ਮਨੋਜ ਸ਼ਰਮਾ
ਬਠਿੰਡਾ, 24 ਜੁਲਾਈ
ਮਾਲਵਾ ਪੱਟੀ ਵਿਚ ਕਿਸਾਨ ਚਿੱਟੀ ਮੱਖੀ, ਗੁਲਾਬੀ ਸੁੰਡੀ ਅਤੇ ਚਿੱਟੇ ਤੇਲੇ ਕਾਰਨ ਨਰਮੇ ਦੀ ਖ਼ਰਾਬ ਹੋਈ ਫ਼ਸਲ ਨੂੰ ਵਾਹੁਣ ਲਈ ਮਜਬੂਰ ਹਨ। ਜ਼ਿਕਰਯੋਗ ਹੈ ਕਿ ਨਰਮੇ ’ਤੇ ਗੁਲਾਬੀ ਸੁੰਡੀ ਅਤੇ ਚਿੱਟੀ ਮੱਖੀ ਲਗਾਤਾਰ ਤਬਾਹੀ ਮਚਾ ਰਹੀ ਹੈ, ਭਾਵੇਂ ਖੇਤੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਦੌਰਾ ਕਰਨ ਤੋਂ ਬਾਅਦ ਖੇਤੀਬਾੜੀ ਵਿਭਾਗ ਦੀਆਂ ਟੀਮਾਂ ਨੇ ਕੀਟਨਾਸ਼ਕ ਸਟੋਰਾਂ ’ਤੇ ਛਾਪੇ ਵੀ ਮਾਰੇ ਸੀ ਪਰ ਨਰਮੇ ਦੀ ਫਸਲ ਨੂੰ ਬਚਾਉਣ ਵਿੱਚ ਖੇਤੀਬਾੜੀ ਵਿਭਾਗ ਨਾਕਾਮ ਰਿਹਾ ਹੈ। ਅੱਜ ਜ਼ਿਲ੍ਹੇ ਦੇ ਪਿੰਡ ਮਹਿਮਾ ਸਰਜਾ ਦੇ ਕਿਸਾਨ ਦਰਸ਼ਨ ਸਿੰਘ ਅਤੇ ਸੁਖਦੇਵ ਸਿੰਘ ਨੂੰ ਤਕਰੀਬਨ ਪੰਜ ਏਕੜ ਪੁੱਤਾਂ ਵਾਂਗ ਪਾਲੀ ਨਰਮੇ ਦੀ ਫਸਲ ਨੂੰ ਵਾਹੁਣ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਦੁਖੀ ਹੁੰਦੇ ਕਿਹਾ ਕਿ ਉਨ੍ਹਾਂ ਵੱਲੋਂ ਰੇਹਾਂ ਸਪਰੇਹਾਂ ਅਤੇ ਇਸਦੇ ਮਹਿੰਗੇ ਭਾਅ ਬੀਜ ’ਤੇ ਖਰਚਾ ਕੀਤਾ ਗਿਆ ਸੀ ਪਰ ਹਜ਼ਾਰਾਂ ਰੁਪਿਆ ਖ਼ਰਚ ਕਰਨ ਦੇ ਬਾਵਜੂਦ ਉਹ ਨਰਮੇ ਦੀ ਫ਼ਸਲ ਨੂੰ ਬਚਾ ਨਹੀਂ ਸਕੇ। ਇਸੇ ਤਰ੍ਹਾਂ ਹੀ ਪਿੰਡ ਝੁੰਬਾ ਦੇ ਕਿਸਾਨ ਮਨਦੀਪ ਸਿੰਘ ਅਤੇ ਗੁਰਦੀਪ ਸਿੰਘ ਕਾਕਾ ਨੇ ਆਪਣੀ ਸੱਤ ਏਕੜ ਜ਼ਮੀਨ ’ਤੇ ਟਰੈਕਟਰ ਫੇਰ ਦਿੱਤਾ ਹੈ। ਮੈਨੂਆਣਾ ਦੇ ਸਾਬਕਾ ਸਰਪੰਚ ਕੁਲਵੰਤ ਸਿੰਘ ਵਿਰਕ ਨੇ ਆਪਣੀ ਪੰਜ ਏਕੜ ਨਰਮੇ ਦੀ ਫਸਲ ਵਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਨਰਮੇ ਦੀ ਫ਼ਸਲ ’ਤੇ ਗੁਲਾਬੀ ਸੁੰਡੀ ਅਤੇ ਚਿੱਟੀ ਮੱਖੀ ਦਾ ਵੱਡਾ ਹਮਲਾ ਹੋਇਆ ਹੈ ਜਿਸ ਕਾਰਨ ਨਰਮੇ ਦੀ ਫਸਲ ਖਰਾਬ ਹੋ ਗਈ ਹੈ।
ਉਧਰ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਗੁਰਦੀਪ ਸਿੰਘ ਮਹਿਮਾ ਸਰਜਾ, ਮਲਕੀਅਤ ਸਿੰਘ, ਕਾਲਾ ਸਿੰਘ ਨੇ ਦੋਸ਼ ਲਗਾਏ ਆਮ ਆਦਮੀ ਪਾਰਟੀ ਸਰਕਾਰ ਹਰ ਫਰੰਟ ’ਤੇ ਫੇਲ੍ਹ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਝ ਦਿਨ ਉਡੀਕ ਕਰਨ ਦੀ ਗੱਲ ਕਹੀ ਸੀ ਕਿ ਗੁਲਾਬੀ ਸੁੰਡੀ ਅਤੇ ਚਿੱਟੀ ਮੱਖੀ ਦਾ ਹੱਲ ਲੱਭਿਆ ਜਾਵੇਗਾ ਪਰ ਅਫ਼ਸੋਸ ਇਸ ਦਾ ਕੋਈ ਹੱਲ ਨਹੀਂ ਨਿੱਕਲ ਸਕਿਆ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਖਰਾਬ ਹੋਈ ਨਰਮੇ ਦੀ ਫਸਲ ਦੀ ਜਲਦੀ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਮੁਆਵਜ਼ਾ ਦੇ ਕੇ ਰਾਹਤ ਦੇਵੇ, ਕਿਉਂਕਿ ਜ਼ਮੀਨ ਤਿਆਰ ਕਰਨ ਤੋਂ ਇਲਾਵਾ ਬੀਜ, ਬਿਜਾਈ, ਖੁਰਾਕ, ਸਪਰੇ ਆਦਿ ’ਤੇ ਕਿਸਾਨਾਂ ਵੱਲੋਂ ਹਜ਼ਾਰਾਂ ਰੁਪਏ ਖਰਚ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਜ਼ਿਲ੍ਹੇ ’ਚ ਹਰ ਦੂਜੇ ਪਿੰਡ ਦੇ ਕਿਸਾਨ ਆਪਣੀ ਫ਼ਸਲ ਵਾਹ ਰਹੇ ਹਨ।