ਮਨੋਜ ਸ਼ਰਮਾ
ਬਠਿੰਡਾ, 17 ਅਪਰੈਲ
ਮਹਿਮਾ ਮਾੜਾ ਮਾਈਨਰ ਦੇ ਨਵੀਨੀਕਰਨ ਦਾ ਕੰਮ ਹੌਲੀ ਚੱਲਣ ਕਾਰਨ ਜਿੱਥੇ ਅੱਧੀ ਦਰਜਨ ਪਿੰਡਾਂ ਦੇ ਜਲਘਰ ਪਿਛਲੇ ਦੋ ਮਹੀਨਿਆਂ ਤੋਂ ਸੁੱਕੇ ਪਏ ਹਨ ਉੱਥੇ ਆਗਾਮੀ ਝੋਨੇ ਦੇ ਸੀਜ਼ਨ ਦੇ ਮੱਦੇਨਜ਼ਰ ਕਿਸਾਨ ਵੀ ਪ੍ਰੇਸ਼ਾਨ ਹਨ। ਇਸ ਪ੍ਰਾਜੈਕਟ ਦੀ ਦੇਖ-ਰੇਖ ਗੁਜਰਾਤ ਦੀ ਕੰਪਨੀ ਕਰ ਰਹੀ ਹੈ। ਨਹਿਰੀ ਵਿਭਾਗ ਸੂਤਰ ਦੱਸਦੇ ਹਨ ਕਿ ਪੁਲਾਂ ਦਾ ਕੰਮ ਕਿਸੇ ਹੋਰ ਕੰਪਨੀ ਵੱਲੋਂ ਦੇਖਿਆ ਜਾਣਾ ਹੈ। ਪਿੰਡ ਮਹਿਮਾ ਸਵਾਈ ਦੇ ਕਿਸਾਨ ਬਲਦੇਵ ਸਿੰਘ ਸੰਧੂ, ਜਗਸੀਰ ਸਿੰਘ ਅਤੇ ਮਹਿਮਾ ਸਰਕਾਰੀ ਦੇ ਸਾਬਕਾ ਸਰਪੰਚ ਬਰਜਿੰਦਰ ਸਿੰਘ ਬਰਾੜ ਦਾ ਕਹਿਣਾ ਹੈ ਕਿ ਮਈ ਇਸ ਠੇਕੇਦਾਰ ਵੱਲੋਂ ਜਿਸ ਤਰ੍ਹਾਂ ਸੁਸਤ ਰਫਤਾਰ ਨਾਲ ਇਸ ਪ੍ਰਾਜੈਕਟ ਦਾ ਕੰਮ ਕੀਤਾ ਜਾ ਰਿਹਾ ਉਸ ਤੋਂ ਸਾਫ ਲੱਗਦਾ ਹੈ ਕਿ ਇਹ ਕੰਮ ਮਈ ਮਹੀਨੇ ਵਿੱਚ ਪੂਰਾ ਹੋਣ ਵਾਲਾ ਨਹੀਂ ਹੈ। ਜਾਣਕਾਰੀ ਅਨੁਸਾਰ ਬਲਹਾੜ ਵਿੰਝੂ, ਗੋਨਿਆਣਾ ਕਲਾਂ, ਅਕਲੀਆ ਕਲਾਂ, ਮਹਿਮਾ ਸਵਾਈ, ਕੋਠੇ ਇੰਦਰ ਸਿੰਘ ਵਾਲੇ, ਕੋਠੇ ਸਪੂਰਾ ਸਿੰਘ ਵਾਲੇ, ਕੋਠੇ ਨੱਥਾ ਸਿੰਘ ਵਾਲੇ, ਦਾਨ ਸਿੰਘ ਵਾਲਾ, ਮਹਿਮਾ ਸਰਕਾਰੀ ਅਤੇ ਅਬਲੂ ਦੀਆਂ ਟੇਲਾਂ ਤੱਕ ਇਹ ਮਾਈਨਰ ਤਕਰੀਬਨ 25 ਹਜ਼ਾਰ ਏਕੜ ਰਕਬੇ ਦੀ ਸਿੰਜਾਈ ਕਰਦੀ ਹੈ।
ਅਪਰੈਲ ਤੇ ਅੰਤ ਤੱਕ ਕੰਮ ਨੇਪਰੇ ਚਾੜ੍ਹ ਦਿਆਂਗੇ: ਐਕਸੀਅਨ
ਨਹਿਰੀ ਵਿਭਾਗ ਦੇ ਐਕਸੀਅਨ ਸੁਖਜੀਤ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ ਮਾਇਨਰ ਦੇ ਨਵੀਂਨੀਕਰਨ ਦੇ ਕੰਮ ਦੀ ਰਫਤਾਰ ਨੂੰ ਚੁਸਤ ਦਰੁਸਤ ਕੀਤਾ ਜਾਵੇਗਾ ਤੇ ਇਹ ਕੰਮ ਅਪਰੈਲ ਮਹੀਨੇ ਦੇ ਅੰਤ ਤੱਕ ਨੇਪਰੇ ਚਾੜ੍ਹ ਦਿੱਤਾ ਜਾਵੇਗਾ।