ਪੱਤਰ ਪੇ੍ਰਕ
ਬਠਿੰਡਾ, 20 ਅਕਤੂਬਰ
ਸ਼ਹਿਰ ’ਚ ਕਰੋਨ ਦਾ ਕਹਿਰ ਜਾਰੀ ਹੈ ਅਤੇ ਹੁਣ ਸਰਦ ਰੁੱਤ ਸ਼ੁਰੂ ਹੁੰਦੇ ਹੀ ਬਠਿੰਡਾ ਵਾਸੀਆਂ ਨੂੰ ਡੇਂਗੂ ਨੇ ਵੀ ਡੰਗ ਲਿਆ ਹੈ। ਜੇਕਰ ਕੋਵਿਡ -19 ਦੇ ਮਰੀਜ਼ਾਂ ਦੀ ਗੱਲ ਕੀਤੀ ਜਾਵੇ ਤਾਂ ਜ਼ਿਲ੍ਹੇ ਅੰਦਰ ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 6700 ਦੇ ਕਰੀਬ ਪੁੱਜ ਗਈ ਹੈ। ਜਦੋਂ ਕਿ 400 ਦੇ ਕਰੀਬ ਕੇਸ ਐਕਟਿਵ ਹਨ ਅਤੇ 844 ਕੇਸ ਹੋਰ ਜ਼ਿਲਿਆਂ ਵਿਚ ਤਬਦੀਲ ਹੋ ਚੁੱਕੇ ਹਨ ਅਤੇ ਹੁਣ ਤੱਕ 134 ਕਰੋਨਾਂ ਦੇ ਮਰੀਜ਼ਾ ਦੀ ਮੌਤ ਹੋ ਚੁੱਕੀ ਹੈ।
ਇਸ ਖ਼ਤਰਨਾਕ ਰੋਗ ਦੇ ਚੱਲਦਿਆਂ ਹਾਲੇ ਸਿਹਤ ਵਿਭਾਗ ਜੱਦੋ-ਜਹਿਦ ਕਰ ਰਿਹਾ ਹੈ ਤਾਂ ਬਠਿੰਡਾ ਵਾਸੀਆਂ ਨੂੰ ਡੇਂਗੂ ਮੱਛਰ ਨੇ ਵੀ ਡੰਗ ਮਾਰਿਆ ਹੈ ਜਦੋਂ ਕਿ ਨਗਰ ਨਿਗਮ ਬਠਿੰਡਾ ਵੱਲੋਂ ਸ਼ਹਿਰ ਵਿਚ ਫੋਗਿੰਗ ਵੀ ਕਰਵਾਈ ਗਈ ਹੈ। ਸਿਹਤ ਮਹਿਕਮੇ ਤੋਂ ਮਿਲੇ ਅੰਕੜਿਆਂ ਅਨੁਸਾਰ ਜ਼ਿਲ੍ਹੇ ਅੰਦਰ 199 ਮਰੀਜ਼ ਡੇਂਗੂ ਤੋਂ ਪੀੜਤ ਹੋ ਗਏ ਹਨ ਅਤੇ ਬਠਿੰਡਾ ਸ਼ਹਿਰ ਵਿਚ ਮਰੀਜ਼ਾਂ ਦੀ ਗਿਣਤੀ 167 ਹੋ ਗਈ ਜੋ ਸ਼ਹਿਰ ਦੇ ਵੱਖ ਵੱਖ ਹਸਪਤਾਲਾਂ ਵਿਚ ਆਪਣਾ ਇਲਾਜ ਕਰਵਾ ਰਹੇ ਹਨ। ਇੱਥੇ ਹੀ ਬੱਸ ਨਹੀਂ ਮਲੇਰੀਆ ਦੇ ਮਰੀਜ਼ਾਂ ਦੀ ਗਿਣਤੀ 9 ਹੋ ਗਈ ਹੈ। ਜੇਕਰ ਸਿਹਤ ਵਿਭਾਗ ਦੀ ਗੱਲ ਕੀਤੀ ਜਾਵੇ ਤਾਂ ਬਠਿੰਡਾ ਅੰਦਰ ਇੱਕ ਦਿਨ ਵਿਚ 65 ਸਿਹਤ ਕਾਮੇ ਸੇਵਾ ਮੁਕਤ ਹੋ ਗਏ ਹਨ ਜਿਸ ਕਾਰਨ ਸਿਹਤ ਵਿਭਾਗ ’ਤੇ ਕੰਮ ਦਾ ਬੋਝ ਵੱਧ ਗਿਆ ਹੈ। ਇਸ ਸਬੰਧੀ ਸਿਵਲ ਸਰਜਨ ਬਠਿੰਡਾ ਅਮਰੀਕ ਸਿੰਘ ਸੰਧੂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਸਿਹਤ ਵਿਭਾਗ ਅੰਦਰ ਨਵੀਆਂ ਭਰਤੀਆਂ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ ਜਿਸ ਲਈ ਯੂਨੀਵਰਸਿਟੀ ਵੱਲੋਂ ਟੈਸਟ ਲਏ ਜਾ ਰਹੇ ਹਨ। ਸੀਐਮਓ ਸੰਧੂ ਨੇ ਬਠਿੰਡਾ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਗਰਮੀ ਦੇ ਸੀਜ਼ਨ ਲੰਘ ਚੁੱਕਾ ਹੈ ਅਤੇ ਹਰ ਨਾਗਰਿਕ ਆਪਣੇ ਘਰੋਂ ਦੇ ਕੂਲਰਾਂ ਅਤੇ ਫ਼ਰਿੱਜ ਅਤੇ ਏ.ਸੀ ਅਤੇ ਟਾਇਰ ਅਤੇ ਗਮਲਿਆਂ ਆਦਿ ਵਿਚ ਪਾਣੀ ਨਾ ਇਕੱਠਾ ਹੋਣ ਦਿੱਤਾ ਜਾਵੇ।