ਪੱਤਰ ਪ੍ਰੇਰਕ
ਗੋਨਿਆਣਾ ਮੰਡੀ, 1 ਫਰਵਰੀ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਅਤੇ ‘ਆਪ’ ਰਲ ਕੇ ਵਿਧਾਨ ਸਭਾ ਚੋਣਾਂ ਦੀ ਖੇਡ ਖੇਡ ਰਹੇ ਹਨ ਜਿਨ੍ਹਾਂ ਦਾ ਮਕਸਦ ਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੜ ਨੂੰ ਸਰਕਾਰ ਬਣਾਉਣ ਤੋਂ ਰੋਕਣਾ ਹੈ। ਸ੍ਰੀ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੇਲੇ ਸੂਬੇ ਦੇ ਹੋਏ ਵਿਕਾਸ ਨੂੰ ਵੇਖਦਿਆਂ ਇਸ ਵਾਰ ਅਕਾਲੀ-ਬਸਪਾ ਗੱਠਜੋੜ ਦੀ ਪੰਜਾਬ ਵਿੱਚ ਸਰਕਾਰ ਬਣੇਗੀ।
ਇਸੇ ਦੌਰਾਨ ਵਿਧਾਨ ਸਭਾ ਹਲਕਾ ਭੁੱਚੋ ਮੰਡੀ ਤੋਂ ਅਕਾਲੀ-ਬਸਪਾ ਗੱਠਜੋੜ ਦੇ ਉਮੀਦਵਾਰ ਸਾਬਕਾ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ ਦੀ ਮੁਹਿੰਮ ਨੂੰ ਉਸ ਸਮੇਂ ਵੱਡਾ ਬਲ ਮਿਲਿਆ ਜਦੋਂ ਗੋਨਿਆਣਾ ਬਲਾਕ ਦੇ ਕੋਠੇ ਮੇਹਰ ਸਿੰਘ ਵਾਲਾ, ਦਾਨ ਸਿੰਘ ਵਾਲਾ, ਪਿੰਡ ਕੋਠੇ ਬੁੱਧ ਸਿੰਘਵਾਲਾ ਦੇ ਦਰਜਨਾਂ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਇਨ੍ਹਾਂ ਵਿੱਚ ਗੁਰਸੇਵਕ ਸਿੰਘ ਸਰਪੰਚ, ਭੋਲਾ ਸਿੰਘ ਪੰਚ, ਬਲਵੀਰ ਸਿੰਘ ਪੰਚ, ਨੰਬਰਦਾਰ ਕੁਲਦੀਪ ਸਿੰਘ ਪੰਚ, ਬੇਅੰਤ ਸਿੰਘ ਪੰਚ, ਜਸਵਿੰਦਰ ਸਿੰਘ ਪੰਚ, ਭੋਲਾ ਸਿੰਘ ਫੌਜੀ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰਦੀਪ ਸਿੰਘ ਸਕੱਤਰ, ਬੱਗਾ ਸਿੰਘ ਸਾਬਕਾ ਪ੍ਰਧਾਨ ਕੋਆਪਰੇਟਿਵ ਸੁਸਾਇਟੀ, ਤੇਜਵੰਤ ਸਿੰਘ ਸਾਬਕਾ ਸਰਪੰਚ ਕੋਠੇ ਮੇਹਰ ਸਿੰਘ ਵਾਲਾ, ਛੋਟੂ ਸਿੰਘ ਅਤੇ ਸਮੂਹ ਗ੍ਰਾਮ ਪੰਚਾਇਤ ਦਾਨ ਸਿੰਘ ਵਾਲਾ ਤੇ ਪਿੰਡ ਹਰਰਾਏਪੁਰ ਦੇ ਗੁਰਨਾਮ ਸਿੰਘ, ਪੰਚ ਹਰਬੰਸ ਸਿੰਘ ਤੇ ਪਰਗਟ ਸਿੰਘ ਆਦਿ ਸ਼ਾਮਲ ਹਨ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਵਰਕਰਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਦਿਆਂ ਪੂਰਾ ਮਾਣ ਸਨਮਾਨ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਉਨ੍ਹਾਂ ਨਾਲ ਦਰਸ਼ਨ ਸਿੰਘ ਕੋਟਫੱਤਾ ਬਲਕਾਰ ਸਿੰਘ ਬਰਾੜ ਗਰਦੌਰ ਸਿੰਘ ਸੰਧੂ ਕੁਲਵਿੰਦਰ ਸਿੰਘ ਭਿੰਡਰ ਜਗਮੀਤ ਸਿੰਘ ਭੋਖੜਾ ਆਦਿ ਵੀ ਹਾਜ਼ਰ ਸਨ ।
ਕੋਟਕਪੂਰਾ (ਟ੍ਰਿਬਿਊਨ ਨਿਊਜ਼ ਸਰਵਿਸ): ਚੋਣ ਕਮਿਸ਼ਨ ਦੀ ਵੈਬਸਾਈਟ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਫ਼ਰੀਦਕੋਟ ਵਿਧਾਨ ਸਭਾ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਰੇ ਕੁਸ਼ਲਦੀਪ ਸਿੰਘ ਢਿੱਲੋਂ ਦੀ ਪਿਛਲੇ ਪੰਜ ਸਾਲਾਂ ਦਰਮਿਆਨ ਆਮਦਨ ਵਿੱਚ ਕਰੀਬ 200 ਫੀਸਦੀ ਵਾਧਾ ਹੋਇਆ ਹੈ ਜਦੋਂਕਿ ਕੋਟਕਪੂਰਾ ਵਿਧਾਨ ਸਭਾ ਹਲਕੇ ਤੋਂ ‘ਆਪ’ ਵਿਧਾਇਕ ਕੁਲਤਾਰ ਸਿੰਘ ਦੀ ਆਦਮਨ ਵਿੱਚ ਕਰੀਬ 400 ਫੀਸਦੀ ਵਾਧਾ ਹੋਇਆ ਹੈ। ਕੁਸ਼ਲਦੀਪ ਸਿੰਘ ਢਿੱਲੋਂ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਆਪਣੇ ਨਾਮਜ਼ਦੀ ਪੱਤਰ ਦਾਖਲ ਕਰਨ ਮੌਕੇ ਚੋਣ ਕਮਿਸ਼ਨ ਨੂੰ ਆਪਣੀ ਆਮਦਨ ਦੇ ਵੇਰਵੇ 7,55,458 ਰੁਪਏ ਦੱਸੇ ਸਨ ਜਦਕਿ 25 ਜਨਵਰੀ ਨੂੰ ਦਾਖਲ ਵੇਰਵਿਆਂ ਅਨੁਸਾਰ 2,28,8310 ਦੱਸੀ ਗਈ ਹੈ। ਇਸੇ ਤਰ੍ਹਾਂ ਹੀ ਕੁਲਤਾਰ ਸਿੰਘ ਸੰਧਵਾਂ ਨੇ 2017 ’ਚ ਦਾਖਲ ਕੀਤੇ ਵੇਰਵਿਆਂ ਮੁਤਾਬਕ 2,45,662 ਰੁਪਏ ਦੱਸੇ ਸਨ ਜਦੋਂਕਿ 29 ਜਨਵਰੀ ਨੂੰ ਦਾਖਲ ਕੀਤੇ ਵੇਰਵੇ ਵਿੱਚ 1,18,7275 ਰੁਪਏ ਦੱਸੇ ਹਨ। ਇਸ ਤਰ੍ਹਾਂ ਕੁਲਤਾਰ ਸਿੰਘ ਦੀ ਆਮਦਨ ਵਿੱਚ ਪਿਛਲੇ ਪੰਜ ਸਾਲ ਵਿੱਚ ਕਰੀਬ 400 ਫੀਸਦੀ ਵਾਧਾ ਹੋਇਆ ਹੈ। ਇਹ ਬਾਰੇ ਕੁਲਤਾਰ ਸਿੰਘ ਨੇ ਕਿਹਾ ਕਿ ਤਨਖਾਹ ਆਉਣ ਕਰਕੇ ਆਦਮਨ ਭਾਵੇਂ ਵਧੀ ਹੈ ਪਰ ਜਾਇਦਾਦ ਲਗਾਤਾਰ ਘਟੀ ਹੈ। ਉਨ੍ਹਾਂ ਨੇ ਸੱਚੀ-ਸੁੱਚੀ ਤੇ ਇਮਾਨਦਾਰੀ ਵਾਲੀ ਸਿਆਸਤ ਕਰਨ ਦਾ ਦਾਅਵਾ ਕੀਤਾ। ਕੁਸ਼ਲਦੀਪ ਢਿੱਲੋਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸੰਪਰਕ ਨਹੀਂ ਹੋ ਸਕਿਆ।
ਵਿਧਾਨ ਸਭਾ ਚੋਣਾਂ ਲਈ ਅਬਜ਼ਰਵਰ ਬਠਿੰਡਾ ਪੁੱਜੇ
ਬਠਿੰਡਾ (ਪੱਤਰ ਪ੍ਰੇਰਕ): ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵਿਧਾਨ ਸਭਾ ਚੋਣਾਂ-2022 ਦੇ ਮੱਦੇਨਜ਼ਰ ਜ਼ਿਲ੍ਹੇ ’ਚ 7 ਆਬਜ਼ਰਵਰ ਨਿਯੁਕਤ ਕੀਤੇ ਗਏ ਹਨ ਜੋ ਕਿ ਬਠਿੰਡਾ ਪਹੁੰਚ ਗਏ ਹਨ। ਇਨ੍ਹਾਂ ’ਚ ਤਿੰਨ ਜਨਰਲ, ਤਿੰਨ ਖ਼ਰਚਾ ਤੇ ਇਕ ਪੁਲੀਸ ਆਬਜ਼ਰਵਰ ਸ਼ਾਮਲ ਹਨ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਬਠਿੰਡਾ ਜ਼ਿਲ੍ਹੇ ਅਧੀਨ ਪੈਂਦੇ ਛੇ ਵਿਧਾਨ ਸਭਾ ਹਲਕਿਆਂ (ਰਾਮਪੁਰਾ ਫੂਲ ਤੇ ਭੁੱਚੋ ਮੰਡੀ ਲਈ ਸ਼ਿਵ ਸ਼ਾਹੇ ਅਵਾਸਤੀ (88475-47411), ਬਠਿੰਡਾ ਸ਼ਹਿਰੀ ਤੇ ਬਠਿੰਡਾ ਦਿਹਾਤੀ ਲਈ ਡਾ. ਸ਼ੈਲਜ਼ਾ ਸ਼ਰਮਾ (83606-28951) ਤੇ ਤਲਵੰਡੀ ਸਾਬੋ ਅਤੇ ਮੌੜ ਲਈ ਪਵਨ ਕੁਮਾਰ (83607-57315) ਨੂੰ ਜਨਰਲ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਹਲਕਾ ਰਾਮਪੁਰਾ ਫੂਲ ਤੇ ਭੁੱਚੋ ਮੰਡੀ ਲਈ ਮੁਨੀਸ਼ ਕੁਮਾਰ (62393-46457),ਬਠਿੰਡਾ ਸ਼ਹਿਰੀ ਤੇ ਬਠਿੰਡਾ ਦਿਹਾਤੀ ਲਈ ਧਰਮੇਂਦਰਾ ਸਿੰਘ ਪੁਨੀਆ (70098-22923) ਤੇ ਤਲਵੰਡੀ ਸਾਬੋ ਤੇ ਮੌੜ ਲਈ ਜੋਤਿਸ਼ ਮੋਹਨ (98770-64421) ਨੂੰ ਖਰਚਾ ਨਿਗਰਾਨ ਵਜੋਂ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਵਿਧਾਨ ਸਭਾ ਹਲਕਿਆਂ (ਰਾਮਪੁਰਾ ਫੂਲ, ਭੁੱਚੋ ਮੰਡੀ, ਬਠਿੰਡਾ ਸ਼ਹਿਰੀ, ਬਠਿੰਡਾ ਦਿਹਾਤੀ, ਤਲਵੰਡੀ ਸਾਬੋ ਤੇ ਮੌੜ) ਲਈ ਪਟੇਲ ਪਿਯੂਸ਼ ਪ੍ਰਸ਼ੋਤਮ ਦਾਸ (98252-39660) ਨੂੰ ਪੁਲੀਸ ਨਿਗਰਾਨ ਵਜੋਂ ਨਿਯੁਕਤ ਕੀਤਾ ਗਿਆ ਹੈ।
ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਤੇ ਆਮ ਲੋਕਾਂ ਨੂੰ ਅਪੀਲ: ਡਿਪਟੀ ਕਮਿਸ਼ਨਰ ਨੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਚੋਣਾਂ ਸਬੰਧੀ ਕੋਈ ਸ਼ਿਕਾਇਤ ਹੋਵੇ ਤਾਂ ਉਹ ਆਬਜ਼ਰਵਰਾਂ ਨਾਲ ਉਪਰੋਕਤ ਨੰਬਰਾਂ ’ਤੇ ਸੰਪਰਕ ਕਰ ਸਕਦੇ ਹਨ। ਇਸ ਤੋਂ ਇਲਾਵਾ ਜੇਕਰ ਉਹ ਨਿੱਜੀ ਤੌਰ ’ਤੇ ਮਿਲਣਾ ਚਾਹੁੰਦੇ ਹਨ ਤਾਂ ਉਹ ਪੁਲੀਸ ਤੇ ਜਨਰਲ ਅਬਜ਼ਰਵਰਾਂ ਨੂੰ ਲੇਕ ਵਿਊ ਰੈਸਟ ਹਾਊਸ ਬਠਿੰਡਾ ਅਤੇ ਖ਼ਰਚਾ ਅਬਜ਼ਰਵਰਾਂ ਨੂੰ ਐੱਨਐੱਫਐੱਲ ਰੈਸਟ ਹਾਊਸ ’ਤੇ ਰੋਜ਼ਾਨਾ ਸਵੇਰੇ 11 ਤੋਂ ਦੁਪਹਿਰ 12 ਵਜੇ ਤੱਕ ਮਿਲ ਕੇ ਚੋਣਾਂ ਸਬੰਧੀ ਸ਼ਿਕਾਇਤ ਜਾਂ ਗੱਲਬਾਤ ਸਾਂਝੀ ਕਰ ਸਕਦੇ ਹਨ।
ਭਦੌੜ (ਰਾਜਿੰਦਰ ਵਰਮਾ) ਚੋਣ ਕਮਿਸ਼ਨ ਵੱਲੋਂ ਵਿਧਾਨ ਸਭਾ ਹਲਕਾ ਭਦੌੜ ਲਈ ਆਬਜ਼ਰਵਰ ਨਿਯੁਕਤ ਕੀਤੇ ਗਏ ਹਨ। ਵੇਰਵਿਆਂ ਅਨੁਸਾਰ ਹਰੀਕੇਸ਼ ਮੀਨਾ ਨੂੰ ਜਨਰਲ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ, ਜਿਨਾਂ ਦਾ ਸੰਪਰਕ ਨੰਬਰ 70876-05162 ਹੈ। ਇਸ ਤੋਂ ਇਲਾਵਾ ਯਸ਼ਵੰਤ ਕੁਮਾਰ ਨੂੰ ਖਰਚਾ ਆਬਜ਼ਰਵਰ ਨਿਯੁਕਤ ਕੀਤਾ ਹੈ ਜਿਨਾਂ ਦਾ ਸੰਪਰਕ ਨੰਬਰ 76580-46340 ਹੈ ਤੇ ਦਫਤਰੀ ਨੰਬਰ 01679-236055 ਹੈ।