ਪੱਤਰ ਪ੍ਰੇਰਕ
ਬਠਿੰਡਾ, 20 ਨਵੰਬਰ
ਜਨਵਾਦੀ ਇਸਤਰੀ ਸਭਾ ਪੰਜਾਬ ਅਤੇ ਆਲ ਇੰਡੀਆ ਪ੍ਰਗਤੀਸ਼ੀਲ ਇਸਤਰੀ ਸਭਾ ਦੀਆਂ ਬਠਿੰਡਾ ਜ਼ਿਲ੍ਹਾ ਕਮੇਟੀਆਂ ਵੱਲੋਂ ਦਰਸ਼ਨਾ ਜੋਸ਼ੀ ਤੇ ਰਣਦੀਪ ਕੌਰ ਦੀ ਅਗਵਾਈ ਵਿੱਚ ਮਹਿੰਗਾਈ ਖ਼ਿਲਾਫ਼ ਕੇਂਦਰ ਸਰਕਾਰ ਵਿਰੁੱਧ ਰੈਲੀ ਤੇ ਮੁਜ਼ਾਹਰਾ ਕੀਤਾ ਗਿਆ।
ਅੱਜ ਬਠਿੰਡਾ ਵਿਚ ‘ਪੰਜਾਬ ਬਚਾਓ ਸੰਯੁਕਤ ਮੋਰਚਾ’ ਵੱਲੋਂ ਮੁਜ਼ਾਹਰੇ ਦਾ ਸੱਦਾ ਦਿੱਤਾ ਗਿਆ ਸੀ। ਮੁਜ਼ਾਹਰਾਕਾਰੀ ਬੀਬੀਆਂ ਨੇ ਕੇਂਦਰ ਸਰਕਾਰ ਵੱਲੋਂ ਨਿੱਤ ਵਰਤੋਂ ਦੀਆਂ ਖਾਣ-ਪੀਣ ਵਾਲੀਆਂ ਵਸਤਾਂ, ਰਸੋਈ ਗੈਸ ਦੀਆਂ ਆਏ ਦਿਨ ਵਧਾਈਆਂ ਜਾ ਰਹੀਆਂ ਕੀਮਤਾਂ ਵਿਰੁੱਧ ਨਾਅਰੇਬਾਜ਼ੀ ਕਰ ਕੇ ਰੋਸ ਪ੍ਰਗਟਾਇਆ।
ਇਸ ਮੌਕੇ ਆਗੂ ਬੀਬੀਆਂ ਨੇ ਕੇਂਦਰ ਸਰਕਾਰ ਦੀ ਸਰਪ੍ਰਸਤੀ ਹੇਠ ਗ਼ਰੀਬਾਂ ਦੀ ਲੁੱਟ ਕਰ ਕੇ ਮਾਲਾਮਾਲ ਹੋ ਰਹੇ ਜ਼ਖੀਰੇਬਾਜ਼ਾਂ ਅਤੇ ਕਾਲਾ ਬਾਜ਼ਾਰੀ ਕਰਨ ਵਾਲਿਆਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਦਰਸ਼ਨਾ ਜੋਸ਼ੀ ਨੇ ਐਲਾਨ ਕੀਤਾ ਕਿ 28 ਨਵੰਬਰ ਨੂੰ ਲੁਧਿਆਣਾ ਵਿਚ ਕੀਤੀ ਜਾ ਰਹੀ ‘ਕਾਰਪੋਰੇਟ ਭਜਾਓ ਦੇਸ਼ ਬਚਾਓ ਪੰਜਾਬ ਬਚਾਓ’ ਮਹਾਰੈਲੀ ਵਿੱਚ ਮਾਲਵੇ ਦੇ ਜ਼ਿਲ੍ਹਿਆਂ ਵਿੱਚੋਂ ਹਜ਼ਾਰਾਂ ਇਸਤਰੀਆਂ ਪਰਿਵਾਰਾਂ ਸਣੇ ਸ਼ਾਮਲ ਹੋਣਗੀਆਂ। ਬੀਬੀ ਜੋਸ਼ੀ ਨੇ ਮਾਇਕਰੋ ਫਾਇਨਾਂਸ ਕੰਪਨੀਆਂ ਦੀ ਧੱਕੇਸ਼ਾਹੀ ਨਾ ਰੋਕਣ ਲਈ ਚੰਨੀ ਸਰਕਾਰ ਦੀ ਨਿਖੇਧੀ ਕੀਤੀ। ਖੇਤੀ ਕਾਨੂੰਨ ਰੱਦ ਕਰਨ ਦੇ ਪ੍ਰਧਾਨ ਮੰਤਰੀ ਦੇ ਐਲਾਨ ਨੂੰ ਉਨ੍ਹਾਂ ਕਿਸਾਨ ਸੰਘਰਸ਼ ਦੀ ਜਿੱਤ ਕਰਾਰ ਦਿੱਤਾ। ਮਨਦੀਪ ਕੌਰ, ਪਰਮਜੀਤ ਕੌਰ, ਬਲਜਿੰਦਰ ਕੌਰ, ਬਲਤੇਜ ਕੌਰ, ਮਨਦੀਪ ਕੌਰ ਭੋਲੀ, ਵੀਰਪਾਲ ਕੌਰ, ਰਣਜੀਤ ਕੌਰ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਮਿੱਠੂ ਸਿੰਘ ਘੁੱਦਾ ਤੇ ਪ੍ਰਕਾਸ਼ ਸਿੰਘ ਨੰਦਗੜ੍ਹ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਮੇਜਰ ਸਿੰਘ ਦਾਦੂਵਾਲ ਤੇ ਨਾਇਬ ਸਿੰਘ ਫੂਸ ਮੰਡੀ ਅਤੇ ਜਸਵੰਤ ਸਿੰਘ ਪੱਪੀ ਵੀ ਮੌਜੂਦ ਸਨ।