ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 24 ਮਈ
ਪੀਆਰਟੀਸੀ ਐਂਡ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਨੇ ਅੱਜ ਇੱਥੇ ਬੱਸ ਅੱਡੇ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ‘ਭੰਡੀ ਪ੍ਰਚਾਰ’ ਪ੍ਰਦਰਸ਼ਨ ਕੀਤਾ। ਯੂਨੀਅਨ ਦੇ ਬਠਿੰਡਾ ਡਿੱਪੂ ਦੇ ਪ੍ਰਧਾਨ ਗੁਰਸਿਕੰਦਰ ਨੇ ਬੱਸ ਅੱਡੇ ਅਤੇ ਬੱਸਾਂ ਵਿੱਚ ਸਵਾਰੀਆਂ ਨੂੰ ਸੰਬੋਧਨ ਕਰਦਿਆਂ ਦੋਸ਼ ਲਾਇਆ ਕਿ ਸਰਕਾਰ ਦੀ ਨਿੱਜੀ ਟਰਾਂਸਪੋਰਟਰਾਂ ਨਾਲ ‘ਮਿਲੀਭੁਗਤ’ ਸਦਕਾ ਜਨਤਕ ਟਰਾਂਸਪੋਰਟ ਦਾ ਭੋਗ ਪੈਣ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਬੱਸਾਂ ’ਚ ਸਿਰਫ 25 ਸਵਾਰੀਆਂ ਚੜ੍ਹਾਉਣ ਦੇ ਲਿਖ਼ਤੀ ਫ਼ੁਰਮਾਨ ਜਾਰੀ ਕੀਤੇ ਗਏ ਹਨ ਅਤੇ ਇਸ ਤੋਂ ਵੱਧ ਸਵਾਰੀਆਂ ਵਾਲੀਆਂ ਬੱਸਾਂ ਦੇ ਚਲਾਨ ਕੱਟੇ ਜਾ ਰਹੇ ਹਨ। ਦੂਜੇ ਪਾਸੇ ਪ੍ਰਾਈਵੇਟ ਬੱਸਾਂ ਤੂੜੀ ਵਾਂਗ ਭਰ ਕੇ ਸੜਕਾਂ ’ਤੇ ਦੌੜ ਰਹੀਆਂ ਹਨ, ਉਨ੍ਹਾਂ ਨੂੰ ਕੋਈ ਪੁੱਛਣ ਵਾਲਾ ਹੀ ਨਹੀਂ। ਉੱਪਰਲੇ ਹੁਕਮਾਂ ਤਹਿਤ ਸਰਕਾਰੀ ਬੱਸਾਂ ਦਾ ਮੰਜ਼ਿਲ ਵਧਦਿਆਂ ਰਸਤੇ ਵਿਚਲੇ ਕਈ ਅੱਡੇ ਛੱਡਣਾ ਮਜਬੂਰੀ ਬਣੀ ਹੋਈ ਹੈ ਅਤੇ ਸਵਾਰੀਆਂ ਇਸ ਲਈ ਬੁਰਾ-ਭਲਾ ਡਰਾਈਵਰਾਂ, ਕੰਡਕਟਰਾਂ ਨੂੰ ਕਹਿੰਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਪ੍ਰਚਾਰ ਮੁਹਿੰਮ ਅਗਲੇ ਦਸ ਦਿਨ ਤੱਕ ਜਾਰੀ ਰਹੇਗੀ ਅਤੇ 5 ਜੂਨ ਨੂੰ ਮੰਤਰੀਆਂ ਦੀਆਂ ਕੋਠੀਆਂ ਦਾ ਘਿਰਾਓ ਕਰਕੇ ਸਰਕਾਰੀ ਟਰਾਂਸਪੋਰਟ ’ਚ 10 ਹਜ਼ਾਰ ਨਵੀਆਂ ਬੱਸਾਂ ਪਾਉਣ ਦੀ ਮੰਗ ਉਭਾਰੀ ਜਾਵੇਗੀ।