ਪੱਤਰ ਪ੍ਰੇਰਕ
ਅੰਮ੍ਰਿਤਸਰ, 6 ਅਕਤੂਬਰ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿਚ ਅੱਜ ਯੁਵਕ ਮੇਲੇ ਦੀ ਸ਼ੁਰੂਆਤ ਹੋ ਗਈ। ਇਸ ਵਿੱਚ ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ, ਪਠਾਨਕੋਟ, ਕਪੂਰਥਲਾ, ਜਲੰਧਰ ਆਦਿ ਕਾਲਜਾਂ ਦੇ ਕਲਾਕਾਰ ਵਿਦਿਆਰਥੀ ਭਾਗ ਲੈ ਰਹੇ ਹਨ। ਐਜੂਕੇਸ਼ਨ ਕਾਲਜਾਂ ਦੇ ਜ਼ੋਨਲ ਯੁਵਕ ਮੇਲੇ ਦੇ ਉਦਘਾਟਨ ਮੌਕੇ ਯੁਵਕ ਮੇਲਿਆਂ ਦੀ ਵਿਦਿਆਰਥੀਆਂ ਦੇ ਜੀਵਨ ਵਿਚ ਮਹੱਤਤਾ ਬਾਰੇ ਯੁਵਕ ਮਾਮਲਿਆਂ ਦੇ ਇੰਚਾਰਜ ਪ੍ਰੋ. ਅਨੀਸ਼ ਦੂਆ ਨੇ ਬਾਖੂਬੀ ਦੱਸਿਆ। ਦਸਮੇਸ਼ ਆਡੀਟੋਰੀਅਮ ਦੀ ਸਟੇਜ ’ਤੇ ਯੁਵਕ ਮੇਲੇ ਦੀ ਸ਼ੁਰੂਆਤ ਪੁਰਾਤਨ ਸਿੱਖ ਸਾਜ਼ ਜੋੜੀ ਦੀ ਗੰਭੀਰ ਤਾਲਆਤਮਕ ਲੈਅ ਵਿਚ ਸ਼ੁਰੂ ਹੋਏ ਸਮੂਹ ਸ਼ਬਦ/ਭਜਨ ਗਾਇਨ ਨਾਲ ਹੋਈ। ਸਮੂਹ ਗੀਤ (ਭਾਰਤੀ) ਅਤੇ ਗਿੱਧੇ ਦੇ ਮੁਕਾਬਲੇ ਹੋਏ। ਗੁਰੂ ਨਾਨਕ ਭਵਨ ਆਡੀਟੋਰੀਅਮ ਵਿਚ ਗੀਤ/ਗਜ਼ਲ ਤੇ ਲੋਕ ਗੀਤ ਅਤੇ ਆਰਕੀਟੈਕਚਰ ਸਟੇਜ ’ਤੇ ਪੇਂਟਿੰਗ ਆਨ ਦੀ ਸਪਾਟ, ਕਾਰਟੂਨਿੰਗ, ਕੋਲਾਜ, ਸਕੈਚਿੰਗ, ਪੋਸਟਰ ਮੇਕਿੰਗ, ਕਲੇਅ ਮਾਡਲਿੰਗ, ਸਲੋਗਨ ਰਾਈਟਿੰਗ, ਪੇਂਟਿੰਗ ਸਟਿਲ ਲਾਈਫ ਅਤੇ ਕਾਨਫਰੰਸ ਹਾਲ ਵਿਚ ਕੁਇਜ਼ ਕਰਵਾਏ ਗਏ।