ਸ਼ਗਨ ਕਟਾਰੀਆ
ਬਠਿੰਡਾ, 20 ਨਵੰਬਰ
ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂ ਤੇ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਖੇਤੀ ਕਾਨੂੰਨ ਵਾਪਸ ਲੈਣ ਦੇ ਪ੍ਰਧਾਨ ਮੰਤਰੀ ਦੇ ਐਲਾਨ ਨੂੰ ਅਧੂਰੀ ਜਿੱਤ ਕਰਾਰ ਦਿੰਦਿਆਂ ਸੰਪੂਰਨ ਜਿੱਤ ਲਈ ਕਿਸਾਨਾਂ ਨੂੰ ਵਹੀਰਾਂ ਘੱਤ ਕੇ ਦਿੱਲੀ ਮੋਰਚੇ ’ਚ ਪਹੁੰਚਣ ਦੀ ਅਪੀਲ ਕੀਤੀ ਹੈ।
ਸ੍ਰੀ ਡੱਲੇਵਾਲ ਨੇ ਹੁਣ ਤੱਕ ਦੀ ਸਫ਼ਲਤਾ ਲਈ ਕਿਸਾਨਾਂ, ਮਜ਼ਦੂਰਾਂ, ਲੰਗਰ ਕਮੇਟੀਆਂ, ਧਾਰਮਿਕ ਜਥੇਬੰਦੀਆਂ, ਲੋਕ ਪੱਖੀ ਮੀਡੀਆ, ਸੋਸ਼ਲ ਮੀਡੀਆ, ਕਲਾਕਾਰਾਂ ਅਤੇ ਖਾਸ ਕਰਕੇ ਨੌਜਵਾਨਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਲੰਮੇ ਅੰਦੋਲਨ ਦੌਰਾਨ ਕਰੀਬ 700 ਯੋਧਿਆਂ ਦੀਆਂ ਸ਼ਹਾਦਤਾਂ ਦੀ ਬਦੌਲਤ ਇਹ ਜਿੱਤ ਨਸੀਬ ਹੋਈ ਅਤੇ ਉਨ੍ਹਾਂ ਨੂੰ ਸਾਡਾ ਸਿਜਦਾ ਹੈ। ਉਨ੍ਹਾਂ ਆਖਿਆ ਕਿ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦਾ ਸ਼ੁਰੂ ਤੋਂ ਇਹ ਸਟੈਂਡ ਰਿਹਾ ਹੈ ਕਿ ਜਦੋਂ ਤੱਕ ਤਿੰਨੇ ਖੇਤੀ ਕਾਨੂੰਨ ਸੰਵਿਧਾਨਕ ਰੂਪ ’ਚ ਰੱਦ ਅਤੇ ਐੱਮਐੱਸਪੀ ਗਾਰੰਟੀ ਕਾਨੂੰਨ ਪਾਸ ਨਹੀਂ ਹੁੰਦੇ, ਉਦੋਂ ਤੱਕ ਸੰਘਰਸ਼ ਖਤਮ ਨਹੀਂ ਹੋਵੇਗਾ। ਉਨ੍ਹਾਂ ਦੱਸਿਆ ਕਿ ਭਾਕਿਯੂ (ਸਿੱਧੂਪੁਰ) ਵੱਲੋਂ 24 ਨਵੰਬਰ ਨੂੰ ਪੰਜਾਬ ਭਰ ’ਚੋਂ ਹਜ਼ਾਰਾਂ ਟਰੈਕਟਰ ਟਰਾਲੀਆਂ ਦਾ ਕਾਫ਼ਲਾ ਦਿੱਲੀ ਮੋਰਚੇ ਲਈ ਰਵਾਨਾ ਹੋਵੇਗਾ ਅਤੇ ਮੰਗਾਂ ਦੀ ਸੰਪੂਰਨ ਪ੍ਰਵਾਨਗੀ ਤੱਕ ਕਿਸਾਨ ਉਥੇ ਡਟੇ ਰਹਿਣਗੇ।