ਮਨੋਜ ਸ਼ਰਮਾ
ਬਠਿੰਡਾ, 19 ਦਸੰਬਰ
ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੇ ਪ੍ਰਧਾਨ ਬਲਵੀਰ ਰਾਣੀ ਸੋਢੀ ਨੇ ਅੱਜ ਇਲਾਕੇ ਦੇ ਔਰਤਾਂ ਨਾਲ ਮੀਟਿੰਗ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੀਆਂ ਔਰਤਾਂ ਦੀ ਅਹਿਮ ਭੂਮਿਕਾ ਰਹੇਗੀ। ਔਰਤਾਂ ਕੋਲ ਅੱਜ ਇਕ ਵੱਡਾ ਮੌਕਾ ਹੈ, ਜੋ ਆਪਣੀ ਮਰਜ਼ੀ ਮੁਤਾਬਕ ਸਰਕਾਰ ਦੀ ਚੋਣ ਕਰ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਔਰਤਾਂ ਦਾ ਅਕਸ ਸੁਧਾਰਨ ਲਈ ਵਚਨਬੱਧ ਹੈ, ਜਿਸ ਦੇ ਚੱਲਦਿਆਂ ਅੱਜ ਪੰਜਾਬ ਵਿੱਚ ਕਾਂਗਰਸ ਸਰਕਾਰ ਵੱਲੋਂ ਔਰਤਾਂ ਦੀ ਭਲਾਈ ਲਈ ਕਈ ਸਰਕਾਰੀ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਨਾ ਤਾਂ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਵਾਂਗ ਔਰਤਾਂ ਨੂੰ ਹਜ਼ਾਰ ਰੁਪਏ ਤੇ ਦੋ ਹਜ਼ਾਰ ਰੁਪਏ ਦੇਣ ਦੇ ਝੂਠੇ ਵਾਅਦੇ ਕਰਦੀ ਹੈ ਅਤੇ ਨਾ ਹੀ ਔਰਤਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦੀ ਹੈ। ਇਸ ਮੌਕੇ ਵੀਨੂੰ ਬਾਦਲ, ਕਾਂਤਾ ਰਾਣੀ ਸ਼ਰਮਾ ਜਨਰਲ ਸਕੱਤਰ, ਜਸਵਿੰਦਰ ਕੌਰ, ਰਣਜੀਤ ਕੌਰ, ਜਸਵੀਰ ਕੌਰ ਹਾਜ਼ਰ ਸਨ।