ਮਨੋਜ ਸ਼ਰਮਾ
ਬਠਿੰਡਾ, 10 ਨਵੰਬਰ
ਇੱਥੇ ਡਿੱਪੂ ਹੋਲਡਰ ਐਸੋਸੀਏਸ਼ਨ ਪੰਜਾਬ ਵੱਲੋਂ ਸੂਬਾਈ ਪ੍ਰਧਾਨ ਸੁਖਵਿੰਦਰ ਸਿੰਘ ਕਾਂਝਲਾ ਦੀ ਅਗਵਾਈ ਹੇਠ ਆਪਣੀਆਂ ਮੰਗਾਂ ਸਬੰਧੀ ਪੰਜਾਬ ਸਰਕਾਰ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਡਿੱਪੂ ਹੋਲਡਰਾਂ ਨੇ ਅੱਜ ਰੋਜ਼ ਗਾਰਡਨ ਬਠਿੰਡਾ ਤੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਫ਼ਤਰ ਤੱਕ ਰੋਸ ਮਾਰਚ ਕੱਢਿਆ।
ਇਸ ਮੌਕੇ ਸੂਬਾਈ ਪ੍ਰਧਾਨ ਸੁਖਵਿੰਦਰ ਸਿੰਘ ਕਾਂਝਲਾ ਅਤੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਪੰਜਾਬ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਡਿੱਪੂ ਹੋਲਡਰਾਂ ਦੀਆਂ ਮੰਗਾਂ ਨੂੰ ਸਰਕਾਰ ਲੰਮੇ ਸਮੇਂ ਤੋਂ ਲਟਕਾ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਡਿੱਪੂ ਹੋਲਡਰਾਂ ਨੂੰ ਹਰ ਮਹੀਨੇ ਰਾਸ਼ਨ ਵੰਡਣ ਦਾ ਮੌਕਾ ਦਿੱਤਾ ਜਾਵੇ, ਇੰਸਪੈਕਟਰਾਂ ਦੇ ਨਾਮ ’ਤੇ ਚੱਲਦੀਆਂ ਮਸ਼ੀਨਾਂ ਡਿੱਪੂ ਹੋਲਡਰਾਂ ਦੇ ਨਾਮ ’ਤੇ ਜਾਰੀ ਕੀਤੀਆਂ ਜਾਣ।
ਰਾਸ਼ਨ ਦੇ ਕਮਿਸ਼ਨ ਵਿੱਚ ਵਾਧਾ ਕੀਤਾ ਜਾਵੇ ਅਤੇ ਹੋਰ ਦਰਪੇਸ਼ ਮੁਸ਼ਕਲਾਂ ਦਾ ਹੱਲ ਕੀਤਾ ਜਾਵੇ। ਕਰੋਨਾ ਵਾਇਰਸ ਨੂੰ ਦੇਖਦਿਆਂ ਡਿੱਪੂ ਹੋਲਡਰਾਂ ਦਾ ਬੀਮਾ ਕੀਤਾ ਜਾਵੇ।
ਉਨ੍ਹਾਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ’ਤੇ ਦੋਸ਼ ਲਗਾਏ ਕਿ ਸ੍ਰੀ ਬਾਦਲ ਵੱਲੋਂ 2017 ਵਿੱਚ ਉਨ੍ਹਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਉਨ੍ਹਾਂ ਦੀਆਂ ਮੁਸ਼ਕਲਾਂ ਸਰਕਾਰ ਬਣਨ ’ਤੇ ਤੁਰੰਤ ਹੱਲ ਕੀਤੀਆਂ ਜਾਣਗੀਆਂ ਪਰ ਸਾਢੇ ਤਿੰਨ ਸਾਲ ਬੀਤ ਜਾਣ ਦੇ ਬਾਵਜੂਦ ਪੰਜਾਬ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਨਹੀਂ ਕੀਤਾ।
ਇਸ ਮੌਕੇ ਜਤਿੰਦਰ ਸਿੰਘ ਕਾਲੜਾ ਪ੍ਰਧਾਨ ਜੈਤੋ, ਜਰਨੈਲ ਸਿੰਘ ਬਾਜਾਖਾਨਾ ਤੇ ਸੁਰਿੰਦਰ ਸਿੰਘ ਆਦਿ ਦੀ ਅਗਵਾਈ ਵਿਚ ਤਹਿਸੀਲਦਾਰ ਬਠਿੰਡਾ ਨੂੰ ਮੰਗ ਪੱਤਰ ਸੌਂਪਿਆ ।