ਜੋਗਿੰਦਰ ਸਿੰਘ ਮਾਨ
ਮਾਨਸਾ, 22 ਦਸੰਬਰ
ਅੱਜ ਚਾਰ ਰੋਜ਼ਾ ਹੜਤਾਲ ਆਰੰਭ ਕਰਦਿਆਂ ਜ਼ਿਲ੍ਹਾ ਆੜ੍ਹਤੀਆ ਐਸੋਸੀਏਸ਼ਨ ਮਾਨਸਾ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਆੜ੍ਹਤੀਆਂ ਨੂੰ ਨਿਸ਼ਾਨਾ ਬਣਾਕੇ ਇਨਕਮ ਟੈਕਸ ਵਿਭਾਗ ਰਾਹੀਂ ਇਕ ਸਾਜਿਸ਼ ਤਹਿਤ ਮਰਵਾਏ ਜਾ ਰਹੇ ਛਾਪੇ ਬੰਦ ਨਾ ਕਰਵਾਏ ਗਏ ਤਾਂ ਪੰਜਾਬ ਦੇ ਸਾਰੇ ਭਾਜਪਾ ਨੇਤਾਵਾਂ ਦਾ ਘਿਰਾਓ ਕੀਤਾ ਜਾਵੇਗਾ ਤੇ ਉਨ੍ਹਾਂ ਦੇ ਸਮਾਜਿਕ ਬਾਈਕਾਟ ਕਰਨ ਦਾ ਸੱਦਾ ਦਿੱਤਾ ਜਾਵੇਗਾ। ਐਸੋਸੀਏਸ਼ਨ ਵੱਲੋਂ ਇਸ ਛਾਪੇਮਾਰੀ ਖ਼ਿਲਾਫ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਅਰਥੀਆਂ ਸਾੜਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਮਨੀਸ਼ ਬੱਬੀ ਦਾਨੇਵਾਲੀਆ ਨੇ ਅੰਦੋਲਨਕਾਰੀ ਕਿਸਾਨਾਂ ਦੀ ਹਮਾਇਤ ਕਰ ਰਹੇ ਆੜ੍ਹਤੀਆਂ ਦੇ ਆਗੂਆਂ ਨੂੰ ਡਰਾਉਣ ਧਮਕਾਉਣ ਦੇ ਮਕਸਦ ਨਾਲ ਕੇਂਦਰ ਵੱਲੋਂ ਆੜ੍ਹਤੀਆਂ ਨੂੰ ਨਿਸ਼ਾਨਾ ਬਣਾ ਕੇ ਇਨਕਮ ਟੈਕਸ ਵਿਭਾਗ ਵੱਲੋਂ ਛਾਪੇਮਾਰੀ ਕਰਵਾਉਣ ਦੀ ਨਿੰਦਿਆ ਕੀਤੀ।
ਬਠਿੰਡਾ (ਮਨੋਜ ਸ਼ਰਮਾ) ਇਨਕਮ ਟੈਕਸ ਵਿਭਾਗ ਦੀਆਂ ਟੀਮਾਂ ਵੱਲੋਂ ਆੜ੍ਹਤੀਆਂ ਦੀਆਂ ਦੁਕਾਨਾਂ ’ਤੇ ਕੀਤੀ ਗਈ ਛਾਪੇਮਾਰੀ ਦੇ ਵਿਰੋਧ ’ਚ ਆੜ੍ਹਤੀਆਂ ਵੱਲੋਂ ਚਾਰ ਰੋਜ਼ਾ ਹੜਤਾਲ ਕੀਤੀ ਗਈ ਹੈ। ਅੱਜ ਹੜਤਾਲ ਦਾ ਪਹਿਲਾ ਦਿਨ ਸੀ। ਹੜਤਾਲ ਕਾਰਨ ਮੰਡੀਆਂ ’ਚ ਸਾਰਾ ਦਿਨ ਸੁੰਨ ਪਸਰੀ ਰਹੀ। ਸਮਝਿਆ ਜਾ ਰਿਹਾ ਹੈ ਕਿ ਕੇਂਦਰ ਵੱਲੋਂ ਲਾਗੂ ਕੀਤੇ ਤਿੰਨ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦੇ ਨਾਲ ਮੈਦਾਨ ’ਚ ਨਿੱਤਰੇ ਆੜ੍ਹਤੀਆਂ ਨੂੰ ਪ੍ਰੇਸ਼ਾਨ ਕਰਨ ਦੀ ਮਨਸ਼ਾ ਨਾਲ ਇਹ ਛਾਪੇ ਮਾਰੇ ਗਏ। ਬਠਿੰਡਾ ਦੀ ਅਨਾਜ ਮੰਡੀ ’ਚ ਅੱਜ ਆੜ੍ਹਤੀਏ ਨਰਮੇ ਦੀ ਖ੍ਰੀਦ ਸਮੇਤ ਹੋਰ ਕੰਮਕਾਰ ਬੰਦ ਕਰਕੇ ਧੁੱਪ ਸੇਕਦੇ ਰਹੇ। ਮੰਡੀ ’ਚ ਕੰਮ ਕਰਨ ਵਾਲੇ ਮਜ਼ਦੂਰਾਂ ਵੱਲੋਂ ਵੀ ਤਾਸ਼ ਖੇਡਕੇ ਦਿਨ ਲੰਘਾਇਆ ਗਿਆ।
ਜਲਾਲਾਬਾਦ (ਚੰਦਰ ਪ੍ਰਕਾਸ਼ ਕਾਲੜਾ) ਇਨਕਮ ਟੈਕਸ ਵਿਭਾਗ ਵੱਲੋਂ ਸੂਬੇ ਨਾਲ ਸਬੰਧਤ ਪ੍ਰਮੁੱਖ ਆੜ੍ਹਤੀਆ ਯੂਨੀਅਨ ਦੇ ਪ੍ਰਧਾਨ ਵਿਜੇ ਕਾਲੜਾ ਤੇ ਹੋਰ ਅਹੁਦੇਦਾਰਾਂ ਦੇ ਘਰਾਂ ਤੇ ਦਫ਼ਤਰੀ ਥਾਵਾਂ ’ਤੇ ਹੋਈ ਛਾਪੇਮਾਰੀ ਵਿਰੁੱਧ ਫੈਡਰੇਸ਼ਨ ਆਫ ਆੜ੍ਹਤੀ ਯੂਨੀਅਨ ਦੇ ਸੱੱਦੇ ’ਤੇ ਜਲਾਲਾਬਾਦ ਦੇ ਸਮੁੱਚੇ ਆੜ੍ਹਤੀਆਂ ਵੱਲੋਂ ਆਪਣੀਆਂ ਦੁਕਾਨਾਂ ਬੰਦ ਰੱਖੀਆ ਗਈਆਂ ਤੇ ਦੁਕਾਨਾਂ 22 ਤੋਂ 25 ਦਸੰਬਰ ਤੱਕ ਬੰਦ ਰਹਿਣਗੀਆਂ। ਇਸ ਸਬੰਧੀ ਯੂਨੀਅਨ ਦੇ ਪ੍ਰਧਾਨ ਚੰਦਰ ਪ੍ਰਕਾਸ਼ ਖੈਰੇਕੇ ਤੇ ਚੇਅਰਮੈਨ ਜਰਨੈਲ ਸਿੰਘ ਮੁਖੀਜਾ ਨੇ ਦੱਸਿਆ ਕਿ ਬੀਤੇ ਦਿਨੀ ਇਨਕਮ ਟੈਕਸ ਵਿਭਾਗ ਦੀ ਛਾਪੇਮਾਰੀ ਮਹਿਜ ਇਕ ਕੇਂਦਰ ਸਰਕਾਰ ਦੇ ਦਬਾਅ ਹੇਠ ਕੀਤੀ ਗਈ ਹੈ ਕਿਉਂਕਿ ਕੇਂਦਰ ਸਰਕਾਰ ਅਜਿਹਾ ਦਬਾਅ ਬਣਾ ਕੇ ਕਿਸਾਨਾਂ ਦੇ ਅੰਦੋਲਨ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ। ਯੂਨੀਅਨ ਆਗੂਆਂ ਨੇ ਦੱਸਿਆ ਕਿ ਕਿਸਾਨ ਅੰਦੋਲਨ ’ਚ ਸਮੁੱਚੇ ਆੜ੍ਹਤੀਏ ਕਿਸਾਨਾਂ ਨਾਲ ਖੜ੍ਹੇ ਹਨ ਤੇ ਉਨ੍ਹਾਂ ਦਾ ਹਰ ਪੱਖੋਂ ਸਹਿਯੋਗ ਕਰ ਰਹੇ ਹਨ ਪਰ ਕੇਂਦਰ ਸਰਕਾਰ ਕਿਸਾਨਾਂ ਦੇ ਅੰਦੋਲਨ ਨੂੰ ਖਤਮ ਕਰਨ ਲਈ ਹਰ ਤਰ੍ਹਾਂ ਦਾ ਹੀਲਾ ਵਰਤ ਰਹੀ ਹੈ।
ਹੜਤਾਲ ਕਾਰਨ ਕੱਲ੍ਹ ਦਾ ਖਰੀਦਿਆ ਨਰਮਾ ਸ਼ਾਮ ਤੱਕ ਨਹੀੱ ਤੁਲਿਆ
ਭੁੱਚੋ ਮੰਡੀ (ਪੱਤਰ ਪ੍ਰੇਰਕ) ਆੜ੍ਹਤੀਆਂ ਦੀ ਚਾਰ ਰੋਜ਼ਾ ਹੜਤਾਲ ਕਾਰਨ ਅਨਾਜ ਮੰਡੀ ਵਿੱਚ ਨਰਮੇ ਦੀ ਤੁਲਾਈ ਨਾ ਹੋਣ ਕਾਰਨ ਕਿਸਾਨ ਪ੍ਰੇਸ਼ਾਨ ਹਨ। ਉਹ ਪੂਰਾ ਦਿਨ ਨਰਮੇ ਦੀ ਤੁਲਾਈ ਹੋਣ ਦੀ ਉਡੀਕ ਕਰਦੇ ਰਹੇ। ਪਿੰਡ ਤੁੰਗਵਾਲੀ ਦੇ ਕਿਸਾਨ ਭੂਰਾ ਸਿੰਘ ਦਾ 100 ਮਣ, ਜੱਗਾ ਸਿੰਘ ਤੇ ਸੁਖਵੀਰ ਸਿੰਘ ਦਾ 40-40 ਮਣ ਤੇ ਕੁਲਵੰਤ ਸਿੰਘ ਭੁੱਚੋ ਦਾ 15 ਮਣ ਨਰਮਾ ਤੁਲਾਈ ਖੁਣੋਂ ਪਿਆ ਹੈ। ਇਸ ਤੋਂ ਇਲਾਵਾ ਹੋਰ ਵੀ ਨਰਮੇ ਦੀਆਂ ਢੇਰੀਆਂ ਅਨਾਜ ਮੰਡੀ ਵਿੱਚ ਪਈਆਂ ਸਨ। ਕਿਸਾਨਾਂ ਨੇ ਦੱਸਿਆ ਕਿ ਕੱਲ੍ਹ ਨਿੱਜੀ ਵਪਾਰੀਆਂ ਨੇ ਉਨ੍ਹਾਂ ਦੇ ਨਰਮੇ ਦੀ ਬੋਲੀ ਤਾਂ ਲਗਾ ਦਿੱਤੀ ਸੀ, ਪਰ ਹਾਲੇ ਤੱਕ ਨਰਮੇ ਦੀ ਤੁਲਾਈ ਨਹੀਂ ਹੋਈ। ਭੂਰਾ ਸਿੰਘ ਅਨੁਸਾਰ ਉਸ ਦੇ 100 ਮਣ ਵਿੱਚੋਂ ਸਿਰਫ਼ 10 ਮਣ ਨਰਮਾ ਸਵੇਰੇ ਤੋਲ ਕੇ ਰੱਖਿਆ ਸੀ। ਉਸ ਤੋਂ ਬਾਅਦ ਕੋਈ ਨਹੀਂ ਬਹੁੜਿਆ। ਉਨ੍ਹਾਂ ਕਿਹਾ ਕਿ ਜੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੇ ਜਲਦੀ ਕੋਈ ਪ੍ਰਬੰਧ ਨਾ ਕੀਤਾ ਤਾਂ ਉਨ੍ਹਾਂ ਨੂੰ ਚਾਰ ਦਿਨ ਠੰਢ ਵਿੱਚ ਰੁਲਣਾ ਪਵੇਗਾ। ਮਾਰਕੀਟ ਕਮੇਟੀ ਦੇ ਮੰਡੀ ਸੁਪਰਵਾਈਜ਼ਰ ਅਮਨਦੀਪ ਸਿੰਘ ਨੇ ਕਿਹਾ ਕਿ ਟਰਾਲੀ ਅਣਲੋਡ ਹੋਣ ਲਈ ਗਈ ਹੋਵੇਗੀ।