ਸੁਖਜੀਤ ਮਾਨ
ਬਠਿੰਡਾ, 8 ਨਵੰਬਰ
ਜ਼ਿਲ੍ਹੇ ਦੇ ਪਿੰਡ ਰਾਜਗੜ੍ਹ ਕੁੱਬੇ ਵਾਸੀ ਅੰਗਰੇਜ ਸਿੰਘ ਹੁਣ ਇਕੱਲਾ ਪੇਂਟਰ ਜਾਂ ਪ੍ਰੋਫੈਸਰ ਹੀ ਨਹੀਂ ਸਗੋਂ ਕੌਮੀ ਪੁਰਸਕਾਰ ਜੇਤੂ ਵੀ ਹੈ। ਪਿੰਡ ਦੇ ਸਕੂਲ ’ਚੋਂ ਬਾਰਵੀਂ ਜਮਾਤ ਪਾਸ ਕਰਕੇ ਅੰਗਰੇਜ ਸਿੰਘ ਮਾਪਿਆਂ ਦਾ ਕਬੀਲਦਾਰੀ ’ਚ ਹੱਥ ਵਟਾਉਣ ਲਈ ਪੇਂਟਰ ਬਣ ਗਿਆ। ਉਸ ਦੀ ਮਿਹਨਤ ਦਾ ਹੀ ਨਤੀਜਾ ਹੈ ਕਿ ਪੇਂਟਿੰਗ ’ਚੋਂ ਚਾਰ ਪੈਸੇ ਕਮਾ ਕੇ ਐੱਮਸੀਏ ਪੰਜਾਬੀ ਯੂਨੀਵਰਸਿਟੀ ਕੈਂਪਸ ਮੌੜ ਤੋਂ ਕੀਤੀ। ਹੋਰ ਉਚੇਰੀ ਪੜ੍ਹਾਈ ਕਰਨ ਤੋਂ ਬਾਅਦ ਵੱਖ-ਵੱਖ ਵਿੱਦਿਅਕ ਸੰਸਥਾਵਾਂ ’ਚ ਅਧਿਆਪਨ ਦਾ ਕਾਰਜ ਸ਼ੁਰੂ ਕੀਤਾ ਤੇ ਇਸ ਵੇਲੇ ਮਾਤਾ ਸੁੰਦਰੀ ਗਰਲਜ਼ ਕਾਲਜ ਢੱਡੇ ਵਿਖੇ ਬਤੌਰ ਅਸਿਸਟੈਂਟ ਪ੍ਰੋਫੈਸਰ ਕੰਪਿਊਟਰ ਸਾਇੰਸ ਤੇ ਐੱਨਐੱਸਐੱਸ ਪ੍ਰੋਗਰਾਮ ਅਫ਼ਸਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ ਜਿਨ੍ਹਾਂ ਨੂੰ ਪਿਛਲੇ ਦਿਨਾਂ ਦੌਰਾਨ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਕੌਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਪੁਰਸਕਾਰ ਇੱਕ ਦਹਾਕੇ ਬਾਅਦ ਐੱਨਐੱਸਐੱਸ ਖੇਤਰ ’ਚ ਮਿਲਿਆ ਹੈ, ਜੋ ਰਾਸ਼ਟਰਪਤੀ ਨੇ ਆਨਲਾਈਨ ਸਮਾਗਮ ਰਾਹੀਂ ਸੌਂਪਿਆ।
ਅੰਗਰੇਜ ਸਿੰਘ ਨੇ ਦੱਸਿਆ ਕਿ ਘਰੇਲੂ ਹਾਲਾਤ ਆਰਿਥਕ ਤੰਗੀ ਵਾਲੇ ਹੋਣ ਕਰਕੇ ਬੀਏ ਕਰਨ ਵਾਸਤੇ ਵੀ ਫੀਸ ਨਹੀਂ ਸੀ ਪਰ ਉਸਨੇ ਆਪਣੀ ਪੇਂਟਰ ਵਜੋਂ ਮਿਹਨਤ ਕਰਕੇ ਪੜ੍ਹਾਈ ਨੇਪਰੇ ਚਾੜ੍ਹੀ। ਉਨ੍ਹਾਂ ਦੱਸਿਆ ਕਿ ਉਹ ਐੱਨਐੱਸਐੱਸ ਰਾਹੀਂ ਸਮਾਜਿਕ ਗਤੀਵਿਧੀਆਂ, ਲੋੜਵੰਦਾਂ ਦੀ ਮੱਦਦ ਕਰਦਿਆਂ ਸਮਾਜਿਕ ਜਾਗਰੂਕਤਾ ਦਾ ਕੰਮ ਕਰਦਾ ਰਹਿੰਦਾ ਹੈ। ਹੁਣ ਤੱਕ ਉਹ 4 ਲੜਕੀਆਂ ਨੂੰ ਟ੍ਰੇਨਿੰਗ ਦੇ ਕੇ ਗਣਤੰਤਰ ਦਿਵਸ ਦੀ ਕੌਮੀ ਪਰੇਡ ਲਈ ਭੇਜ ਚੁੱਕੇ ਹਨ। ਆਪਣੇ ਕਾਰਜਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ ਉਹ ਪਹਾੜੀ ਇਲਾਕਿਆਂ ’ਚ ਟਰੈਕਿੰਗ ਕਰਨ ਤੋਂ ਇਲਾਵਾ 15 ਵਾਰ ਖੂਨਦਾਨ ਕਰ ਚੁੱਕਾ ਹੈ। ਬਠਿੰਡਾ ਜ਼ਿਲ੍ਹੇ ਦੇ ਅਨੇਕਾਂ ਪਿੰਡਾਂ ’ਚ ਪੌਦੇ ਲਾ ਕੇ ਸਾਂਭ ਸੰਭਾਲ ਦਾ ਫਰਜ਼ ਵੀ ਨਿਭਾਅ ਰਿਹਾ ਹੈ।
ਉਨ੍ਹਾਂ ਦੱਸਿਆ ਕਿ 2 ਵਾਰ ਕੌਮਾਂਤਰੀ ਪੁਰਸਕਾਰ, ਕੌਮਾਂਤਰੀ ਪ੍ਰਸੰਸਾ ਪੱਤਰ ਸ੍ਰੀਲੰਕਾ ਦੇ ਕੋਲੰਬੋ ਵਿੱਚ ਮਾਲਦੀਵ ਦੇ ਯੂਥ ਮਨਿਸਟਰ ਵੱਲੋਂ ਸਾਊਥ ਏਸ਼ੀਅਨ ਯੂਥ ਸਮਿਟ ਦੌਰਾਨ 2018 ’ਚ ਦਿੱਤਾ ਸੀ। ਗਲੋਬਲ ਯੂਥ ਪੀਸ ਅੰਬੈਸਡਰ ਪੁਰਸਕਾਰ 2019 ’ਚ ਮਾਲਦੀਵ ਦੀ ਰਾਜਧਾਨੀ ਮਾਲਿਆ ਵਿੱਚ ਮਿਲਿਆ। ਇਸ ਤੋਂ ਇਲਾਵਾ ਯੁਵਕ ਸੇਵਾਵਾਂ ਵਿਭਾਗ ਪੰਜਾਬ ਸਰਕਾਰ ਵੱਲੋਂ ਸ਼ਹੀਦੇ ਆਜ਼ਮ ਭਗਤ ਸਿੰਘ ਸਟੇਟ ਯੂਥ ਐਵਾਰਡ 2017 ’ਚ ਮਿਲਿਆ ਕੌਮੀ ਯੂਥ ਆਈਕਨ ਐਵਾਰਡ, ਕਲਾਮ ਯੂਥ ਲੀਡਰਸ਼ਿਪ ਕੌਮੀ ਐਵਾਰਡ ਤੇ ਹੋਰ ਕਈ ਰਾਜ ਪੱਧਰੀ ਸਨਮਾਨ ਹਾਸਿਲ ਹੋ ਚੁੱਕੇ ਹਨ।
‘ਭਾਵੇਂ ਪ੍ਰੋਫੈਸਰ ਬਣ ਗਿਆ ਪਰ ਪੇਂਟਿੰਗ ਨਹੀਂ ਛੱਡਾਂਗਾ’
ਪ੍ਰੋ. ਅੰਗਰੇਜ ਸਿੰਘ ਨੇ ਆਖਿਆ ਕਿ ਕੌਮੀ ਪੁਰਸਕਾਰ ਮਿਲਣ ਤੋਂ ਬਾਅਦ ਉਸ ਦੀ ਸਮਾਜ ਪ੍ਰਤੀ ਜ਼ਿੰਮੇਵਾਰੀ ਹੋਰ ਵਧ ਗਈ ਹੈ ਪਰ ਉਹ ਪ੍ਰੋਫੈਸਰ ਹੋਣ ਦੇ ਨਾਤੇ ਹੁਣ ਵੀ ਪੇਂਟਿੰਗ ਦਾ ਕੰਮ ਨਹੀਂ ਛੱਡੇਗਾ। ਉਨ੍ਹਾਂ ਆਖਿਆ ਕਿ ਉਹ ਲੋਕਾਂ ਨੂੰ ਆਪਣੇ ਅਧਿਕਾਰਾਂ ਦੇ ਨਾਲ-ਨਾਲ ਫਰਜ਼ਾਂ ਤੋਂ ਵੀ ਵੱਧ ਤੋਂ ਵੱਧ ਜਾਣੂੰ ਕਰਵਾਉਣ ਦੀ ਕੋਸ਼ਿਸ ਕਰਦਾ ਰਹੇਗਾ।