ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 14 ਮਈ
ਬਠਿੰਡਾ ਜ਼ਿਲ੍ਹੇ ’ਚ ਬੀਤੇ 24 ਘੰਟਿਆਂ ਦੌਰਾਨ ਕਰੋਨਾ ਪ੍ਰਭਾਵਿਤ 18 ਵਿਅਕਤੀਆਂ ਦੀ ਮੌਤ ਹੋ ਗਈ। 993 ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 688 ਪ੍ਰਭਾਵਿਤ ਮਰੀਜ਼ ਤੰਦਰੁਸਤ ਹੋ ਕੇ ਕੋਵਿਡ ਸੈਂਟਰਾਂ ਤੋਂ ਘਰਾਂ ਨੂੰ ਪਰਤੇ ਹਨ। ਉਂਜ ਜ਼ਿਲ੍ਹੇ ’ਚ ਹੁਣ ਤੱਕ ਕੁੱਲ 2,67,850 ਵਿਅਕਤੀਆਂ ਦੇ ਸੈਂਪਲ ਲਏ ਜਾ ਚੁੱਕੇ ਹਨ। ਇਨ੍ਹਾਂ ਵਿਚੋਂ 31,456 ਮਾਮਲੇ ਪਾਜ਼ੇਟਿਵ ਆਏ ਅਤੇ 23,379 ਪੀੜਤ ਸਿਹਤਯਾਬ ਹੋ ਕੇ ਕੋਵਿਡ ਸੈਂਟਰਾਂ ਤੋਂ ਘਰ ਚਲੇ ਗਏ। ਇਸ ਸਮੇਂ ਜ਼ਿਲ੍ਹੇ ਅੰਦਰ ਕੁੱਲ 7,485 ਕੇਸ ਐਕਟਿਵ ਹਨ ਅਤੇ ਹੁਣ ਤੱਕ 597 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।
ਸ੍ਰੀ ਮੁਕਤਸਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਜ਼ਿਲ੍ਹੇ ਵਿੱਚ ਅੱਜ ਕਰੋਨਾਵਾਇਰਸ ਕਾਰਨ 11 ਵਿਅਕਤੀਆਂ ਨੇ ਦਮ ਤੋੜ ਦਿੱਤਾ ਜਦਕਿ 403 ਨਵੇਂ ਕਰੋਨਾ ਪਾਜ਼ੇਟਿਵ ਕੇਸ ਆਏ ਹਨ। ਦੂਜੇ ਪਾਸੇ 438 ਵਿਅਕਤੀ ਠੀਕ ਹੋਏ ਹਨ। ਮਰਨ ਵਾਲਿਆਂ ਵਿੱਚ ਦੋ ਜਣੇ ਮੁਕਤਸਰ ਦੇ ਰਹਿਣ ਵਾਲੇ ਹਨ ਜਦੋਂ ਕਿ 1-1 ਜਣਾ ਗਿੱਦੜਬਾਹਾ, ਕਿਲਿਆਂਵਾਲੀ, ਖਿੜਕੀਆਂਵਾਲਾ, ਖਿਉਵਾਲੀ, ਕੋਟਭਾਈ, ਰੋੜਾਂਵਾਲਾ, ਅਬੁਲਖੁਰਾਣਾ, ਸਰਾਏਨਾਗਾ ਤੇ ਲੰਬੀ ਦੇ ਰਹਿਣ ਵਾਲਾ ਸੀ।
ਮਾਨਸਾ (ਪੱਤਰ ਪ੍ਰੇਰਕ): ਮਾਨਸਾ ਦੇ ਡਿਪਟੀ ਕਮਿਸ਼ਨਰ ਮਹਿੰਦਰ ਪਾਲ ਨੇ ਦੱਸਿਆ ਕਿ ਜ਼ਿਲ੍ਹੇ ਨਾਲ ਸਬੰਧਤ 3 ਵਿਅਕਤੀਆਂ ਦੀ ਕਰੋਨਾ ਕਾਰਨ ਮੌਤ ਹੋ ਗਈ। ਇੰਜ ਹੀ 258 ਨਵੇਂ ਪਾਜ਼ੇਟਿਵ ਕੇਸ ਮਿਲੇ ਹਨ।
ਫਾਜ਼ਿਲਕਾ (ਨਿੱਜੀ ਪੱਤਰ ਪ੍ਰੇਰਕ): ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਹਰੀਸ਼ ਨਾਇਰ ਨੇ ਦੱਸਿਆ ਕਿ ਪਿੱਛਲੇ 24 ਘੰਟਿਆਂ ਵਿੱਚ ਫਾਜ਼ਿਲਕਾ ਜ਼ਿਲ੍ਹੇ ਵਿਚ 268 ਲੋਕਾਂ ਨੇ ਕੋਵਿਡ ਖਿਲਾਫ ਜੰਗ ਜਿੱਤ ਕੇ ਸਿਹਤਯਾਬੀ ਹਾਸਲ ਕੀਤੀ ਹੈ। ਇਸੇ ਦੌਰਾਨ ਕੋਵਿਡ ਦੇ 449 ਨਵੇਂ ਮਾਮਲੇ ਸਾਹਮਣੇ ਆਏ ਹਨ।
ਬਰਨਾਲਾ (ਨਿੱਜੀ ਪੱਤਰ ਪ੍ਰੇਰਕ): ਧਨੌਲਾ ਵਿੱਚ ਮੰਜੂਬਾਲਾ (63) ਨਾਮ ਦੀ ਔਰਤ ਦੀ ਕਰੋਨਾ ਕਾਰਨ ਮੌਤ ਹੋ ਗਈ। ਇਸ ਸਬੰਧੀ ਵਰਿੰਦਰ ਦੁੱਗਲ ਕਾਕਾ ਤੇ ਕੁਸਲ ਦੁੱਗਲ ਬਾਵਾ ਨੇ ਦੱਸਿਆ ਕਿ 11 ਮਈ ਨੂੰ ਉਨ੍ਹਾਂ ਦੀ ਮਾਤਾ ਦੀ ਮਾਮੂਲੀ ਸਿਹਤ ਖਰਾਬ ਹੋਣ ’ਤੇ ਬਰਨਾਲਾ ਦੇ ਜ਼ਿਲ੍ਹਾ ਸਰਕਾਰੀ ਹਸਪਤਾਲ ’ਚ ਦਿਖਾਇਆ ਸੀ ਤਾਂ ਡਾਕਟਰਾਂ ਨੇ ਕੋਵਿਡ ਕੇਅਰ ਸੈਂਟਰ ਮਹਿਲ ਕਲਾਂ ’ਚ ਦਾਖਿਲ ਕਰ ਦਿੱਤਾ ਜਿੱਥੇ ਬੀਤੀ ਰਾਤ ਵੀਰਵਾਰ ਦੀ ਰਾਤ ਨੂੰ ਮੌਤ ਹੋ ਗਈ। ਧਨੌਲਾ ਸਹਿਰ ਦੇ ਪਤਵੰਤੇ ਵਿਆਕਤੀਆਂ ਨੇ ਪੰਜਾਬ ਸਰਕਾਰ ਕੋਲੋਂ ਪਰਿਵਾਰ ਦੀ ਮਾਲੀ ਸਹਾਇਤਾ ਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ।
ਸ਼ਹਿਣਾ (ਪੱਤਰ ਪ੍ਰੇਰਕ): ਕਸਬੇ ’ਚ ਤਿੰਨ ਮਰੀਜ਼ ਕਰੋਨਾ ਪਾਜ਼ੇਟਿਵ ਪਾਏ ਗਏ ਹਨ। ਸਿਹਤ ਵਿਭਾਗ ਨੇ ਉਨ੍ਹਾਂ ਨੂੰ ਘਰਾਂ ਵਿੱਚ ਹੀ ਇਕਾਂਤਵਾਸ ਕਰ ਦਿੱਤਾ ਹੈ।
ਤਲਵੰਡੀ ਸਾਬੋ ਦਾ ਬੀਡੀਪੀਓ ਦਫਤਰ 19 ਮਈ ਤੱਕ ਬੰਦ
ਤਲਵੰਡੀ ਸਾਬੋ (ਪੱਤਰ ਪ੍ਰੇਰਕ): ਸਿਹਤ ਵਿਭਾਗ ਵੱਲੋਂ ਸਥਾਨਕ ਬੀਪੀਡੀਓ ਦਫਤਰ ਨਾਲ ਸਬੰਧਤ ਮੁਲਾਜ਼ਮਾਂ ਦੇ ਪਿਛਲੀ ਦਿਨੀਂ ਕੋਵਿਡ 19 ਦੀ ਜਾਂਚ ਲਈ ਨਮੂਨੇ ਲਏ ਗਏ ਸਨ। ਇਨ੍ਹਾਂ ਵਿੱਚੋਂ ਪੰਜ ਮੁਲਾਜ਼ਮਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ ਜਿਸ ਕਰਕੇ ਉਕਤ ਦਫਤਰ 19 ਮਈ ਤੱਕ ਬੰਦ ਕਰ ਦਿੱਤਾ ਹੈ। ਇਸ ਦੀ ਪੁਸ਼ਟੀ ਬੀਡੀਪੀਓ ਰਾਜਾ ਸਿੰਘ ਨੇ ਕੀਤੀ।
ਕਰੋਨਾ ਮਰੀਜ਼ਾਂ ਲਈ ਲੰਗਰ ਸੇਵਾ ਸ਼ੁਰੂ
ਸ੍ਰੀ ਮੁਕਤਸਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਮੁਕਤਸਰ ਦੀਆਂ ਤਿੰਨ ਧਾਰਮਿਕ ਸੰਸਥਾਵਾਂ ਜੈ ਬਾਬਾ ਖੇਤਰਪਾਲ ਮੰਦਰ ਪੁਰਾਣੀ ਦਾਣਾ ਮੰਡੀ, ਰਘੂਨਾਥ ਮੰਦਰ ਅਤੇ ਬਾਬਾ ਕਾਂਸ਼ੀ ਪ੍ਰਸ਼ਾਦ ਸ਼ਿਵ ਮੰਦਰ ਵੱਲੋਂ ਕਰੋਨਾ ਮਰੀਜ਼ਾਂ ਲਈ ਲੰਗਰ ਸੇਵਾ ਸ਼ੁਰੂ ਕੀਤੀ ਹੈ। ਦੀਪਕ ਗਰਗ ਨੇ ਦੱਸਿਆ ਕਿ ਕੋਈ ਵੀ ਜ਼ਰੂਰਤਮੰਦ ਵਟਸਅਲ ਨੰਬਰ 98765-71149, 90416-23073, 88472-15830 ਰਾਹੀਂ ਮੈਸੇਜ ਕਰਕੇ ਲੰਗਰ ਹਾਸਲ ਕਰ ਸਕਦਾ ਹੈ।