ਪੱਤਰ ਪ੍ਰੇਰਕ
ਬਠਿੰਡਾ, 15 ਜੁਲਾਈ
ਇਥੇ ਅੱਜ ਡਿਪਟੀ ਕਮਿਸ਼ਨਰ ਬੀ ਸ੍ਰੀਨਿਵਾਸਨ ਨੇ ਜ਼ਿਲ੍ਹੇ ਦੇ ਪਿੰਡ ਕਣਕਵਾਲ ਵਿੱਚ ਬਣਾਏ ਜਾ ਰਹੇ ਕੋਵਿਡ ਕੇਅਰ ਸੈਂਟਰ ਦਾ ਦੌਰਾ ਕੀਤਾ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਇਹ ਦੱਸਿਆ ਕਿ ਇਸ ਸੈਂਟਰ ਨੂੰ ਬਹੁਤ ਜਲਦ ਸਿਹਤ ਵਿਭਾਗ ਦੇ ਹਵਾਲੇ ਕਰ ਕੇ ਚਾਲੂ ਕਰ ਦਿੱਤਾ ਜਾਵੇਗਾ। ਇਸ ਕੋਵਿਡ ਕੇਅਰ ਮੇਕ ਸੈਂਟਰ ਵਿੱਚ ਲੈਵਲ ਦੋ ਦੇ 100 ਬੈੱਡ ਸਥਾਪਤ ਕੀਤੇ ਜਾ ਰਹੇ ਹਨ। 25-25 ਬੈੱਡ ਦੇ ਚਾਰ ਬਲਾਕਾਂ ਵਾਲੇ ਇਸ ਕੋਵਿਡ ਕੇਅਰ ਮੇਕ ਸੈਂਟਰ ਵਿੱਚ ਕਰੋਨਾ ਪ੍ਰਭਾਵਿਤ ਮਰੀਜ਼ਾਂ ਦਾ ਮੁਫ਼ਤ ਇਲਾਜ ਕੀਤਾ ਜਾਵੇਗਾ। ਇਸ ਦੌਰਾਨ ਉਨ੍ਹਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਉਹ 2 ਦਿਨਾਂ ਵਿੱਚ ਆਪੋ-ਆਪਣੇ ਵਿਭਾਗ ਨਾਲ ਸਬੰਧਤ ਕੰਮ-ਕਾਜ ਦੀ ਟੈਸਟਿੰਗ ਮੁਕੰਮਲ ਕਰਕੇ ਇਸ ਸਬੰਧੀ ਸਰਟੀਫਿਕੇਟ ਦੇਣਾ ਯਕੀਨੀ ਬਣਾਉਣ, ਤਾਂ ਜੋ ਇਸ ਕੋਵਿਡ ਕੇਅਰ ਸੈਂਟਰ ਨੂੰ ਜਲਦ ਸਿਹਤ ਵਿਭਾਗ ਦੇ ਹਵਾਲੇ ਕਰਕੇ ਇਸ ਨੂੰ ਕਰੋਨਾ ਪ੍ਰਭਾਵਿਤ ਮਰੀਜ਼ਾਂ ਦੇ ਇਲਾਜ ਲਈ ਵਰਤੋਂ ਵਿੱਚ ਲਿਆਂਦਾ ਜਾ ਸਕੇ।