ਮਨੋਜ ਸ਼ਰਮਾ
ਬਠਿੰਡਾ 10 ਅਗਸਤ
ਤਾਲਮੇਲ ਕਮੇਟੀ ਪੈਰਾਮੈਡੀਕਲ ਅਤੇ ਸਿਹਤ ਕਰਮਚਾਰੀ ਬਠਿੰਡਾ ਵੱਲੋਂ ਸਿਵਲ ਸਰਜਨ ਦਫ਼ਤਰ ਬਠਿੰਡਾ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਜਥੇਬੰਦੀ ਦੇ ਆਗੂ ਗਗਨਦੀਪ ਸਿੰਘ ਨੇ ਕਿਹਾ ਕਿ ਪਿਛਲੇ ਛੇ ਮਹੀਨਿਆਂ ਤੋਂ ਕਰੋਨਾ ਯੋਧਿਆਂ ਨੂੰ ਤਨਖ਼ਾਹਾਂ ਨਹੀਂ ਮਿਲੀਆਂ। ਇਸ ਸਬੰਧੀ ਸਿਵਲ ਸਰਜਨ ਬਠਿੰਡਾ ਨੂੰ ਪਿਛਲੇ ਤਿੰਨ ਮਹੀਨਿਆਂ ਤੋਂ ਜ਼ੁਬਾਨੀ ਅਤੇ ਲਿਖਤੀ ਰੂਪ ਵਿਚ ਇਹ ਮਾਮਲਾ ਧਿਆਨ ਵਿੱਚ ਲਿਆਂਦਾ ਗਿਆ ਸੀ ਪਰ ਉਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ। ਪਿਛਲੇ ਦਿਨੀਂ ਜਦੋਂ ਜਥੇਬੰਦੀ ਨੇ ਧਰਨਾ ਮਾਰਿਆ ਸੀ ਤਾਂ ਬਠਿੰਡਾ ਪਹੁੰਚੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਡਾ: ਜੀ. ਬੀ. ਸਿੰਘ ਨਾਲ ਜਥੇਬੰਦੀ ਦੇ ਆਗੂਆਂ ਦੀ ਮੀਟਿੰਗ ਹੋਈ ਸੀ ਤਾਂ ਉਨ੍ਹਾਂ ਨੇ ਇਕ ਹਫ਼ਤੇ ਵਿੱਚ ਤਨਖ਼ਾਹਾਂ ਜਾਰੀ ਕਰਨ ਦੇ ਭਰੋਸੇ ਤੇ ਧਰਨਾ ਚੁਕਵਾਇਆ ਸੀ।ਇਸ ਤੋਂ ਬਾਅਦ ਗੋਨਿਆਣਾ ਵਿਖੇ ਆਏ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੂੰ ਵੀ ਜਥੇਬੰਦੀ ਦਾ ਵਫਦ ਮਿਲਿਆ ਸੀ ਪਰ ਸਭ ਨੇ ਲਾਰੇ ਹੀ ਲਾਏ ਹਨ । ਧਰਨੇ ਵਿੱਚ ਜਸਵਿੰਦਰ ਸ਼ਰਮਾ, ਕੁਲਵਿੰਦਰ ਸਿੰਘ, ਜਗਦੀਪ ਸਿੰਘ ਵਿਰਕ, ਹਰਜੀਤ ਸਿੰਘ, ਦਰਸ਼ਨ ਸਿੰਘ ਖਾਲਸਾ, ਹਾਕਮ ਸਿੰਘ, ਸੰਜੀਵ ਕੁਮਾਰ, ਹਰਵਿੰਦਰ ਕੌਰ ,ਸਿਮਰਨ ਕੌਰ, ਪ੍ਰਿਅੰਕਾ, ਗੁਰਮੀਤ ਸਿੰਘ, ਸੁਨੀਲ ਕੁਮਾਰ, ਵਰਿੰਦਰ ਸਿੰਘ, ਮਨੀਸ਼ ਕੁਮਾਰ ਤੇ ਅਮਨਦੀਪ ਕੁਮਾਰ ਆਦਿ ਸ਼ਾਮਲ ਸਨ।