ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 21 ਜੂਨ
ਪੰਜਾਬ ਰੋਡਵੇਜ਼ ਪਨਬੱਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਕੱਚੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿਭਾਗ ਵੱਲੋਂ ਨਾ ਦੇਣ ਦੇ ਰੋਸ ਵਜੋਂ ਤਨਖਾਹ ਨਹੀਂ ਤਾਂ ਕੰਮ ਨਹੀਂ ਦਾ ਨਾਅਰਾ ਬੁਲੰਦ ਕਰਦੇ ਹੋਏ ਮੁਕਤਸਰ ਬੱਸ ਅੱਡਾ ਬੰਦ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਧਰਨੇ ਦੌਰਾਨ ਬੋਲਦਿਆਂ ਸੂਬਾ ਆਗੂ ਕਮਲ ਕੁਮਾਰ, ਤਰਸੇਮ ਸਿੰਘ, ਡਿਪੂ ਪ੍ਰਧਾਨ ਜਗਸੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੀ ਕਾਂਗਰਸ ਤੇ ਅਕਾਲੀ ਦਲ ਭਾਜਪਾ ਸਰਕਾਰਾਂ ਵਾਂਗ ਹੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਮੰਗ ਤੇ ਸੰਘਰਸ਼ ਕਰਦੇ ਕੱਚੇ ਮੁਲਾਜ਼ਮਾਂ ਨੂੰ ਹੁਣ ਪਹਿਲਾਂ ਤੋਂ ਵੀ ਮਾੜੇ ਹਾਲਾਤ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੈਦਾ ਕੀਤੇ ਜਾ ਰਹੇ ਹਨ ਜਿਸ ਦੇ ਚਲਦਿਆਂ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਤੇ ਹਰ ਮਹੀਨੇ ਪਨਬੱਸ ਅਤੇ ਪੀਆਰਟੀਸੀ ਮੁਲਾਜ਼ਮਾਂ ਦੀਆਂ ਤਨਖਾਹਾਂ ਬਹੁਤ ਹੀ ਲੇਟ ਅਦਾ ਕੀਤੀਆਂ ਜਾ ਰਹੀਆਂ ਹਨ। ਇਹੀ ਨਹੀਂ ਤਨਖਾਹ ਪਵਾਉਣ ਲਈ ਵੀ ਰੋਸ ਮੁਜ਼ਾਹਰੇ ਜਾਂ ਹੜਤਾਲ ਕਰਨੀ ਪੈਂਦੀ ਹੈ। ਤਨਖਾਹਾਂ ਨਾ ਆਉਣ ਕਾਰਨ ਪੰਜਾਬ ਦੇ ਸਾਰੇ ਬੱਸ ਸਟੈਂਡ ਬੰਦ ਕਰਨ ਦਾ ਫੈਸਲਾ ਲਿਆ ਗਿਆ ਅਤੇ ਇਸ ਤੋਂ ਬਾਅਦ ਜੇਕਰ ਤਨਖਾਹ ਨਹੀਂ ਆਉਂਦੀ ਤਾਂ 23 ਜੂਨ ਨੂੰ ਦੁਪਹਿਰ 12 ਵਜੇ ਤੋਂ ਸਮੂਹ ਕਰਮਚਾਰੀ ਬੱਸਾਂ ਬੰਦ ਕਰਕੇ ਪਨਬੱਸ ਤੇ ਪੀਆਰਟੀਸੀ ਦਾ ਚੱਕਾ ਜਾਮ ਕਰਨਗੇ ਤੇ ਮੌਕੇ ’ਤੇ ਹੀ ਜਥੇਬੰਦੀ ਵੱਲੋਂ ਪੰਜਾਬ ਭਰ ’ਚ ਬੱਸਾਂ ਟੇਢੀਆਂ ਲਾ ਕੇ ਪੰਜਾਬ ਨੂੰ ਬੰਦ ਕਰ ਦੇਣਗੇ। ਇਸ ਤੋਂ ਇਲਾਵਾ ਜਦ ਤੱਕ ਤਨਖਾਹ ਨਹੀਂ ਆਵੇਗੀ ਉਦੋਂ ਤੱਕ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਦਾ ਐਲਾਨ ਕੀਤਾ। ਇਹ ਸੰਘਰਸ਼ ਤਨਖਾਹ ਨਾ ਆਉਣ ਤੱਕ ਜਾਰੀ ਰਹੇਗਾ। ਇਸ ਮੌਕੇ ਗੁਰਸੇਵਕ ਸਿੰਘ, ਲਖਵੀਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸਾਰੇ ਸਰਕਾਰੀ ਵਿਭਾਗਾਂ ਦੇ ਨਿੱਜੀਕਰਨ ਦੇ ਨਾਲ ਨਾਲ ਫੌਜ ਵਿੱਚ ਠੇਕੇਦਾਰੀ ਸਿਸਟਮ ਲਿਆਉਣਾ ਇਸ ਗੱਲ ਦਾ ਸਬੂਤ ਹੈ ਕਿ ਭਾਰਤ ਅੰਦਰ ਸਰਕਾਰੀ ਅਦਾਰਿਆਂ ਨੂੰ ਖਤਮ ਕਰਨ ਲਈ ਕੇਂਦਰ ਸਰਕਾਰ ਪੱਬਾਂ ਭਾਰ ਹੈ। ਇਸ ਮੌਕੇ ਮਨਜੀਤ ਸਿੰਘ, ਗੁਰਵਿੰਦਰ ਸਿੰਘ, ਭੁਪਿੰਦਰ ਸਿੰਘ, ਜਸਪ੍ਰੀਤ ਸਿੰਘ, ਦਲਜੀਤ ਸਿੰਘ ਵਰਕਸ਼ਾਪ ਤੋਂ ਇੰਦਰਜੀਤ ਸਿੰਘ, ਬਲਰਾਜ ਸਿੰਘ ਆਦਿ ਹਾਜ਼ਰ ਸਨ।
ਫਾਜ਼ਿਲਕਾ (ਪਰਮਜੀਤ ਸਿੰਘ): ਪੰਜਾਬ ਰੋਡਵੇਜ ਪਨਬੱਸ/ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਵੱਲੋ ਕੱਚੇ ਮੁਲਾਜ਼ਮਾਂ ਦੀਆਂ ਤਨਖਾਹਾਂ ਵਿਭਾਗ ਵੱਲੋਂ ਨਾ ਦੇਣ ਦੇ ਰੋਸ ਵੱਜੋਂ ਤਨਖਾਹ ਨਹੀਂ ਤਾਂ ਕੰਮ ਨਹੀਂ ਦਾ ਨਾਅਰਾ ਬੁਲੰਦ ਕਰਦਿਆਂ ਪੰਜਾਬ ਦੇ ਸਮੂਹ ਬੱਸ ਅੱਡੇ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤੇ। ਇਸੇ ਤਹਿਤ ਫਾਜ਼ਿਲਕਾ ਦੇ ਬੱਸ ਸਟੈਂਡ ’ਤੇ ਵਰ੍ਹਦੇ ਮੀਂਹ ’ਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਸੰਬੋਧਨ ਕਰਦਿਆਂ ਡਿਪੂ ਪ੍ਰਧਾਨ ਮਨਪ੍ਰੀਤ ਸਿੰਘ ਗਿੱਲ, ਸੂਬਾ ਆਗੂ ਰਵਿੰਦਰ ਸਿੰਘ ਰਿੰਕੂ, ਕੈਸ਼ੀਅਰ ਗੁਰਬਖਸ਼ ਲਾਲ, ਹਰਜਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੀ ਕਾਂਗਰਸ ਅਤੇ ਅਕਾਲੀ ਦਲ ਭਾਜਪਾ ਸਰਕਾਰਾਂ ਵਾਂਗ ਹੀ ਮੁਲਾਜ਼ਮਾਂ ਲਈ ਮਾੜੇ ਹਾਲਾਤ ਪੈਦਾ ਕੀਤੇ ਜਾ ਰਹੇ ਹਨ ਜਿਸ ਤਹਿਤ ਮੁਲਾਜ਼ਮਾਂ ਨੂੰ ਤਨਖ਼ਾਹਾਂ ਲਈ ਵੀ ਸੜਕਾਂ ’ਤੇ ਆਉਣਾ ਪੈ ਰਿਹਾ ਹੈ। ਹਰ ਮਹੀਨੇ ਪਨਬੱਸ ਅਤੇ ਪੀ.ਆਰ.ਟੀ.ਸੀ ਮੁਲਾਜਮਾਂ ਦੀਆਂ ਤਨਖਾਹਾਂ ਬਹੁਤ ਹੀ ਲੇਟ ਅਦਾ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਦਿਨ ਰਾਤ ਮਿਹਨਤ ਕਰਕੇ ਪੰਜਾਬ ਦੀ ਜਨਤਾ ਨੂੰ ਮੰਜ਼ਿਲ ’ਤੇ ਪਹੁੰਚਾਉਣ ਵਾਲੇ ਮੁਲਾਜ਼ਮਾਂ ਦੇ ਪਰਿਵਾਰ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਇਸ ਤੋਂ ਬਾਅਦ ਵੀ ਜੇਕਰ ਤਨਖਾਹ ਨਹੀ ਆਉਦੀ ਤਾਂ 23 ਜੂਨ 2022 ਨੂੰ ਦੁਪਹਿਰ 12 ਵਜੇ ਤੋਂ ਸਮੂਹ ਕਰਮਚਾਰੀ ਬੱਸਾਂ ਬੰਦ ਕਰਕੇ ਪਨਬੱਸ ਅਤੇ ਪੀ. ਆਰ.ਟੀ.ਸੀ. ਦਾ ਚੱਕਾ ਜਾਮ ਕਰਨਗੇ।
ਬਠਿੰਡਾ (ਸ਼ਗਨ ਕਟਾਰੀਆ): ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਅੱਜ ਇੱਥੇ ਪੀਆਰਟੀਸੀ ਵਰਕਸ਼ਾਪ ਅੱਗੇ ਗੇਟ ਰੈਲੀ ਕਰਕੇ ਦੇਰੀ ਨਾਲ ਮਿਲਦੀਆਂ ਤਨਖਾਹਾਂ ਸਮੇਂ ਸਿਰ ਦੇਣ ਦੀ ਮੰਗ ਕੀਤੀ ਗਈ। ਜਥੇਬੰਦੀ ਦੇ ਆਗੂ ਕੁਲਦੀਪ ਸਿੰਘ ਨੇ ਕਿਹਾ ਕਿ ਤਨਖਾਹਾਂ ਸਮੇਂ ਸਿਰ ਨਾ ਮਿਲਣ ’ਤੇ ਉਹ ਸਰਕਾਰ ਤੱਕ ਆਵਾਜ਼ ਪਹੁੰਚਾ ਚੁੱਕੇ ਹਨ ਅਤੇ ਸਰਕਾਰ ਨੇ ਭਰੋਸਾ ਦਿੱਤਾ ਸੀ ਕਿ 20 ਜੂਨ ਤੱਕ ਮਸਲਾ ਹੱਲ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਇੱਕ ਦਿਨ ਉੱਪਰ ਵੀ ਲੰਘ ਗਿਆ ਹੈ ਪਰ ਮਸਲਾ ਜਿਵੇਂ ਦਾ ਤਿਵੇਂ ਹੈ। ਉਨ੍ਹਾਂ ਅਫ਼ਸਰਸ਼ਾਹੀ ’ਤੇ ਦੋਸ਼ ਲਾਇਆ ਕਿ ਉਹ ਮੁਲਾਜ਼ਮ ਮੰਗਾਂ ਬਾਰੇ ਸਰਕਾਰਾਂ ਕੋਲ ਸਹੀ ਗੱਲ ਨਹੀਂ ਪਹੁੰਚਾਉਂਦੀ। ਹਰਪਾਲ ਸ਼ਰਮਾ ਨੇ ਕਿਹਾ ਕਿ ਸੱਤਾ ’ਚ ਆਉਣ ਤੋਂ ਪਹਿਲਾਂ ‘ਆਪ’ ਵੱਲੋਂ ਕੀਤੇ ਵਾਅਦੇ ਪੂਰੇ ਕਰਨੇ ਤਾਂ ਦੂਰ ਸਰਕਾਰ ਵੱਲੋਂ ਸਮੇਂ ਸਿਰ ਤਨਖ਼ਾਹਾਂ ਦਾ ਭੁਗਤਾਨ ਵੀ ਨਹੀਂ ਕੀਤਾ ਜਾ ਰਿਹਾ। ਬਲਕਾਰ ਸਿੰਘ ਨੇ ਕਿਹਾ ਕਿ ਜੇ ਤਨਖਾਹਾਂ ਬਾਬਤ ਸਰਕਾਰ ਨੇ ਮਹੀਨੇ ਦੀ ਕੋਈ ਤਰੀਕ ਨਿਸ਼ਚਿਤ ਨਾ ਕੀਤੀ ਤਾਂ ਸੰਘਰਸ਼ ਤਿੱਖਾ ਕੀਤਾ ਜਾਵੇਗਾ।
ਆਤਮਾ ਸਕੀਮ ਤਹਿਤ ਕੰਮ ਕਰਦੇ 432 ਮੁਲਾਜ਼ਮ ਚਾਰ ਮਹੀਨਿਆਂ ਤੋਂ ਤਨਖਾਹਾਂ ਤੋਂ ਵਾਂਝੇ
ਗਿੱਦੜਬਾਹਾ (ਪੱਤਰ ਪ੍ਰੇਰਕ): ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੀ ਆਤਮਾ ਸਕੀਮ ਤਹਿਤ ਕੰਮ ਕਰਦੇ 432 ਮੁਲਾਜ਼ਮਾਂ ਨੂੰ ਬੀਤੇ 4 ਮਹੀਨਿਆਂ ਤੋਂ ਤਨਖਾਹ ਨਹੀਂ ਦਿੱਤੀ ਜਾ ਰਹੀ, ਜਿਸ ਦੇ ਚੱਲਦਿਆਂ ਇਨ੍ਹਾਂ ਕਰਮਚਾਰੀਆਂ ਨੂੰ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਚਲਾਉਣ ਵਿਚ ਵੱਡੀਆਂ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਯੁਕਤ ਆਤਮਾ ਪੰਜਾਬ ਐਸੋਸੀਏਸ਼ਨ (ਸਾਪਾ) ਦੇ ਸੂਬਾ ਪ੍ਰਧਾਨ ਰਮਨਦੀਪ ਸਿੰਘ ਮਾਨ ਨੇ ਦੱਸਿਆ ਕਿ ਉਹ ਬੀਤੇ ਚਾਰ ਮਹੀਨਿਆਂ ਤੋਂ ਬਿਨਾਂ ਤਨਖਾਹ ਲਏ ਨਿਰਵਿਘਨ ਕੰਮ ਕਰੇ ਹਨ। ਉਨ੍ਹਾਂ ਦੱਸਿਆ ਕਿ ਉਕਤ ਕਰਮਚਾਰੀਆਂ ਦੀ ਦੋ ਮਹੀਨਿਆਂ ਦੀ ਤਨਖਾਹ ਜੋ ਕਿ 4.16 ਕਰੋੜ ਰੁਪਏ ਬਣਦੀ ਹੈ, ਦੀ ਪੈਰਵਾਈ ਬੀਤੇ 15 ਦਿਨ ਕੀਤੀ ਗਈ ਪਰੰਤੂ ਹੁਣ ਬਿੱਲ ਪੰਜਾਬ ਦੇ ਖਜ਼ਾਨਾ ਦਫ਼ਤਰ ਵਿਚੋਂ ਪਾਸ ਨਹੀਂ ਕੀਤੇ ਜਾ ਰਹੇ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਨੂੰ ਯੂਨੀਅਨ ਵੱਲੋਂ ਮੰਗ ਪੱਤਰ ਦਿੱਤਾ ਗਿਆ ਹੈ ਅਤੇ ਜੇਕਰ ਅੱਜ ਸ਼ਾਮ 5 ਵਜੇ ਤੱਕ ਉਨ੍ਹਾਂ ਦੀ ਤਨਖਾਹ ਦੀ ਅਦਾਇਗੀ ਨਾ ਹੋਈ ਤਾਂ ਯੂਨੀਅਨ ਦੇ ਮੈਂਬਰਾਂ ਵੱਲੋਂ ਆਪਣੇ ਆਪਣੇ ਜ਼ਿਲ੍ਹਾ ਹੈਡਕੁਆਰਟਰਾਂ ’ਤੇ ਕਲਮ ਛੋੜ ਹੜਤਾਲ ਸ਼ੁਰੂ ਕਰ ਦਿੱਤੀ ਜਾਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਜੇਕਰ 24 ਜੂਨ ਤੱਕ ਵੀ ਤਨਖਾਹਾਂ ਦੀ ਅਦਾਇਗੀ ਨਹੀਂ ਹੁੰਦੀ ਤਾਂ 27 ਜੂਨ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੰਗਰੂਰ ਸਥਿਤ ਰਿਹਾਇਸ਼ ’ਤੇ ਅਣਮਿੱਥੇ ਸਮੇਂ ਲਈ ਧਰਨਾ ਅਤੇ ਮਰਨ ਵਰਤ ਸ਼ੁਰੂ ਕੀਤਾ ਜਾਵੇਗਾ।