ਬਠਿੰਡਾ, 16 ਮਈ
ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਅੱਜ ਥਾਣਾ ਨੇਹੀਆ ਵਾਲਾ ਅੱਗੇ ਚਿੱਟੇ ਦੇ ਸਮਗਲਰਾਂ ਨੂੰ ਜੇਲ੍ਹਾਂ ਵਿੱਚ ਬੰਦ ਕਰਵਾਉਣ ਲਈ ਧਰਨਾ ਦਿੱਤਾ ਗਿਆ। ਪਿੰਡ ਜੀਦਾ ਤੇ ਹੋਰ ਪਿੰਡਾਂ ਵਿੱਚ ਸ਼ਰੇਆਮ ਵਿੱਕ ਰਹੇ ਨਸ਼ਿਆਂ ਤੋਂ ਦੁਖੀ ਲੋਕਾਂ ਵੱਲੋਂ ਸਰਕਾਰ ਅਤੇ ਪੁਲੀਸ ਅਧਿਕਾਰੀਆਂ ਵਿਰੁੱਧ ਜੋਰਦਾਰ ਨਾਅਰੇਬਾਜ਼ੀ ਕਰਕੇ ਤਿੱਖੇ ਰੋਹ ਤੇ ਰੋਸ ਦਾ ਪ੍ਰਗਟਾਵਾ ਕੀਤਾ ਗਿਆ। ਧਰਨੇ ਵਿੱਚ ਪਹੁੰਚੇ ਲੋਕਾਂ ਨੂੰ ਸਬੋਧਨ ਕਰਦੇ ਹੋਏ ਜੱਥੇਬੰਦੀ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਤੇ ਜ਼ਿਲ੍ਹਾ ਕਮੇਟੀ ਮੈਂਬਰ ਤੀਰਥ ਸਿੰਘ ਕੋਠਾ ਗੁਰੂ ਨੇ ਕਿਹਾ ਕਿ ਪੰਜਾਬ ਅੰਦਰ ਸਰਕਾਰ ਤੇ ਪੁਲੀਸ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਵਿੱਕ ਰਹੇ ਚਿੱਟੇ ਅਤੇ ਹੋਰ ਮਾਰੂ ਨਸ਼ਿਆਂ ਨੇ ਮਾਵਾਂ ਦੇ ਗੱਭਰੂ ਪੁੱਤਾਂ ਨੂੰ ਨਿਗਲ ਲਿਆ ਹੈ ਪਰ ਆਮ ਆਦਮੀ ਪਾਰਟੀ ਕਹਾਉਣ ਵਾਲੀ ਮਾਨ ਸਰਕਾਰ ਹੱਥਾਂ ’ਤੇ ਹੱਥ ਧਰਕੇ ਚੁੱਪਚਾਪ ਬਲਦੇ ਸਿਵਿਆਂ ਵੱਲ ਦੇਖ ਰਹੀ ਹੈ। ਧਰਨਾਕਾਰੀਆਂ ਨੇ ਸਰਕਾਰ ਤੋਂ ਨਸ਼ੇ ਦੇ ਵਪਾਰੀਆਂ ਨੂੰ ਗ੍ਰਿਫਤਾਰ ਕਰਕੇ ਸਖ਼ਤ ਸਜ਼ਾਵਾਂ ਦੇਣ, ਉਨ੍ਹਾਂ ਦੀਆਂ ਜਾਇਦਾਦਾਂ ਕੁਰਕ ਕਰਨ ਆਦਿ ਮੰਗਾਂ ਰੱਖੀਆਂ।