ਬਠਿੰਡਾ (ਪੱਤਰ ਪ੍ਰੇਰਕ): ਡਿਪਟੀ ਕਮਿਸ਼ਨਰ ਬੀ. ਸ਼੍ਰੀਨਿਵਾਸਨ ਨੇ ਕਰੋਨਾ ਪ੍ਰਭਾਵਿਤ ਮਰੀਜ਼ਾਂ ਦੇ ਮੁਫ਼ਤ ਇਲਾਜ ਲਈ ਜ਼ਿਲ੍ਹੇ ਦੇ ਪਿੰਡ ਕਣਕਵਾਲ ਵਿੱਚ ਬਣਾਏ ਜਾ ਰਹੇ ਕੋਵਿਡ ਮੇਕ ਸਿਫ਼ਟ ਕਰੋਨਾ ਹਸਪਤਾਲ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਲੋੜੀਂਦੇ ਨਿਰਦੇਸ਼ ਵੀ ਦਿੱਤੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲੈਵਲ-2 ਦੇ 100 ਬੈੱਡ ਦੀ ਸਹੂਲਤ ਵਾਲੇ ਕੋਵਿਡ ਮੇਕ ਸਿਫ਼ਟ ਕਰੋਨਾ ਹਸਪਤਾਲ ਵਿੱਚ 25-25 ਬੈੱਡ ਦੇ ਵੱਖਰੇ-ਵੱਖਰੇ 4 ਬਲਾਕ ਬਣਾਏ ਜਾ ਰਹੇ ਹਨ। ਉਨ੍ਹਾਂ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ 25-25 ਬੈੱਡ ਦੇ ਪਹਿਲੇ ਦੋ ਬਲਾਕ ਹਰ ਹਾਲਤ ਵਿੱਚ 10 ਜੂਨ ਤੱਕ ਮੁਕੰਮਲ ਕਰਕੇ ਚਾਲੂ ਕੀਤੇ ਜਾਣ ਅਤੇ ਬਾਕੀ ਰਹਿੰਦੇ ਦੋ ਬਲਾਕਾਂ ਨੂੰ ਅਗਲੇ ਹਫ਼ਤੇ ਚ ਬਣਾ ਕੇ ਤਿਆਰ ਕਰਨਾ ਯਕੀਨੀ ਬਣਾਇਆ ਜਾਵੇ। ਇਸ ਮੌਕੇ ਕਰੋਨਾ ਸੈੱਲ ਦੇ ਜ਼ਿਲਾ ਇੰਚਾਰਜ ਸ਼੍ਰੀ ਮਨਪ੍ਰੀਤ ਸਿੰਘ ਅਰਸ਼ੀ, ਕਾਰਜਕਾਰੀ ਇੰਜੀਨੀਅਰ ਅਮੁਲਿਆ ਗਰਗ, ਰਿਫਾਇਨਰੀ ਦੇ ਡਿਪਟੀ ਜਨਰਲ ਮੈਨੇਜ਼ਰ ਸ਼੍ਰੀ ਚਰਨਜੀਤ ਸਿੰਘ ਅਤੇ ਇਲੈਕਟ੍ਰੀਕਲ ਦੇ ਕਾਰਜਕਾਰੀ ਇੰਜਨੀਅਰ ਜਤਿੰਦਰ ਅਰਜਨ ਆਦਿ ਹਾਜ਼ਰ ਸਨ।