂਦਿਆਂ ਦੱਸਿਆ ਕਿ ਇੱਕੋ ਢੇਰੀ ਨੂੰ ਵੱਖ-ਵੱਖ ਮੀਟਰਾਂ ਨਾਲ ਜਾਂਚਣ ’ਤੇ ਨਮੀ ਦਾ ਸਕੇਲ ਵੀ ਅੱਡੋ-ਅੱਡ ਆਉਂਦਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉੱਚ ਕੁਆਲਿਟੀ ਦੇ ਮੀਟਰ ਮੁਹੱਈਆ ਕਰਵਾਏ ਜਾਣ ਅਤੇ ਨਿਸ਼ਚਿਤ ਸਲ੍ਹਾਬ ਦੀ ਮਾਤਰਾ ’ਚ ਛੋਟ ਦੇ ਕੇ ਕਿਸਾਨਾਂ ਦੀ ਫ਼ਸਲ ਫੌਰੀ ਚੁੱਕੀ ਜਾਵੇ। ਇਸ ਮੌਕੇ ‘ਆਪ’ ਆਗੂਆਂ ਤੇ ਕਿਸਾਨਾਂ ਨੇ ਰਲ਼ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਮਾਰਕੀਟ ਕਮੇਟੀ ਬਠਿੰਡਾ ਦੇ ਵਾਈਸ ਚੇਅਰਮੈਨ ਅਸ਼ੋਕ ਭੋਲਾ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਦੀ ਹਦਾਇਤਾਂ ਮੁਤਾਬਕ ਨਮੀ ਦੀ ਮਾਤਰਾ 17 ਪ੍ਰਤੀਸ਼ਤ ਨਿਰਧਾਰਤ ਹੈ ਪਰ ਫਿਰ ਵੀ 17.5 ਪ੍ਰਤੀਸ਼ਤ ਤੱਕ ਨਮੀ ਵਾਲੀ ਫ਼ਸਲ ਖ਼ਰੀਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਵੱਧ ਨਮੀ ਵਾਲੇ ਝੋਨੇ ਦੀ ਖ਼ਰੀਦ ਏਜੰਸੀਆਂ ਬੋਲੀ ਨਹੀਂ ਲਾਉਂਦੀਆਂ। ਉਨ੍ਹਾਂ ਮੰਡੀਆਂ ’ਚ ਪ੍ਰਬੰਧਾਂ ਦੀ ਘਾਟ ਨੂੰ ਨਕਾਰਦਿਆਂ ਕਿਹਾ ਹਰ ਤਰ੍ਹਾਂ ਦੇ ਸੁਚੱਜੇ ਪ੍ਰਬੰਧ ਹੋਣ ਦਾ ਦਾਅਵਾ ਕੀਤਾ।

ਫ਼ਰਜ਼ੀ ‘ਨਮੀ’ ਰਾਹੀਂ ਰਾਈਸ ਮਿੱਲਾਂ ਨੂੰ ਵਿੱਤੀ ਲਾਭ ਦਿੱਤਾ ਜਾ ਰਿਹੈ: ਗਿੱਲ

‘ਆਪ’ ਦੇ ਹਲਕਾ ਇੰਚਾਰਜ ਜਗਰੂਪ ਸਿੰਘ ਗਿੱਲ ਨੇ ਮੰਡੀਆਂ ’ਚ ਕਿਸਾਨਾਂ ਲਈ ਸਹੂਲਤਾਂ ਦੀ ਘਾਟ ਦਾ ਇਲਜ਼ਾਮ ਲਾਉਂਦਿਆਂ ਕਿਹਾ ਕਿ ਡੇਂਗੂ ਦਾ ਪ੍ਰਕੋਪ ਜ਼ੋਰਾਂ ’ਤੇ ਹੈ ਪਰ ਮੰਡੀਆਂ ਸ਼ੁਰੂ ਕਰਨ ਤੋਂ ਪਹਿਲਾਂ ਮੰਡੀ ਬੋਰਡ ਨੇ ਇੱਥੇ ਕਲੋਰੋ ਵਗ਼ੈਰਾ ਦਵਾਈਆਂ ਨਹੀਂ ਛਿੜਕੀਆਂ। ਉਨ੍ਹਾਂ ਪੀਣ ਵਾਲੇ ਪਾਣੀ ਦੀ ਤੋਟ, ਪਖ਼ਾਨਿਆਂ ’ਚ ਗੰਦਗੀ, ਸਫ਼ਾਈ ਤੇ ਰੌਸ਼ਨੀ ਦੀ ਕਮੀ ਦੀ ਗੱਲ ਕਹੀ। ਸ੍ਰੀ ਗਿੱਲ ਨੇ ਨਮੀ ਦੀ ਸਮੱਸਿਆ ਬੋਗਸ ਖੜ੍ਹੀ ਕਰ ਕੇ, ਸਰਕਾਰ ’ਤੇ ਰਾਈਸ ਮਿੱਲਾਂ ਨੂੰ ਫਾਇਦਾ ਪਹੁੰਚਾਉਣ ਦਾ ਦੋਸ਼ ਲਾਇਆ।

ਸਰਕਾਰੀ ਅਧਿਕਾਰੀ ਮੰਡੀਆਂ ਤੋਂ ਦੂਰ

ਮਾਨਸਾ (ਜੋਗਿੰਦਰ ਸਿੰਘ ਮਾਨ): ਬੇਸ਼ੱਕ ਪੰਜਾਬ ਸਰਕਾਰ ਵੱਲੋਂ ਚੰਗੇ ਖ਼ਰੀਦ ਪ੍ਰਬੰਧਾਂ ਦਾ ਢਿੰਡੋਰਾ ਪਿੱਟਿਆ ਜਾ ਰਿਹਾ ਹੈ, ਪਰ ਮਾਲਵਾ ਖੇਤਰ ਦੇ ਖ਼ਰੀਦ ਕੇਂਦਰਾਂ ਵਿੱਚ ਮਾੜਾ ਪ੍ਰਬੰਧਾਂ ਦਾ ਜਲੂਸ ਨਿਕਲਿਆ ਪਿਆ ਹੈ। ਪਿੰਡਾਂ ਵਿਚਲੇ ਸੈਂਟਰਾਂ ਵਿੱਚ ਅਧਿਕਾਰੀ ਜਾਣ ਤੋਂ ਕੰਨੀ ਕਤਰਾ ਰਹੇ ਹਨ, ਜਦਕਿ  ਝੋਨੇ ਦੀ ਬੋਲੀ ਸਮੇਤ ਸਿਲਾਈ, ਝਰਾਈ, ਭਰਾਈ, ਲਦਾਈ ਅਤੇ ਸਫ਼ਾਈ ਦੇ ਸਾਰੇ ਪ੍ਰਬੰਧ ਛੋਟੇ ਮੁਲਾਜ਼ਮਾਂ ’ਤੇ ਆਏ ਹੋਏ ਹਨ। ਬਹੁਤੇ ਖਰੀਦ ਕੇਂਦਰਾਂ ਵਿੱਚ ਇੰਸਪੈਕਟਰਾਂ ਵੱਲੋਂ ਮੋਬਾਈਲਾਂ ਜ਼ਰੀਏ ਹੀ ਕੰਮ ਚਲਾਇਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਮੰਡੀਆਂ ਵਿੱਚ ਬਾਰਦਾਨਾ ਨਹੀਂ ਤੇ ਲਿਫਟਿੰਗ ਦੇ ਪ੍ਰਬੰਧਾਂ ਦਾ ਮਾੜਾ ਹਾਲ ਹੈ। ਕਿਸਾਨ ਆਗੂ ਨਿਰਮਲ ਸਿੰਘ ਝੰਡੂਕੇ, ਦਰਸ਼ਨ ਸਿੰਘ ਗੁਰਨੇ, ਕੁਲਦੀਪ ਸਿੰਘ ਚੱਕ ਭਾਈਕੇ ਦਾ ਝੋਨੇ ਨਾਲ ਮੰਡੀਆਂ ਭਰੀਆਂ ਪਈਆਂ ਹਨ ਅਤੇ ਮੰਡੀਆਂ ਵਿੱਚੋਂ ਝੋਨੇ ਦੀ ਲਿਫਟਿੰਗ ਸਬੰਧੀ ਵੱਡੀ ਦਿੱਕਤ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਮੰਡੀਆਂ ਵਿੱਚ ਕਈ-ਕਈ ਦਿਨਾਂ ਤੋਂ ਬੈਠੇ ਕਿਸਾਨਾਂ ਦਾ ਕਹਿਣਾ ਹੈ ਕਿ ਖਰੀਦ ਕੇਂਦਰਾਂ ਵਿੱਚ ਸਰਕਾਰ ਦੇ ਵਾਅਦਿਆਂ ਤੋਂ ਉਲਟ ਹਕੀਕਤ ਕੁਝ ਹੋਰ ਹੀ ਦੇਖਣ ਨੂੰ ਮਿਲ ਰਹੀ ਹੈ। ਡੀਸੀ ਮਹਿੰਦਰ ਪਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਨਿਯਮਾਂ ਅਨੁਸਾਰ ਮੰਡੀਆਂ ਵਿੱਚ ਝੋਨੇ ਦੀ ਖ਼ਰੀਦੋ-ਫਰੋਖ਼ਤ ਨਿਰਵਿਘਨ ਅਤੇ ਵਧੀਆ ਤਰੀਕੇ ਨਾਲ ਚੱਲ ਰਹੀ ਹੈ। 

ਚੱਕ ਸੈਦੋਕਾ ਮੰਡੀ ਵਿੱਚ ਕਿਸਾਨਾਂ ਨੇ ਖ਼ਰੀਦ ਨਾ ਹੋਣ ’ਤੇ ਦਿੱਤਾ ਧਰਨਾ  

ਫਾਜ਼ਿਲਕਾ (ਪਰਮਜੀਤ ਸਿੰਘ): ਪਿਛਲੇ ਇੱਕ ਹਫ਼ਤੇ ਤੋਂ ਝੋਨੇ ਦੀ ਖਰੀਦ ਨਾ ਹੋਣ ਕਾਰਨ ਪ੍ਰੇਸ਼ਾਨ ਕਿਸਾਨਾਂ  ਨੇ ਚੱਕ ਸੈਦੋਕਾ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਧਰਨਾ ਦਿੱਤਾ। ਸਰਕਾਰੀ ਬੇਰੁਖ਼ੀ ਦਾ ਸ਼ਿਕਾਰ  ਕਿਸਾਨ ਆਗੂ ਮਨਦੀਪ ਸਿੰਘ ਅਤੇ  ਸੁਖਚੈਨ ਨੇ ਦੱਸਿਆ ਕਿ ਹੁਣ ਤਕ ਸਿਰਫ਼ ਪਿੰਡ ਚੱਕ ਸੈਦੋਕੇ ਦੇ ਫੋਕਲ ਪੁਆਇੰਟ ਵਿੱਚ ਸਿਰਫ਼ ਇੱਕ ਦਿਨ ਹੀ ਖਰੀਦ ਹੋਈ ਹੈ ਅਤੇ ਉਸ ਦਿਨ ਤੋਂ ਬਾਅਦ ਸਾਰਾ ਕੰਮ ਠੱਪ ਪਿਆ ਹੈ। ਕਿਸਾਨਾਂ ਨੇ ਦੱਸਿਆ ਕਿ ਖਰੀਦ ਨਾ ਹੋਣ ਕਰਕੇ ਮਜ਼ਦੂਰਾਂ ਨੂੰ ਵੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਸੇ ਤਰ੍ਹਾਂ ਹੀ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਮੰਡੀਆਂ ਵਿੱਚ ਖੱਜਲ ਕੀਤਾ ਗਿਆ ਤਾਂ ਕਿਰਤੀ ਕਿਸਾਨ ਮੋਰਚੇ ਵੱਲੋਂ ਤਿੱਖਾ ਸੰਘਰਸ਼   ਕੀਤਾ ਜਾਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਸਿਆਸਤਦਾਨਾਂ ਦੀ ਸੁਹਿਰਦਤਾ ਦੇ ਮਸਲੇ

ਸਿਆਸਤਦਾਨਾਂ ਦੀ ਸੁਹਿਰਦਤਾ ਦੇ ਮਸਲੇ

ਭਾਰਤ ਨੂੰ ਨਵੇਂ ਅਫ਼ਗਾਨ ਸਫ਼ਰ ਦੀ ਤਲਾਸ਼

ਭਾਰਤ ਨੂੰ ਨਵੇਂ ਅਫ਼ਗਾਨ ਸਫ਼ਰ ਦੀ ਤਲਾਸ਼

ਸ਼ਹਿਰ

View All