ਪੱਤਰ ਪੇ੍ਰਕ
ਬਠਿੰਡਾ, 31 ਮਈ
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਝੰਡੇ ਹੇਠ ਹਰਪ੍ਰੀਤ ਸਿੰਘ ਗੋਲੂ ਦੀ ਅਗਵਾਈ ਹੇਠ ਬਠਿੰਡਾ ਵਿੱਚ ਹਰੇ ਚਾਰੇ ਦੀਆਂ ਟਰਾਲੀਆਂ ਲੈ ਕੇ ਵੇਚਣ ਆਏ ਕਿਸਾਨਾਂ ਦੇ ਹੱਕ ਵਿੱਚ ਖੜ੍ਹਦਿਆਂ ਵਪਾਰੀਆਂ ਦੀ ਲੁੱਟ ਦੇ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਤੇ 5 ਰੋਜ਼ਾ ਹੜਤਾਲ ਦਾ ਐਲਾਨ ਕਰਦੇ ਹੋਏ ਨਾਅਰੇਬਾਜ਼ੀ ਕੀਤੀ ਗਈ। ਜ਼ਿਕਰਯੋਗ ਕਿ ਬਠਿੰਡਾ ਦੀ ਦਾਣਾ ਮੰਡੀ ਵਿੱਚ ਹਰ ਰੋਜ਼ ਵੱਖ ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਹਰਾ ਚਾਰਾ ਵੇਚਣ ਲਈ ਦਾਣਾ ਮੰਡੀ ਪੁੱਜਦੇ ਹਨ ਪਰ ਅੱਜ ਉਸ ਵੇਲੇ ਹੱਦ ਹੋ ਗਈ ਜਦੋਂ ਵਪਾਰੀਆਂ ਨੇ ਸੌ ਰੁਪਏ ਪ੍ਰਤੀ ਕੁਇੰਟਲ ਹਰੇ ਚਾਰੇ ਦਾ ਭਾਅ ਲਾ ਕੇ ਕਿਸਾਨਾਂ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ। ਇਸ ਧੱਕੇਸ਼ਾਹੀ ਖ਼ਿਲਾਫ਼ ਕਿਸਾਨਾਂ ਨੇ ਵਪਾਰੀ ਵਰਗ ਨੂੰ ਹਰਾ ਚਾਰਾ ਵੇਚਣ ਤੋਂ ਇਨਕਾਰ ਕਰ ਦਿੱਤਾ। ਮੰਡੀ ਵਿੱਚ ਹਰਾ ਚਾਰਾ ਵੇਚਣ ਆਏ ਜਸਵਿੰਦਰ ਸਿੰਘ ਨੇਹੀਆਂਵਾਲਾ ਤੇ ਜਗਦੇਵ ਸਿੰਘ ਮਹਿਮਾ ਸਰਜਾ ਨੇ ਇਸ ਨੂੰ ਸ਼ਰ੍ਹੇਆਮ ਲੁੱਟ ਕਰਾਰ ਦਿੰਦਿਆਂ ਕਿਹਾ ਕਿ ਅੱਗੇ ਬੋਲੀ 3.50 ਸੌ ਰੁਪਏ ਪ੍ਰਤੀ ਕੁਇੰਟਲ ਤੋਂ ਸ਼ੁਰੂ ਕੀਤੀ ਜਾਂਦੀ ਸੀ ਤੇ ਅੱਜ 100 ਰੁਪਏ ਪ੍ਰਤੀ ਕੁਇੰਟਲ ਤੋਂ ਬੋਲੀ ਸ਼ੁਰੂ ਕੀਤੀ ਗਈ ਜੋ ਕਿਸਾਨਾਂ ਦੀ ਸ਼ਰ੍ਹੇਆਮ ਲੁੱਟ ਹੈ। ਇਸ ਮੌਕੇ ਵਪਾਰੀ ਵਰਗ ਵੱਲੋਂ ਹਰਾ ਚਾਰਾ ਬਾਹਰਲੀਆਂ ਮੰਡੀਆਂ ਤੋਂ ਲੈਣ ਦੀ ਧਮਕੀ ਦਿੱਤੀ ਤਾਂ ਕਿਸਾਨਾਂ ਨੇ ਇਕਜੁੱਟ ਹੁੰਦਿਆਂ ਪੰਜ ਰੋਜ਼ਾ ਹੜਤਾਲ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਬਠਿੰਡਾ ਦੀ ਦਾਣਾ ਮੰਡੀ ਵਿੱਚ ਹਰੇ ਚਾਰੇ ਦੀਆਂ ਟਰਾਲੀਆਂ ਨਹੀਂ ਵੇਚਣਗੇ। ਉਨ੍ਹਾਂ ਐਲਾਨ ਕੀਤਾ ਕਿ ਕੋਈ ਵੀ ਬਾਹਰਲੀ ਮੰਡੀ ਤੋਂ ਹਰਾ ਚਾਰਾ ਵੇਚਣ ਲਈ ਟਰਾਲੀ ਆਵੇਗੀ ਤਾਂ ਉਹ ਉਸ ਦਾ ਵਿਰੋਧ ਕਰਨਗੇ। ਇਸ ਮੌਕੇ ਗੁਰਦੀਪ ਸਿੰਘ ਮਹਿਮਾ ਸਰਜਾ, ਕੁਲਵੰਤ ਸਿੰਘ ਨਹੀਆਂਵਾਲਾ ਆਦਿ ਹਾਜ਼ਰ ਸਨ।