ਮਨੋਜ ਸ਼ਰਮਾ
ਬਠਿੰਡਾ, 11 ਅਕਤੂਬਰ
ਦਿਹਾਤੀ ਮਜ਼ਦੂਰ ਸਭਾ ਪੰਜਾਬ ਦੀ ਬਠਿੰਡਾ ਜ਼ਿਲ੍ਹਾ ਕਮੇਟੀ ਨੇ ਵਾਅਦਾ ਖ਼ਿਲਾਫ਼ੀ ਦਾ ਦੋਸ਼ ਲਾਉਂਦਿਆਂ ਅੱਜ ਪਿੰਡਾਂ ਵਿੱਚ ਮੁੱ ਮੰਤਰੀ ਭਗਵੰਤ ਮਾਨ ਦੇ ਪੁਤਲੇ ਫੂਕ ਕੇ ਮੁਜ਼ਾਹਰੇ ਕੀਤੇ। ਸਭਾ ਦੇ ਸੂਬਾਈ ਵਿੱਤ ਸਕੱਤਰ ਮਹੀਪਾਲ ਸਮੇਤ ਮਜ਼ਦੂਰ ਆਗੂਆਂ ਨੇ ਦੱਸਿਆ ਕਿ ਬੁਲਾਢੇ ਵਾਲਾ, ਬਹਿਮਣ ਦੀਵਾਨਾ, ਚੁੱਘੇ ਖੁਰਦ, ਚੁੱਘੇ ਕਲਾਂ, ਝੁੰਬਾ, ਜੰਗੀਰਾਣਾ, ਕਾਲਝਰਾਣੀ, ਘੁੱਦਾ, ਲਹਿਰਾ ਧੂੜਕੋਟ, ਕਲਿਆਣ ਤੇ ਤੁੰਗਵਾਲੀ ਵਿੱਚ ਪ੍ਰਦਰਸ਼ਨ ਕੀਤੇ ਗਏ। ਇਕੱਠਾਂ ਨੂੰ ਮਿੱਠੂ ਸਿੰਘ ਘੱਦਾ, ਪ੍ਰਕਾਸ਼ ਸਿੰਘ ਨੰਦਗੜ੍ਹ, ਮੱਖਣ ਸਿੰਘ ਤਲਵੰਡੀ ਸਾਬੋ, ਗੁਰਮੀਤ ਸਿੰਘ ਜੈ ਸਿੰਘ ਵਾਲਾ, ਕੂਕਾ ਸਿੰਘ ਨਥਾਣਾ, ਮੱਖਣ ਸਿੰਘ ਪੂਹਲੀ, ਸੁਖਦੇਵ ਸਿੰਘ ਰਾਜਗੜ੍ਹ ਕੁੱਬੇ, ਜੁਗਿੰਦਰ ਸਿੰਘ ਕਲਿਆਣ, ਮੇਜਰ ਸਿੰਘ ਤੁੰਗਵਾਲੀ ਅਤੇ ਹੋਰਨਾਂ ਨੇ ਸੰਬੋਧਨ ਕੀਤਾ। ਆਗੂਆਂ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਨੇ ਬੇਜ਼ਮੀਨੇ ਪੇਂਡੂ ਕਿਰਤੀਆਂ ਦੀਆਂ ਜਾਇਜ਼ ਮੰਗਾਂ ਦੇ ਨਿਪਟਾਰੇ ਲਈ ‘ਸਾਂਝੇ ਮਜ਼ਦੂਰ ਮੋਰਚੇ’ ਦੇ ਆਗੂਆਂ ਨਾਲ ਰੱਖੀ 4 ਅਕਤੂਬਰ ਦੀ ਪੈਨਲ ਮੀਟਿੰਗ ਰੱਦ ਕਰ ਦਿੱਤੀ ਅਤੇ ਹੁਣ ਅਗਲੀ ਮੀਟਿੰਗ ਲਈ ਸਮਾਂ ਦੇਣ ਤੋਂ ਟਾਲਾ ਵੱਟਿਆ ਜਾ ਰਿਹਾ ਹੈ। ਆਗੂਆਂ ਨੇ ਐਲਾਨ ਕੀਤਾ ਕਿ 18 ਅਕਤੂਬਰ ਨੂੰ ਮੁੱਖ ਮੰਤਰੀ ਦੀ ਸੰਗਰੂਰ ਆਮਦ ਮੌਕੇ ਜ਼ਿਲ੍ਹੇ ‘ਚ ਕੀਤੇ ਜਾਣ ਵਾਲੇ ਜਨਤਕ ਸਮਾਗਮਾਂ ਮੌਕੇ ਵੀ ਪ੍ਰਦਰਸ਼ਨ ਕੀਤੇ ਜਾਣਗੇ।