ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ
ਬਠਿੰਡਾ, 9 ਮਾਰਚ
ਰੂਸ-ਯੂਕਰੇਨ ਯੁੱਧ ਖ਼ਿਲਾਫ਼ ਲੋਕ ਮੋਰਚਾ ਪੰਜਾਬ ਨੇ ਅੱਜ ਇਥੇ ਟੀਚਰਜ਼ ਹੋਮ ਵਿੱਚ ਵਿਚਾਰ-ਚਰਚਾ ਤੋਂ ਬਾਅਦ ਸ਼ਹਿਰ ਵਿੱਚ ਸ਼ਾਂਤੀ ਮਾਰਚ ਕੀਤਾ। ਮਾਰਚ ਰਾਹੀਂ ਜੰਗ ਵਿਰੁੱਧ ਲੋਕਾਂ ਨੂੰ ਲਹਿਰ ਉਸਾਰਨ ਅਤੇ ਸੰਘਰਸ਼ ਨੂੰ ਸਾਮਰਾਜੀ ਪ੍ਰਬੰਧ ਦੇ ਕਬਰਾਂ ਤੱਕ ਪਹੁੰਚਣ ਤੱਕ ਜਾਰੀ ਰੱਖਣ ਦਾ ਸੱਦਾ ਦਿੱਤਾ ਗਿਆ। ਮਾਰਚ ਵਿੱਚ ਵੱਡੀ ਗਿਣਤੀ ਕਿਸਾਨ, ਮਜ਼ਦੂਰ, ਨੌਜਵਾਨ, ਠੇਕਾ ਕਾਮਿਆਂ ਅਤੇ ਮੂਲਾਜ਼ਮਾਂ ਨੇ ਹਿੱਸਾ ਲਿਆ। ਇਕੱਤਰਤਾ ਦੀ ਸ਼ੁਰੂਆਤ ਨਿਰਮਲ ਸਿੰਘ ਸਿਵੀਆਂ ਨੇ ਇਨਕਲਾਬੀ ਗੀਤ ਗਾ ਕੇ ਕੀਤੀ। ਇਸ ਮਗਰੋਂ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਮੋਰਚੇ ਦੇ ਸੂਬਾ ਸਕੱਤਰ ਜਗਮੇਲ ਸਿੰਘ ਨੇ ਕਿਹਾ ਕਿ ਇਸ ਜੰਗ ਦੇ ਸਿੱਧੇ–ਅਸਿੱਧੇ ਮਾਰੂ ਪ੍ਰਭਾਵਾਂ ਨੇ ਨਾ ਸਿਰਫ ਯੂਕਰੇਨ ਅਤੇ ਰੂਸ ਦੇ ਲੋਕਾਂ ਨੂੰ ਚਿੰਤਾ ਦਿੱਤੀ ਹੈ ਸਗੋਂ ਇਸ ਨੇ ਵਿਸ਼ਵ ਭਰ ਦੇ ਸਾਹ ਸੂਤੇ ਹੋਏ ਹਨ।
ਉਨ੍ਹਾਂ ਕਿਹਾ ਕਿ ਇਥੋਂ ਪੜ੍ਹਨ ਗਏ ਵਿਦਿਆਰਥੀ ਤੇ ਉਨ੍ਹਾਂ ਦੇ ਮਾਪੇ ਤਾਂ ਸਿੱਧੇ ਹੀ ਮਾਰ ਹੇਠ ਆਏ ਹੋਏ ਹਨ। ਇਸ ਮੌਕੇ ਜਗਮੇਲ ਸਿੰਘ ਸਮੇਤ ਹੋਰ ਆਗੂਆਂ ਨੇ ਇਕੱਤਰਤਾ ਵਿੱਚ ਆਏ ਲੋਕਾਂ ਨੂੰ ਸੱਦਾ ਦਿੱਤਾ ਕਿ ਜੰਗ ਬੰਦ ਕਰਵਾਉਣ, ਰੂਸੀ ਫੌਜਾਂ ਯੂਕਰੇਨ ‘ਚੋਂ ਬਾਹਰ ਕਢਵਾਉਣ, ਨਾਟੋ ਵਰਗੇ ਫੌਜੀ ਗੁੱਟ ਖਤਮ ਕਰਵਾਉਣ ਤੇ ਪ੍ਰਮਾਣੂੰ ਹਥਿਆਰ ਨਸ਼ਟ ਕਰਵਾਉਣ ਲਈ ਆਵਾਜ਼ ਉਠਾਉਣੀ ਚਾਹੀਦੀ ਹੈ। ਇਸ ਦੌਰਾਨ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਜ਼ਿਲ੍ਹਾ ਕਮੇਟੀ ਮੈਂਬਰ ਪਰਮਜੀਤ ਕੌਰ ਨੇ ਨਿਭਾਈ ਅਤੇ ਜ਼ਿਲ੍ਹਾ ਸਕੱਤਰ ਸੁਖਵਿੰਦਰ ਸਿੰਘ ਨੇ ਪ੍ਰੋਗਰਾਮ ਵਿੱਚ ਸ਼ਾਮਲ ਲੋਕਾਂ ਦਾ ਧੰਨਵਾਦ ਕੀਤਾ।