ਮਨੋਜ ਸ਼ਰਮਾ
ਬਠਿੰਡਾ, 17 ਅਪਰੈਲ
ਜਿੱਥੇ ਨਹਿਰ ਕੋਟਲਾ ਬਰਾਂਚ ’ਚ ਪੂਰਾ ਨਹਿਰੀ ਪਾਣੀ ਨਾ ਛੱਡਣ ਕਾਰਨ ਇਲਾਕੇ ਦੇ ਕਿਸਾਨਾਂ ਵਿੱਚ ਪੰਜਾਬ ਸਰਕਾਰ ਪ੍ਰਤੀ ਰੋਸ ਹੈ, ਉੱਥੇ ਹੀ ਪੂਰਾ ਨਹਿਰੀ ਪਾਣੀ ਛੱਡਣ ’ਚ ਕੀਤੀ ਜਾ ਰਹੀ ਦੇਰੀ ਦੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਟਿਕੈਤ ਵੱਲੋਂ ਨਿਖੇਧੀ ਕੀਤੀ ਗਈ ਹੈ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਟਿਕੈਤ ਦੇ ਜਨਰਲ ਸਕੱਤਰ ਸਰੂਪ ਸਿੰਘ ਸਿੱਧੂ ਨੇ ਕਿਹਾ ਕਿ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਨਰਮੇ ਦੀ ਬਿਜਾਈ 15 ਅਪਰੈਲ ਤੋਂ 15 ਮਈ ਦਰਮਿਆਨ ਕਰਨ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ ਪਰ ਅਜੇ ਤੱਕ ਨਹਿਰੀ ਵਿਭਾਗ ਨੇ ਕਿਸਾਨਾਂ ਨੂੰ ਪਾਣੀ ਮੁਹੱਈਆ ਨਹੀਂ ਕਰਵਾਇਆ, ਜਿਸ ਕਾਰਨ ਨਰਮੇ ਦੀ ਬਿਜਾਈ ਪਛੜ ਰਹੀ ਹੈ, ਜਿਸ ਦਾ ਅਸਰ ਉਤਪਾਦਨ ’ਤੇ ਵੀ ਪਵੇਗਾ। ਉਨ੍ਹਾਂ ਕਿਹਾ ਕਿ ਐਂਤਕੀ ਕਿਸਾਨਾਂ ਨੇ ਸਰ੍ਹੋਂ ਦੀ ਫ਼ਸਲ ਦੀ ਬਿਜਾਈ ਜ਼ਿਆਦਾ ਕੀਤੀ ਸੀ, ਜਿਸਦੀ ਫ਼ਸਲ ਦੀ ਕਟਾਈ 5 ਅਪਰੈਲ ਤੱਕ ਮੁਕੰਮਲ ਹੋ ਚੁੱਕੀ ਸੀ ਤੇ ਹੁਣ ਕਿਸਾਨਾਂ ਨੇ ਨਰਮੇ ਦੀ ਅਗੇਤੀ ਫ਼ਸਲ ਬੀਜਣੀ ਸੀ। ਕਿਸਾਨਾਂ ਨੇ ਨਰਮੇ ਦੀ ਕਾਸ਼ਤ ਵਾਲੇ ਖੇਤ ਵੀ ਕਣਕ ਦੀ ਕਟਾਈ ਕਰਵਾ ਕੇ ਖਾਲੀ ਕਰ ਲਏ ਹਨ। ਕਿਸਾਨ ਨਹਿਰੀ ਪਾਣੀ ਦੀ ਉਡੀਕ ਵਿੱਚ ਹਨ ਜਦਕਿ ਬਹੁਤੇ ਕਿਸਾਨਾਂ ਵੱਲੋਂ ਮਹਿੰਗੇ ਭਾਅ ਦਾ ਡੀਜ਼ਲ ਫੂਕ ਕੇ ਸਿੰਜਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਨਹਿਰੀ ਵਿਭਾਗ ਨੂੰ ਸਮੇਂ ਸਿਰ 15 ਅਪਰੈਲ ਤੋਂ ਪਾਣੀ ਛੱਡਣ ਦੀ ਹਦਾਇਤ ਕਰੇ। ਸਰੂਪ ਸਿੱਧੂ ਨੇ ਕਿਹਾ ਕਿ ਸੂਬਾ ਸਰਕਾਰ ਤੁਰੰਤ ਨਹਿਰੀ ਵਿਭਾਗ ਨੂੰ ਪਾਣੀ ਛੱਡਣ ਦੇ ਹੁਕਮ ਜਾਰੀ ਕਰੇ। ਉਨ੍ਹਾਂ ਨਹਿਰੀ ਵਿਭਾਗ ਤੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਜਲਦ ਤੋਂ ਜਲਦ ਨਹਿਰੀ ਪਾਣੀ ਕਿਸਾਨਾਂ ਦੇ ਖੇਤਾਂ ਤੱਕ ਪੁੱਜਦਾ ਨਾ ਕੀਤਾ ਗਿਆ ਤਾਂ ਯੂਨੀਅਨ ਨਹਿਰੀ ਪਾਣੀ ਦੀ ਸਪਲਾਈ ਲਈ ਤਿੱਖਾ ਸੰਘਰਸ਼ ਵਿੱਢੇਗੀ। ਇਸ ਸਬੰਧੀ ਡੀਸੀ ਸ਼ੌਕਤ ਅਹਿਮਦ ਪਰੇ ਨੇ ਕਿਹਾ ਕਿ ਕੋਟਲਾ ਬਰਾਂਚ ਦੀ ਸਫ਼ਾਈ ਕਰਵਾਈ ਜਾ ਰਹੀ ਹੈ ਤੇ 22 ਅਪਰੈਲ ਤੱਕ ਕਿਸਾਨਾਂ ਨੂੰ ਨਹਿਰੀ ਪਾਣੀ ਮੁਹੱਈਆ ਕਰਵਾ ਦਿੱਤਾ ਜਾਵੇਗਾ।