ਪੱਤਰ ਪ੍ਰੇਰਕ
ਬਠਿੰਡਾ, 14 ਮਈ
ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਡਾਕਟਰੀ ਸਿੱਖਿਆ ਤੇ ਖੋਜ ਬਾਰੇ ਮੰਤਰੀ ਓਪੀ ਸੋਨੀ ਨੂੰ ਪੱਤਰ ਲਿਖ਼ ਕੇ ਏਮਜ਼ ਬਠਿੰਡਾ ਵਿੱਚ ਵੈਂਟੀਲੇਟਰ ਅਤੇ ਵਾਧੂ ਆਕਸੀਜਨ ਸਪਲਾਈ ਕਰਨ ਲਈ ਕਿਹਾ ਤਾਂ ਜੋ ਲੈਵਲ-3 ਦੇ ਮਰੀਜ਼ਾਂ ਦੀਆਂ ਸਹੂਲਤਾਂ ਵਿੱਚ ਹੋਰ ਵਾਧਾ ਹੋ ਸਕੇ। ਉਨ੍ਹਾਂ ਐਡਵਾਂਸ ਕੈਂਸਰ ਇੰਸਟੀਚਿਊਟ ਬਠਿੰਡਾ ਵਿੱਚ ਕੋਵਿਡ ਸੈਂਟਰ ਸਥਾਪਿਤ ਕਰਨ ਦੇ ਸਰਕਾਰ ਦੇ ਫ਼ੈਸਲੇ ਦੀ ਪੁਨਰ ਸਮੀਖਿਆ ਦੀ ਵੀ ਮੰਗ ਕੀਤੀ ਹੈ।
ਸ੍ਰੀਮਤੀ ਬਾਦਲ ਮੁਤਾਬਿਕ ਮੁੱਖ ਮੰਤਰੀ ਤੋਂ ਮਗਰੋਂ ਹੁਣ ਸਿਹਤ ਮੰਤਰੀ ਨੂੰ ਲਿਖੇ ਪੱਤਰ ਵਿੱਚ ਕਿਹਾ ਗਿਆ ਕਿ ਸਿਹਤ ਮੰਤਰੀ ਵੱਲੋਂ ਏਮਜ਼ ਵਿੱਚ ਲੈਵਲ-3 ਸਹੂਲਤਾਂ ਨਾ ਹੋਣ ਅਤੇ ਸਿਰਫ 70 ਲੈਵਲ-2 ਦੇ ਬੈਡ ਹੀ ਉਪਲਬਧ ਹੋਣ ਦੇ ਦਾਅਵਿਆਂ ਨੂੰ ਖਾਰਜ ਕਰਦਿਆਂ, ਉਨ੍ਹਾਂ ਕਿਹਾ ਕਿ ਏਮਜ਼ ਵਿੱਚ ਤਾਂ ਸ਼ੁਰੂਆਤ ਤੋਂ ਹੀ ਲੈਵਲ-3 ਬੈਡ ਦੀ ਸਹੂਲਤ ਚੱਲ ਰਹੀ ਹੈ। ਉਨ੍ਹਾਂ ਪੱਤਰ ਨਾਲ ਏਮਜ਼ ਤੋਂ ਮਿਲੀ ਸੂਚਨਾ ਵੀ ਨੱਥੀ ਕੀਤੀ ਹੈ। ਮੰਤਰੀ ਸ੍ਰੀ ਸੋਨੀ ਨੂੰ ਦੱਸਿਆ ਗਿਆ ਕਿ ਏਮਜ਼ ’ਚ ਹੋਰ ਮਰੀਜ਼ ਵੀ ਦਾਖ਼ਲ ਕੀਤੇ ਜਾ ਸਕਦੇ ਹਨ ਪਰ ਆਕਸੀਜਨ ਦੀ ਕਮੀ ਕਾਰਨ ਅਜਿਹਾ ਨਹੀਂ ਹੋ ਰਿਹਾ। ਸੰਸਦ ਮੈਂਬਰ ਨੇ ਆਕਸੀਜਨ ਸਿਲੰਡਰਾਂ ਦੇ ਇੰਚਾਰਜ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਵੀ ਬੇਨਤੀ ਕੀਤੀ ਹੈ ਕਿ ਇਸ ਪ੍ਰਮੁੱਖ ਸੰਸਥਾ ਵਿੱਚ ਆਕਸੀਜਨ ਸਪਲਾਈ ਦਾ ਕੋਟਾ ਵਧਾਉਣ ਲਈ ਹਦਾਇਤਾਂ ਦਿੱਤੀਆਂ ਜਾਣ। ਇਸ ਦੇ ਨਾਲ ਹੀ ਕੇਂਦਰ ਸਰਕਾਰ ਤੋਂ ਮਿਲਦੇ ਚਾਲੂ ਹਾਲਤ ਵਾਲੇ ਵੈਂਟੀਲੇਟਰ, ਪ੍ਰਾਈਵੇਟ ਹਸਪਤਾਲਾਂ ਨੂੰ ਦੇਣ ਦੀ ਥਾਂ ਏਮਜ਼ ਨੂੰ ਦੇਣ ਦਾ ਵੀ ਸੁਝਾਅ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਉਹ ਖ਼ਬਰਾਂ ਦੀਆਂ ਕਾਤਰਾਂ ਵੀ ਨਾਲ ਭੇਜ ਰਹੇ ਹਨ ਜਿਨ੍ਹਾਂ ਵਿਚ ਦੱਸਿਆ ਹੈ ਕਿ ਕਿਵੇਂ ਕੈਂਸਰ ਹਸਪਤਾਲ ਵਿਚ ਕਰੋਨਾ ਵਾਰਡ ਖੁੱਲ੍ਹਣ ਦੇ ਕੁਝ ਹੀ ਦਿਨਾਂ ਅੰਦਰ ਸਟਾਫ ਤੇ ਮਰੀਜ਼ ਕਰੋਨਾ ਦੀ ਲਪੇਟ ਵਿੱਚ ਆਉਣ ਲੱਗ ਪਏ ਹਨ। ਉਨ੍ਹਾਂ ਕਿਹਾ ਕਿ ਤੱਥਾਂ ਨੂੰ ਵੇਖਦਿਆਂ ਸਰਕਾਰ ਨੂੰ ਇਸ ਸੰਸਥਾ ਵਿੱਚ ਕਰੋਨਾ ਸਹੂਲਤ ਸਥਾਪਿਤ ਕਰਨ ਦੇ ਆਪਣੇ ਫੈਸਲੇ ’ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ।