ਮਨੋਜ ਸ਼ਰਮਾ
ਬਠਿੰਡਾ 21 ਸਤੰਬਰ
ਲੰਪੀ ਸਕਿਨ ਬਿਮਾਰੀ ਦੇ ਮੱਦੇਨਜ਼ਰ ਬੰਦ ਕੀਤੀਆਂ ਪਸ਼ੂ ਮੰਡੀਆਂ ਨੂੰ ਖੋਲ੍ਹਣ ਦਾ ਪੰਜਾਬ ਸਰਕਾਰ ਵੱਲੋਂ ਭਾਵੇਂ ਕਿ ਕੋਈ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਹੈ ਪਰ ਮਾਲਵਾ ਖੇਤਰ ਦੀਆਂ ਬਠਿੰਡਾ ਅਤੇ ਮਾਨਸਾ ਪਸ਼ੂ ਮੰਡੀਆਂ ਦੇ ਪ੍ਰਬੰਧਕਾਂ ਨੇ ਆਪਣੇ ਆਪ ਹੀ ਪਸ਼ੂ ਮੰਡੀਆਂ ਖੋਲ੍ਹ ਦਿੱਤੀਆਂ ਹਨ ਜਿਸ ਕਾਰਨ ਮਾਮਲਾ ਚਰਚਾ ਵਿੱਚ ਹੈ। ਡਿਪਟੀ ਕਮਿਸ਼ਨਰ ਬਠਿੰਡਾ ਵੱਲੋਂ 19 ਸਤੰਬਰ ਨੂੰ ਅਗਲੇ ਹੁਕਮਾਂ ਤੱਕ ਪਸ਼ੂ ਮੰਡੀਆਂ ਬੰਦ ਕਰਨ ਦੇ ਆਦੇਸ਼ ਦਿੱਤੇ ਸਨ ਪਰ ਪ੍ਰਬੰਧਕਾਂ ਵੱਲੋਂ ਡੀਸੀ ਬਠਿੰਡਾ ਦੇ ਹੁਕਮਾਂ ਦੀ ਪ੍ਰਵਾਹ ਨਾ ਕਰਦੇ ਹੋਏ ਬੀਤੇ ਦਿਨ ਜ਼ਿਲ੍ਹੇ ਦੀ ਮੌੜ ਹਲਕੇ ਦੀ ਪਸ਼ੂ ਮੰਡੀ ਖੋਲ੍ਹ ਦਿੱਤੀ ਗਈ, ਜਿਸ ਵਿੱਚ ਕਿਸਾਨ ਆਪਣੇ 800 ਦੇ ਕਰੀਬ ਪਸ਼ੂ ਵੇਚਣ ਲਈ ਪੁੱਜੇ ਅਤੇ ਸੂਤਰਾਂ ਅਨੁਸਾਰ ਜਿਨ੍ਹਾਂ ਵਿੱਚੋਂ 350 ਦੇ ਕਰੀਬ ਵਿਕ ਵੀ ਗਏ। ਇਸ ਤਰ੍ਹਾਂ ਡਿਪਟੀ ਕਮਿਸ਼ਨਰ ਦੇ ਹੁਕਮਾਂ ਨੂੰ ਟਿੱਚ ਜਾਣਿਆਂ ਪਸ਼ੂ ਮੰਡੀਆਂ ਦੇ ਪ੍ਰਬੰਧਕਾਂ ਵੱਲੋਂ ਨਿਯਮਾਂ ਦੀ ਉਲੰਘਣਾ ਕੀਤੀ ਗਈ।
ਮਾਮਲੇ ਦੀ ਜਾਂਚ ਕਰਵਾ ਕੇ ਕਾਰਵਾਈ ਕੀਤੀ ਜਾਵੇਗੀ
ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮਦ ਪਰੇ ਨੇ ਇਸ ਸਬੰਧੀ ਕਿਹਾ ਕਿ ਉਨ੍ਹਾਂ ਵੱਲੋਂ ਵਿਸ਼ੇਸ਼ ਕਰ ਕੇ ਮੌੜ ਮੰਡੀ ਬਾਰੇ ਸਖ਼ਤ ਹਦਾਇਤ ਕੀਤੀ ਗਈ ਸੀ ਕਿ ਮੰਡੀ ਨੂੰ ਨਾ ਖੋਲ੍ਹਿਆ ਜਾਵੇ। ਜੇਕਰ ਫਿਰ ਵੀ ਪਸ਼ੂ ਮੰਡੀ ਨੂੰ ਖੋਲ੍ਹਿਆ ਗਿਆ ਹੈ ਤਾਂ ਉਹ ਮਾਮਲੇ ਦੀ ਜਾਂਚ ਕਰਵਾ ਕੇ ਕਾਰਵਾਈ ਕਰਨਗੇ।