ਮਨੋਜ ਸ਼ਰਮਾ
ਬਠਿੰਡਾ, 1 ਜਨਵਰੀ
ਨਵੇਂ ਵਰ੍ਹੇ ਦੇ ਪਹਿਲੇ ਦਿਨ ਪੂਰੇ ਪੰਜਾਬ ਵਿੱਚੋਂ ਬਠਿੰਡਾ ਦਾ ਤਾਪਮਾਨ ਸਭ ਤੋਂ ਘੱਟ ਰਿਹਾ। ਇਸ ਕਾਰਨ ਲੋਕ ਧੁੱਪ ਨਿਕਲਣ ਦੇ ਬਾਵਜੂਦ ਠੁਰ-ਠੁਰ ਕਰਦੇ ਰਹੇ। ਪੀਏਯੂ ਦੇ ਖੇਤਰੀ ਕੈਂਪਸ ਬਠਿੰਡਾ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਬਠਿੰਡਾ ਵਿੱਚ ਘੱਟ ਤੋਂ ਘੱਟ ਤਾਪਮਾਨ 2.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦੋਂ ਕਿ ਵੱਧ ਤੋਂ ਵੱਧ ਤਾਪਮਾਨ 20.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ 5 ਜਨਵਰੀ ਤਕ ਮੌਸਮ ਖੁਸ਼ਕ ਅਤੇ ਠੰਢਾ ਰਹਿਣ ਦੀ ਪੇਸ਼ੀਨਗੋਈ ਕੀਤੀ। ਇਸ ਦੇ ਨਾਲ ਹੀ 36 ਤੋਂ 48 ਘੰਟਿਆਂ ਵਿੱਚ ਸੀਤ ਲਹਿਰ ਚੱਲਣ ਬਾਰੇ ਦੱਸਿਆ ਹੈ। ਅੱਜ ਮਾਲਵਾ ਖੇਤਰ ਦੇ ਕਈ ਜ਼ਿਲ੍ਹਿਆਂ ਵਿੱਚ ਸਵੇਰ ਵੇਲੇ ਧੁੰਦ ਛਾਈ ਰਹੀ ਤੇ ਸਵੇਰ ਵੇਲੇ ਟਰੈਫਿਕ ਵੀ ਘੱਟ ਦੇਖਣ ਨੂੰ ਮਿਲਿਆ। ਲੋਕ ਅੱਗ ਬਾਲ ਕੇ ਸੇਕਦੇ ਦੇਖੇ ਗਏ। ਖੇਤੀਬਾੜੀ ਵਿਭਾਗ ਦੇ ਡਾ. ਜਸਵਿੰਦਰ ਸ਼ਰਮਾ ਦਾ ਕਹਿਣਾ ਹੈ ਕਿ ਠੰਢ ਕਣਕ ਲਈ ਬੇਹੱਦ ਲਾਹੇਵੰਦ ਹੈ। ਉਨ੍ਹਾਂ ਕਿਹਾ ਕਿ ਜਿੰਨੀ ਮੌਸਮ ਵਿੱਚ ਠੰਢਕ ਰਹਿਗੀ ਉਨ੍ਹਾਂ ਹੀ ਕਣਕ ਦਾ ਝਾੜ ਚੰਗਾ ਰਹੇਗਾ।