ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 7 ਜੂਨ
ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਇੱਥੇ ਹੋਈ ਮੀਟਿੰਗ ’ਚ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਆਪਣੀਆਂ ਮੰਗਾਂ ਅਤੇ ਮਸਲਿਆਂ ਬਾਰੇ ਚਰਚਾ ਕੀਤੀ। ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਕਿ ਪੰਜਾਬ ’ਚ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਹਜ਼ਾਰਾਂ ਅਸਾਮੀਆਂ ਖਾਲੀ ਹਨ, ਜਿਸ ਕਰਕੇ ਸੈਂਟਰਾਂ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਹੈਲਪਰ ਨੂੰ ਤਰੱਕੀ ਸਮੇਂ ਉਮਰ ਹੱਦ ’ਚ ਛੋਟ ਦਿੱਤੀ ਜਾਵੇ। ਵਰਕਰ ਤੇ ਹੈਲਪਰ ਨੂੰ ਜਨਰਲ ਬਦਲੀ ਲਈ ਖੁੱਲ੍ਹ ਹੋਵੇ। ਐਨਜੀਓ ਰਾਹੀਂ ਦਿੱਤੀ ਜਾਂਦੀ ਕਣਕ, ਚਾਵਲ , ਖੰਡ , ਘਿਉ, ਸੁੱਕਾ ਦੁੱਧ ਤੇ ਪੰਜੀਰੀ ਨੂੰ ਬੰਦ ਕਰਕੇ ਸਿੱਧਾ ਵਿਭਾਗ ਰਾਹੀਂ ਅੱਪੜਦਾ ਕੀਤਾ ਜਾਵੇ। ਆਂਗਣਵਾੜੀ ਵਰਕਰਾਂ ਨੂੰ ਸਮਾਰਟ ਫ਼ੋਨ ਅਤੇ ਉਨ੍ਹਾਂ ਦੇ ਰੀਚਾਰਜ ਲਈ ਭੱਤਾ ਦਿੱਤਾ ਜਾਵੇ। ਸੂਬਾ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਦੇ ਵਿਭਾਗੀ ਮੰਤਰੀ ਡਾ. ਬਲਜੀਤ ਕੌਰ ਨੂੰ ਪੰਜਾਬ ਭਰ ’ਚੋਂ ਆਂਗਣਵਾੜੀ ਵਰਕਰਾਂ ਨੇ ਮੰਗ ਪੱਤਰ ਭੇਜ ਕੇ ਮੀਟਿੰਗ ਲਈ ਸਮਾਂ ਮੰਗਿਆ ਸੀ ਪਰ ਸਮਾਂ ਨਹੀਂ ਦਿੱਤਾ ਗਿਆ। ਮੀਟਿੰਗ ’ਚ ਛਿੰਦਰਪਾਲ ਕੌਰ ਥਾਂਦੇਵਾਲਾ, ਗੁਰਮੀਤ ਕੌਰ ਗੋਨਿਆਣਾ, ਬਲਵੀਰ ਕੌਰ ਮਾਨਸਾ, ਦਲਜੀਤ ਕੌਰ ਬਰਨਾਲਾ, ਗੁਰਮੀਤ ਕੌਰ ਦਬੜ੍ਹੀਖਾਨਾ, ਸ਼ੀਲਾ ਦੇਵੀ ਫ਼ਿਰੋਜ਼ਪੁਰ, ਕੁਲਵੰਤ ਕੌਰ ਲੁਹਾਰਾ, ਅਤੇ ਰੀਟਾ ਰਾਣੀ ਮੌੜ ਨੇ ਵਿਚਾਰ ਰੱਖੇ।